ਕਪਿਲ ਸ਼ਰਮਾ ਸ਼ੋਅ ਦੇ ਅਦਾਕਾਰ ਦਾ ਖ਼ੁਲਾਸਾ, ਕੈਂਸਰ ਤੋਂ ਨੇ ਪੀੜਤ, ਗਲਤ ਇਲਾਜ ਨੇ ਵਿਗਾੜੀ ਹਾਲਤ
Sunday, Jul 16, 2023 - 12:44 PM (IST)
ਮੁੰਬਈ (ਬਿਊਰੋ)– ਪਰਦੇ ’ਤੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਹਸਾਉਣ ਵਾਲੇ ਚਿਹਰੇ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ। ‘ਦਿ ਕਪਿਲ ਸ਼ਰਮਾ ਸ਼ੋਅ’ ਫੇਮ ਅਤੁਲ ਪਰਚੁਰੇ ਨੂੰ ਲੈ ਕੇ ਵੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਆਪਣੇ ਚੁਟਕਲਿਆਂ ਨਾਲ ਸਾਡੇ ਸਾਰਿਆਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਵਾਲੇ ਅਤੁਲ ਕੈਂਸਰ ਤੋਂ ਪੀੜਤ ਹਨ। ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਨੇ ਖ਼ੁਦ ਇਕ ਇੰਟਰਵਿਊ ਦੌਰਾਨ ਕੀਤਾ ਹੈ।
ਇਕ ਇੰਟਰਵਿਊ ’ਚ ਅਤੁਲ ਨੇ ਆਪਣੀ ਬੀਮਾਰੀ ਨਾਲ ਜੁੜੀ ਇਕ ਦੁਖਦਾਈ ਕਹਾਣੀ ਸਾਂਝੀ ਕੀਤੀ। ਉਹ ਕਹਿੰਦੇ ਹਨ, ‘‘ਮੇਰੇ ਵਿਆਹ ਨੂੰ 25 ਸਾਲ ਹੋ ਗਏ ਸਨ। ਜਦੋਂ ਅਸੀਂ ਆਸਟਰੇਲੀਆ ਤੇ ਨਿਊਜ਼ੀਲੈਂਡ ’ਚ ਸੀ, ਉਦੋਂ ਸਭ ਠੀਕ ਸੀ ਪਰ ਕੁਝ ਦਿਨਾਂ ਬਾਅਦ ਮੈਨੂੰ ਖਾਣ ’ਚ ਮੁਸ਼ਕਿਲ ਆ ਰਹੀ ਸੀ। ਮੈਨੂੰ ਅਹਿਸਾਸ ਹੋਇਆ ਕਿ ਕੁਝ ਗਲਤ ਹੈ। ਤਬੀਅਤ ਖ਼ਰਾਬ ਹੋਣ ’ਤੇ ਭਰਾ ਨੇ ਦਵਾਈ ਲੈ ਕੇ ਦਿੱਤੀ ਪਰ ਉਸ ਦਾ ਕੋਈ ਫ਼ਾਇਦਾ ਨਹੀਂ ਹੋਇਆ।’’
ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ, 1.71 ਲੱਖ ਲੇਖਕਾਂ-ਅਦਾਕਾਰਾਂ ਨੇ ਕੀਤਾ ਕੰਮ ਬੰਦ, ਜਾਣੋ ਕੀ ਹੈ ਵਜ੍ਹਾ
ਉਨ੍ਹਾਂ ਅੱਗੇ ਕਿਹਾ, ‘‘ਮੈਂ ਕਈ ਡਾਕਟਰਾਂ ਕੋਲ ਗਿਆ। ਇਸ ਤੋਂ ਬਾਅਦ ਮੈਂ ਅਲਟਰਾਸੋਨੋਗ੍ਰਾਫੀ ਕਰਵਾਈ। ਇਸ ਦੌਰਾਨ ਮੈਂ ਡਾਕਟਰਾਂ ਦੀਆਂ ਅੱਖਾਂ ’ਚ ਡਰ ਦੇਖਿਆ। ਉਦੋਂ ਮੈਨੂੰ ਲੱਗਾ ਕਿ ਕੁਝ ਠੀਕ ਨਹੀਂ ਸੀ। ਫਿਰ ਮੈਨੂੰ ਪਤਾ ਲੱਗਾ ਕਿ ਮੇਰੇ ਜਿਗਰ ’ਚ 5 ਸੈਂਟੀਮੀਟਰ ਲੰਬਾ ਟਿਊਮਰ ਹੈ ਤੇ ਇਹ ਕੈਂਸਰ ਹੈ। ਮੈਂ ਡਾਕਟਰਾਂ ਨੂੰ ਪੁੱਛਿਆ ਕਿ ਮੈਂ ਠੀਕ ਹੋਵਾਂਗਾ ਜਾਂ ਨਹੀਂ? ਡਾਕਟਰਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ’ਚ ਸਭ ਕੁਝ ਠੀਕ ਹੋ ਜਾਵੇਗਾ ਪਰ ਇਲਾਜ ਦਾ ਮੇਰੇ ’ਤੇ ਉਲਟ ਅਸਰ ਹੋਇਆ ਤੇ ਮੇਰੀ ਹਾਲਤ ਪਹਿਲਾਂ ਨਾਲੋਂ ਜ਼ਿਆਦਾ ਵਿਗੜ ਗਈ। ਸਰਜਰੀ ’ਚ ਵੀ ਦੇਰੀ ਹੋਈ।’’
ਅਤੁਲ ਕਹਿੰਦੇ ਹਨ, ‘‘ਬੀਮਾਰੀ ਦਾ ਸਹੀ ਸਮੇਂ ’ਤੇ ਪਤਾ ਲੱਗ ਗਿਆ ਸੀ ਪਰ ਇਲਾਜ ਦੀ ਪਹਿਲੀ ਵਿਧੀ ਗਲਤ ਹੋ ਗਈ। ਮੇਰਾ ਪੈਨਕ੍ਰੀਅਸ ਇਸ ਨਾਲ ਪ੍ਰਭਾਵਿਤ ਹੋਇਆ ਸੀ, ਜਿਸ ਕਾਰਨ ਦਰਦ ਵੀ ਵਧ ਗਿਆ ਸੀ। ਸਹੀ ਇਲਾਜ ਨਾ ਹੋਣ ਕਾਰਨ ਮੇਰੀ ਹਾਲਤ ਵਿਗੜ ਗਈ ਸੀ। ਮੇਰੇ ਨਾਲ ਸਹੀ ਢੰਗ ਨਾਲ ਗੱਲ ਨਹੀਂ ਕੀਤੀ ਗਈ। ਗੱਲ ਕਰਦੇ ਸਮੇਂ ਜ਼ੁਬਾਨ ਲਟਕ ਜਾਂਦੀ ਸੀ। ਡਾਕਟਰਾਂ ਨੇ ਕਿਹਾ ਕਿ ਇਸ ਹਾਲਤ ’ਚ ਮੈਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ। ਜੇਕਰ ਹੁਣ ਸਰਜਰੀ ਕਰਵਾਈ ਜਾਵੇ ਤਾਂ ਪੀਲੀਆ ਹੋਣ ਦਾ ਡਰ ਰਹਿੰਦਾ ਹੈ। ਮੇਰੇ ਜਿਗਰ ’ਚ ਪਾਣੀ ਭਰਨ ਕਾਰਨ ਮੇਰੀ ਮੌਤ ਵੀ ਹੋ ਸਕਦੀ ਹੈ। ਉਸ ਤੋਂ ਬਾਅਦ ਮੈਂ ਡਾਕਟਰ ਬਦਲਿਆ ਤੇ ਆਪਣਾ ਠੀਕ ਢੰਗ ਨਾਲ ਇਲਾਜ ਕਰਵਾਇਆ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।