ਪੰਜਾਬੀ ਕਲਾਕਾਰਾਂ ਨੇ ਵੀ ਕੀਤੀ ਧਰਨੇ ’ਚ ਸ਼ਮੂਲੀਅਤ
Saturday, Oct 10, 2020 - 09:16 AM (IST)
ਲਾਲੜੂ (ਗੁਰਪ੍ਰੀਤ)- ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਜਿਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਲਾਲੜੂ ਰੇਲਵੇ ਸਟੇਸ਼ਨ ਦੇ ਰੇਲ ਰੋਕੋ ਅੰਦੋਲਨ ਤੇ ਰੇਲਵੇ ਦਾ ਚੱਕਾ ਜਾਮ ਕਰ ਰੇਲਵੇ ਲਾਈਨਾਂ ’ਤੇ ਤੰਬੂ ਲੱਗਾ ਕੇ ਪਿਛਲੇ 9 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਹਨ, ਉਥੇ ਇਸ ਮੌਕੇ ਕਿਸਾਨਾਂ ਦੇ ਧਰਨੇ ’ਚ ਪੰਜਾਬੀ ਕਲਾਕਾਰ ਜਸ ਬਾਜਵਾ, ਹਰਜੋਤ ਆਦਿ ਵੀ ਸ਼ਾਮਿਲ ਹੋਏ। ਧਰਨੇ ’ਚ ਕਾਂਗਰਸ, ਸ੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਕਈ ਆਗੂ ਆਪਣੇ-ਆਪਣੇ ਸਮਰਥਕਾਂ ਨਾਲ ਵੀ ਸ਼ਾਮਿਲ ਹੋਏ। ਇਸ ਤੋਂ ਬਾਅਦ ਕਿਸਾਨਾਂ ਨੇ ਦੱਪਰ ਟੋਲ ਪਲਾਜ਼ਾ ’ਤੇ ਵੀ ਧਰਨਾ ਦਿੱਤਾ ਅਤੇ ਕਰੀਬ ਅੱਧੇ ਘੰਟੇ ਤੱਕ ਟੋਲ ਨਾਕਾ ਖੋਲ੍ਹ ਕੇ ਰੱਖਿਆ ਅਤੇ ਵਾਹਨਾਂ ਨੂੰ ਬਿਨਾਂ ਕੋਈ ਟੋਲ ਪਰਚੀ ਦਿੱਤਿਆਂ ਲੰਘਾਇਆ ਗਿਆ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅਦਾਕਾਰ ਜਸ ਬਾਜਵਾ ਨੇ ਕਿਹਾ ਕਿ ਲੜਾਈ ਲੰਬੀ ਹੈ ਪਰ ਹੁਣ ਸੂਬੇ ਦਾ ਨੌਜਵਾਨ ਵੀ ਬਜੁਰਗ ਕਿਸਾਨਾਂ ਨਾਲ ਉਨ੍ਹਾਂ ਦੇ ਸੰਘਰਸ਼ ’ਚ ਕੁੱਦ ਪਿਆ ਹੈ। ਪੰਜਾਬ ਦੇ ਕਿਸਾਨ-ਮਜ਼ਦੂਰ ਨੂੰ ਕਿਸੇ ਵੀ ਕੀਮਤ ’ਤੇ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਇਸ ਲੜਾਈ ’ਚ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਪਸ ’ਚ ਇਕਜੁੱਟ ਰਹੇ ਤਾਂ ਇਨ੍ਹਾਂ ਦੇ ਨੱਕ ਵਿੱਚ ਦਮ ਕਰਕੇ ਰੱਖਾਂਗੇ। ਜਸ ਬਾਜਵਾ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਇਸ ਤੋਂ ਪਹਿਲਾਂ ਕਿਸਾਨਾਂ ਨੇ ਸਥਾਨਕ ਬਾਜ਼ਾਰ ’ਚ ਕਾਲੇ ਝੰਡੇ ਲੈ ਕੇ ਭਾਜਪਾ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ।