ਸੈਫ ''ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਦਾ ਪਹਿਲਾ ਬਿਆਨ ਆਇਆ ਸਾਹਮਣੇ
Thursday, Jan 16, 2025 - 10:23 PM (IST)
ਮੁੰਬਈ - ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ 'ਤੇ ਬੀਤੀ ਰਾਤ ਹੋਏ ਹਮਲੇ ਤੋਂ ਹਰ ਕੋਈ ਚਿੰਤਤ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਸੈਫ ਦੀ ਪਤਨੀ ਅਤੇ ਅਦਾਕਾਰਾ ਕਰੀਨਾ ਕਪੂਰ ਖਾਨ ਦਾ ਹਮਲੇ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਸਾਰਿਆਂ ਦਾ ਦੁਆਵਾਂ ਲਈ ਧੰਨਵਾਦ ਕੀਤਾ ਹੈ। ਕਰੀਨਾ ਨੇ ਲੋਕਾਂ ਨੂੰ ਧੀਰਜ ਰੱਖਣ ਅਤੇ ਸਦਮੇ ਤੋਂ ਉਭਰਨ ਲਈ ਆਪਣੇ ਪਰਿਵਾਰ ਨੂੰ ਸਮਾਂ ਦੇਣ ਲਈ ਕਿਹਾ ਹੈ।
ਸੈਫ ਅਲੀ ਖਾਨ 'ਤੇ ਹੋਏ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਰ ਰਾਤ ਇੱਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਘਰ ਦਾਖਲ ਹੋਇਆ, ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਫਿਰ ਉਥੋਂ ਭੱਜ ਗਿਆ। ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੈ ਅਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਸੈਫ ਦੇ ਘਰ ਦੇ ਸਟਾਫ ਨੇ ਇਸ ਮਾਮਲੇ ਨੂੰ ਲੈ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਦੋ ਪੰਨਿਆਂ ਦੀ ਐਫ.ਆਈ.ਆਰ. ਦਰਜ ਕੀਤੀ ਹੈ।
ਕੀ ਕਿਹਾ ਕਰੀਨਾ ਨੇ?
ਕਰੀਨਾ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਇਕ ਲੰਬੀ ਪੋਸਟ ਲਿਖੀ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਹੀ ਪਰੇਸ਼ਾਨੀ ਵਾਲਾ ਸੀ। ਅਸੀਂ ਅਜੇ ਵੀ ਸਦਮੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਰੀਨਾ ਨੇ ਅੱਗੇ ਮੀਡੀਆ, ਪਾਪਰਾਜ਼ੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਕਿਆਸਅਰਾਈਆਂ ਕਰਨ ਤੋਂ ਵਰਜਿਆ ਹੈ। ਉਨ੍ਹਾਂ ਲਿਖਿਆ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਕਿਸੇ ਤਰ੍ਹਾਂ ਦੀਆਂ ਅਟਕਲਾਂ ਨਾ ਲਗਾਓ ਅਤੇ ਲਗਾਤਾਰ ਕਵਰੇਜ ਨਾ ਕਰੋ।
ਕਰੀਨਾ ਨੇ ਕੀਤੀ ਬੇਨਤੀ
ਕਰੀਨਾ ਨੇ ਅੱਗੇ ਲਿਖਿਆ ਕਿ 24 ਘੰਟੇ ਕਵਰੇਜ ਨਾ ਕਰੋ ਅਤੇ ਇਸ ਸਮੇਂ ਸਾਨੂੰ ਇਕੱਲੇ ਛੱਡ ਦਿਓ ਤਾਂ ਕਿ ਅਸੀਂ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਅਸੀਂ ਤੁਹਾਡੇ ਸਮਰਥਨ ਅਤੇ ਚਿੰਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਪਰ ਲਗਾਤਾਰ ਖਬਰਾਂ ਅਤੇ ਜਾਂਚ ਦੇ ਕਾਰਨ, ਸਾਨੂੰ ਅਤੇ ਸਾਡੇ ਪਰਿਵਾਰ ਨੂੰ ਨਾ ਸਿਰਫ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਇਹ ਸਾਡੇ ਪਰਿਵਾਰ ਦੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾ ਰਿਹਾ ਹੈ। ਕਰੀਨਾ ਨੇ ਅੱਗੇ ਕਿਹਾ ਕਿ ਮੈਂ ਬੇਨਤੀ ਕਰਦੀ ਹਾਂ ਕਿ ਸਾਡੀਆਂ ਸੀਮਾਵਾਂ ਦਾ ਸਨਮਾਨ ਕੀਤਾ ਜਾਵੇ ਅਤੇ ਪਰਿਵਾਰਕ ਸਪੇਸ ਦਿੱਤੀ ਜਾਵੇ ਤਾਂ ਜੋ ਅਸੀਂ ਇਸ ਹਾਦਸੇ ਤੋਂ ਉਭਰ ਸਕੀਏ।