ਕੰਗਨਾ ਰਣੌਤ ਕਸੂਤੀ ਘਿਰੀ, ਕਿਸਾਨਾਂ ਨੂੰ ਅੱਤਵਾਦੀ ਕਹਿਣ ’ਤੇ ਸ਼ਿਕਾਇਤ ਦਰਜ
Tuesday, Feb 09, 2021 - 12:14 PM (IST)
ਮੁੰਬਈ : ਅਦਾਕਾਰਾ ਕੰਗਨਾ ਰਣੌਤ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦਾ ਵਿਰੋਧ ਕਰ ਰਹੀ ਹੈ ਅਤੇ ਲਗਾਤਾਰ ਆਪਣੀਆਂ ਟਿੱਪਣੀਆਂ ਦੇ ਚੱਲਦੇ ਸੁਰਖ਼ੀਆ ਵਿਚ ਹੈ ਪਰ ਇਕ ਤੋਂ ਬਾਅਦ ਇਕ ਵਿਵਾਦਿਤ ਟਿੱਪਣੀ ਕਰਨੀ ਕੰਗਨਾ ਨੂੰ ਭਾਰੀ ਪੈ ਗਈ ਹੈ। ਦਰਅਸਲ ਉਤਰ ਕਰਨਾਟਕ ਦੇ ਬੇਲਾਵਾਗੀ ਜ਼ਿਲ੍ਹੇ ਵਿਚ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਗਈ ਹੈ। ਬੇਲਾਗਾਵੀ ਦੇ ਵਕੀਲ ਹਰਸ਼ਵਰਧਨ ਪਾਟਿਲ ਨੇ ਸ਼ਿਕਾਇਤ ਦਰਜ ਕਰਾਉਂਦੇ ਹੋਏ ਕੰਗਨਾ ’ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਟਵੀਟ ਕਰਕੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਹੈ। ਅਜਿਹੇ ਵਿਚ ਕੰਗਨਾ ’ਤੇ ਦੋਸ਼ ਹੈ ਕਿ ਉਨ੍ਹਾਂ ਨੂੰ ਭਾਈਚਾਰੇ ਵਿਚ ਵੈਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਖ਼ਬਰਾਂ ਦੀ ਮੰਨੋ ਤਾਂ ਬੇਲਾਗਾਵੀ ਪੁਲਸ ਕਮਿਸ਼ਨਰ ਦੇ ਥਿਆਗਰਾਜਨ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸ਼ਿਕਾਇਤ ਦਰਜ ਕਰ ਲਈ ਗਈ ਹੈ। ਹਾਲਾਂਕਿ ਅਜੇ ਤੱਕ ਐਫ.ਆਈ.ਆਰ. ਦਰਜ ਨਹੀਂ ਹੋਈ ਹੈ। ਕਮਿਸ਼ਨਰ ਨੇ ਕਿਹਾ ਕਿ ਅਸੀਂ ਸ਼ਿਕਾਇਤ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕਰਾਂਗੇ। ਮੀਡੀਆ ਰਿਪੋਰਟਾਂ ਮੁਤਾਬਕ ਕਿਸਾਨ ਨੂੰ ਅੱਤਵਾਦੀ ਕਹੇ ਜਾਣ ’ਤੇ ਉਨ੍ਹਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 153,154, 503, 504, 505-1, 505-ਏ, 505-ਬੀ, 505-2 ਅਤੇ 506 ਤਹਿਤ ਸ਼ਿਕਾਇਤ ਦਰਜ ਕੀਤੀ ਗਈ ਹੈ।
ਹਰਸ਼ਵਰਧਨ ਪਾਟਿਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਪੁਲਸ ਨੇ ਕੰਗਨਾ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਅਤੇ ਜਾਂਚ ਸ਼ੁਰੂ ਕਰਨ ਤੋਂ ਇਨਕਾਰ ਕੀਤਾ ਤਾਂ ਉਹ ਅਦਾਲਤ ਕੋਲ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਾਉਣਗੇ ਜੋ ਅੰਦੋਲਨ ਕਰ ਰਹੇ ਕਿਸਾਨਾਂ ਦਾ ਅਪਮਾਨ ਕਰ ਰਹੇ ਹਨ।
ਇਹ ਵੀ ਪੜ੍ਹੋ: ਚਮੋਲੀ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਏ ਰਿਸ਼ਭ ਪੰਤ, ਕੀਤਾ ਮੈਚ ਫ਼ੀਸ ਦੇਣ ਦਾ ਐਲਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।