ਕੰਗਨਾ ਰਣੌਤ ਨੂੰ ਵੱਡਾ ਝਟਕਾ, ‘ਤੇਜਸ’ ਫ਼ਿਲਮ ਦੀ ਇਕ ਵੀ ਟਿਕਟ ਨਹੀਂ ਵਿਕੀ, ਸ਼ੋਅ ਹੋਏ ਰੱਦ
Tuesday, Oct 31, 2023 - 02:16 PM (IST)
ਮੁੰਬਈ (ਬਿਊਰੋ)– ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ 27 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਫ਼ਿਲਮ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ’ਤੇ ਸੰਘਰਸ਼ ਕਰ ਰਹੀ ਹੈ। ਕੰਗਨਾ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ’ਚ ਨਾਕਾਮ ਰਹੀ ਹੈ। ਇਹੀ ਕਾਰਨ ਹੈ ਕਿ ਫ਼ਿਲਮਾਂ ਦੀਆਂ ਟਿਕਟਾਂ ਵੇਚਣ ’ਚ ਦਿੱਕਤ ਆ ਰਹੀ ਹੈ ਤੇ ਥੀਏਟਰ ਮਾਲਕਾਂ ਨੂੰ ਫ਼ਿਲਮ ਦੇ ਸ਼ੋਅ ਰੱਦ ਕਰਨੇ ਪੈ ਰਹੇ ਹਨ। ਵੀਕੈਂਡ ’ਤੇ ਵੀ ਫ਼ਿਲਮ ਨੂੰ ਲੈ ਕੇ ਕੋਈ ਕ੍ਰੇਜ਼ ਨਹੀਂ ਹੈ।
‘ਤੇਜਸ’ ਦੇਖਣ ਆਏ 10-12 ਲੋਕ
ਬਾਲੀਵੁੱਡ ਹੰਗਾਮਾ ਨੇ ਕਈ ਸੂਬਿਆਂ ਦੇ ਥੀਏਟਰ ਮਾਲਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਜਿਸ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਲੋਕ ਕੰਗਨਾ ਦੀ ‘ਤੇਜਸ’ ਦੇਖਣ ਨਹੀਂ ਆਏ ਸਨ। ਇਕ ਥੀਏਟਰ ਮਾਲਕ ਦਾ ਕਹਿਣਾ ਹੈ ਕਿ ਐਤਵਾਰ ਨੂੰ ‘ਤੇਜਸ’ ਦਾ ਸ਼ੋਅ ਦੇਖਣ ਲਈ 10 ਤੋਂ 12 ਲੋਕ ਹੀ ਉਨ੍ਹਾਂ ਦੇ ਥੀਏਟਰ ’ਚ ਆਏ ਸਨ। ਜਿਸ ਕਾਰਨ ਉਨ੍ਹਾਂ ਨੂੰ ਸੋਮਵਾਰ ਨੂੰ ‘ਤੇਜਸ’ ਦੇ 50 ਫ਼ੀਸਦੀ ਸ਼ੋਅ ਰੱਦ ਕਰਨੇ ਪਏ। ਕੰਗਨਾ ਦੀ ਫ਼ਿਲਮ ਬਾਰੇ ਉਨ੍ਹਾਂ ਕਿਹਾ ਕਿ ਫ਼ਿਲਮ ਬਾਰੇ ਜੋ ਵੀ ਕਿਹਾ ਜਾ ਰਿਹਾ ਹੈ, ਇਹ ਫ਼ਿਲਮ ਓਨੀ ਮਾੜੀ ਨਹੀਂ ਹੈ। ਫ਼ਿਲਮ ਦੇ VFX ’ਚ ਥੋੜ੍ਹੀ ਜਿਹੀ ਕਮੀ ਹੈ।
ਬਿਹਾਰ ਦੇ ਰੂਪਬਨੀ ਸਿਨੇਮਾ ਦੇ ਮਾਲਕ ਵਿਸ਼ੇਕ ਚੌਹਾਨ ਨੇ ਇਸ ਫ਼ਿਲਮ ਨੂੰ ਡਿਜ਼ਾਸਟਰ ਫ਼ਿਲਮ ਕਿਹਾ ਹੈ। ਉਸ ਦਾ ਕਹਿਣਾ ਹੈ ਕਿ 2023 ’ਚ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਫ਼ਿਲਮ ਦਾ ਸ਼ੋਅ ਰੱਦ ਕਰਨਾ ਪਿਆ ਸੀ। ਇਸ ਫ਼ਿਲਮ ਦੀ ਇਕ ਵੀ ਟਿਕਟ ਨਹੀਂ ਵਿਕ ਸਕੀ, ਜਿਸ ਕਾਰਨ ਸ਼ੋਅ ਨੂੰ ਰੱਦ ਕਰਨਾ ਪਿਆ। ਵਿਸ਼ੇਕ ਨੇ ਕਿਹਾ ਕਿ ‘ਤੇਜਸ’ ਇਕ ਡਿਜ਼ਾਸਟਰ ਫ਼ਿਲਮ ਹੈ, ਜਿਸ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਟਿਕਟਾਂ ਦੀ ਵਿਕਰੀ ਨਾ ਹੋਣ ਕਾਰਨ ਉਨ੍ਹਾਂ ਨੇ ਆਪਣੇ ਥੀਏਟਰ ’ਚ ਇਸ ਫ਼ਿਲਮ ਦੇ ਸਵੇਰ ਦੇ ਸ਼ੋਅ ਨੂੰ ਰੱਦ ਕਰ ਦਿੱਤਾ ਸੀ। ਸਵੇਰ ਤੋਂ ਇਲਾਵਾ ਬਾਕੀ ਸ਼ੋਅ ਦੇਖਣ ਲਈ 20 ਤੋਂ 30 ਲੋਕ ਹੀ ਆਏ ਸਨ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਸੰਜੇ ਦੱਤ ਸਣੇ ਬੁਰੇ ਫਸੇ 40 ਕਲਾਕਾਰ, FIR ਦਰਜ, ਜਾਣੋ ਪੂਰਾ ਮਾਮਲਾ
ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਦੀ ਇਹ ਫ਼ਿਲਮ 60 ਕਰੋੜ ਰੁਪਏ ਦੇ ਬਜਟ ਨਾਲ ਬਣੀ ਹੈ ਪਰ ਫ਼ਿਲਮ ਤਿੰਨ ਦਿਨਾਂ ’ਚ 4 ਕਰੋੜ ਰੁਪਏ ਵੀ ਨਹੀਂ ਕਮਾ ਸਕੀ। ਕੰਗਨਾ ਰਣੌਤ ਵੀ ਇਸ ਗੱਲ ਤੋਂ ਕਾਫ਼ੀ ਨਾਰਾਜ਼ ਹੈ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਫ਼ਿਲਮ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਹੈ। ਇਹ ਜਾਣਕਾਰੀ ਉਨ੍ਹਾਂ ਨੇ ਟਵਿਟਰ ’ਤੇ ਦਿੱਤੀ ਹੈ। 31 ਅਕਤੂਬਰ ਨੂੰ ਲੋਕ ਭਵਨ ਵਿਖੇ ‘ਤੇਜਸ’ ਦੀ ਸਕ੍ਰੀਨਿੰਗ ਹੋਵੇਗੀ। ਆਦਿਤਿਆਨਾਥ ਆਪਣੇ ਮੰਤਰੀ ਮੰਡਲ ਦੇ ਮਾਣਯੋਗ ਮੈਂਬਰਾਂ ਨਾਲ ਫ਼ਿਲਮ ਦੇਖਣਗੇ।
ਵਿਰੋਧ ਕਰਨ ਵਾਲਿਆਂ ’ਤੇ ਭੜਕੀ ਕੰਗਨਾ
ਕੰਗਨਾ ਦੀ ਫ਼ਿਲਮ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਜਿਸ ’ਤੇ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਚਿੰਤਾ ਜਤਾਈ ਸੀ। ਪ੍ਰਸ਼ੰਸਕ ਦੇ ਟਵੀਟ ਦਾ ਜਵਾਬ ਦਿੰਦਿਆਂ ਕੰਗਨਾ ਨੇ ਉਨ੍ਹਾਂ ਦੀ ਫ਼ਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਝਿੜਕਿਆ।
ਕੰਗਨਾ ਨੇ ਲਿਖਿਆ, ‘‘ਉਹ ਸਾਰੇ ਲੋਕ ਜੋ ਮੇਰਾ ਬੁਰਾ ਚਾਹੁੰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਦੁੱਖਾਂ ਨਾਲ ਭਰੀ ਰਹੇਗੀ ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਭਰ ਹਰ ਰੋਜ਼ ਮੇਰਾ ਮਾਣ ਦੇਖਣਾ ਹੋਵੇਗਾ। ਜਦੋਂ ਤੋਂ ਮੈਂ 15 ਸਾਲ ਦੀ ਉਮਰ ’ਚ ਆਪਣਾ ਘਰ ਛੱਡਿਆ, ਮੈਂ ਲਗਾਤਾਰ ਆਪਣੀ ਕਿਸਮਤ ਨੂੰ ਆਕਾਰ ਦੇ ਰਹੀ ਹਾਂ। ਇਹ ਇਸ ਗੱਲ ਦਾ ਸਬੂਤ ਹੈ ਕਿ ਮੈਨੂੰ ਮਹਿਲਾ ਸਸ਼ਕਤੀਕਰਨ ਤੇ ਮੇਰੇ ਦੇਸ਼ ਭਾਰਤ ਲਈ ਮਹੱਤਵਪੂਰਨ ਕੰਮ ਕਰਨ ਲਈ ਬਣਾਇਆ ਗਿਆ ਹੈ। ਹੁਣ ਉਨ੍ਹਾਂ ਦੀ ਆਪਣੀ ਮਾਨਸਿਕ ਸਿਹਤ ਲਈ ਮੈਂ ਉਨ੍ਹਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੇਰੇ ਫੈਨ ਕਲੱਬਾਂ ’ਚ ਸ਼ਾਮਲ ਹੋਣ, ਇਸ ਤਰ੍ਹਾਂ ਉਹ ਵੱਡੀ ਯੋਜਨਾ ’ਚ ਸ਼ਾਮਲ ਹੋ ਜਾਣਗੇ। ਮੈਂ ਚਾਹੁੰਦੀ ਹਾਂ ਕਿ ਮੇਰੇ ਪ੍ਰਸ਼ੰਸਕ ਉਨ੍ਹਾਂ ਪ੍ਰਤੀ ਦਿਆਲੂ ਹੋਣ ਤੇ ਉਨ੍ਹਾਂ ਨੂੰ ਰਸਤਾ ਦਿਖਾਉਣ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।