ਕੋਰਟ ’ਚ ਪੇਸ਼ ਨਹੀਂ ਹੋਈ ਕੰਗਨਾ ਰਣੌਤ, ਵਕੀਲ ਨੇ ਮੰਗੀ ਪੇਸ਼ੀ ਤੋਂ ਛੋਟ

Tuesday, Sep 14, 2021 - 12:38 PM (IST)

ਕੋਰਟ ’ਚ ਪੇਸ਼ ਨਹੀਂ ਹੋਈ ਕੰਗਨਾ ਰਣੌਤ, ਵਕੀਲ ਨੇ ਮੰਗੀ ਪੇਸ਼ੀ ਤੋਂ ਛੋਟ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ’ਤੇ ਗੀਤਕਾਰ ਜਾਵੇਦ ਅਖਤਰ ਨੇ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਮਾਮਲੇ ’ਚ ਅੱਜ ਕੰਗਨਾ ਨੇ ਮੁੰਬਈ ਦੇ ਅੰਧੇਰੀ ਸਥਿਤ ਮੈਜਿਸਟ੍ਰੇਟ ਕੋਰਟ ’ਚ ਪੇਸ਼ ਹੋਣਾ ਸੀ ਪਰ ਕੰਗਨਾ ਦੇ ਵਕੀਲ ਰਿਜ਼ਵਾਨ ਸਿੱਦੀਕੀ ਨੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਉਸ ਦੇ ਵਕੀਲ ਨੇ ਕੋਰਟ ਕੋਲੋਂ ਕੰਗਨਾ ਨੂੰ ਪੇਸ਼ੀ ਤੋਂ ਛੋਟ ਦੇਣ ਦੀ ਮੰਗ ਕੀਤੀ।

ਕੰਗਨਾ ਦੇ ਵਕੀਲ ਨੇ ਦੱਸਿਆ ਕਿ ਫ਼ਿਲਮ ‘ਥਲਾਇਵੀ’ ਦੀ ਪ੍ਰਮੋਸ਼ਨ ਦੌਰਾਨ ਉਸ ਦੀ ਸਿਹਤ ਵਿਗੜ ਗਈ। ਉਸ ’ਚ ਕੋਵਿਡ-19 ਦੇ ਲੱਛਣ ਵੀ ਦਿਖਾਈ ਦਿੱਤੇ। ਕੰਗਨਾ ਦੇ ਵਕੀਲ ਨੇ ਡਾਕਟਰ ਦਾ ਮੈਡੀਕਲ ਸਰਟੀਫਿਕੇਟ ਵੀ ਕੋਰਟ ਦੇ ਸਾਹਮਣੇ ਪੇਸ਼ ਕੀਤਾ ਹੈ। ਹਾਲਾਂਕਿ ਕੰਗਨਾ ਨੂੰ ਕੋਰਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਹੌਲੀ-ਹੌਲੀ ਤਰੱਕੀ ਦੀ ਪੌੜੀ ਚੜ੍ਹੇ ਆਯੂਸ਼ਮਾਨ ਖੁਰਾਣਾ, ਬਾਲੀਵੁੱਡ ’ਚ ਇੰਝ ਬਣਾਈ ਵੱਖਰੀ ਪਛਾਣ

ਦੱਸ ਦੇਈਏ ਕਿ ਪਿਛਲੇ ਹਫਤੇ ਮਾਨਹਾਨੀ ਮਾਮਲੇ ਨੂੰ ਰੱਦ ਕਰਵਾਉਣ ਦੀ ਕੰਗਨਾ ਦੀ ਪਟੀਸ਼ਨ ਨੂੰ ਬੰਬੇ ਹਾਈਕੋਰਟ ਨੇ ਖਾਰਜ ਕਰ ਦਿੱਤਾ ਸੀ। ਕੋਰਟ ਦੇ ਜਸਟਿਸ ਰੇਵਤੀ ਮੋਹਿਤੇ ਡੇਰੇ ਨੇ ਦੋਵਾਂ ਵਕੀਲਾਂ ਦੀ ਦਲੀਲ ਸੁਣਨ ਤੋਂ ਬਾਅਦ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਜਾਵੇਦ ਅਖਤਰ ਦਾ ਦੋਸ਼ ਹੈ ਕਿ ਕੰਗਨਾ ਨੇ ਨੈਸ਼ਨਲ ਟੀ. ਵੀ. ’ਤੇ ਉਸ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਕੀਤੀਆਂ ਹਨ। ਜਾਵੇਦ ਅਖਤਰ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਲੈ ਕੇ ਦਿੱਤੇ ਗਏ ਉਸ ਦੇ ਟੀ. ਵੀ. ਇੰਟਰਵਿਊ ਦਾ ਜ਼ਿਕਰ ਕੀਤਾ ਸੀ।

ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਇਕ ਇੰਟਰਵਿਊ ’ਚ ਕੰਗਨਾ ਰਣੌਤ ਨੇ ਜਾਵੇਦ ਅਖਤਰ ਦਾ ਨਾਂ ਲੈਂਦਿਆਂ ਉਨ੍ਹਾਂ ’ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ। ਅਦਾਕਾਰਾ ਦੇ ਦੋਸ਼ਾਂ ਤੋਂ ਬਾਅਦ ਹੀ ਜਾਵੇਦ ਨੇ ਉਸ ਦੇ ਖ਼ਿਲਾਫ਼ ਐਕਸ਼ਨ ਲਿਆ ਸੀ। ਇਸ ਤੋਂ ਬਾਅਦ ਦਸੰਬਰ ’ਚ ਅਦਾਲਤ ਨੇ ਜੁਹੂ ਪੁਲਸ ਨੂੰ ਕੰਗਨਾ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਸਨ ਤੇ ਰਿਪੋਰਟ ਸੌਂਪਣ ਤੋਂ ਬਾਅਦ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰਦਿਆਂ ਫਰਵਰੀ ’ਚ ਕੰਗਨਾ ਨੂੰ ਨੋਟਿਸ ਭੇਜਿਆ ਸੀ, ਜਿਸ ਤੋਂ ਬਾਅਦ ਕੰਗਨਾ ਤੇ ਜਾਵੇਦ ਵਿਚਾਲੇ ਵਿਵਾਦ ਕਾਫੀ ਵੱਧ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News