3 ਫਰਵਰੀ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਕਲੀ ਜੋਟਾ’

01/27/2023 11:41:46 AM

ਚੰਡੀਗੜ੍ਹ (ਬਿਊਰੋ)– 3 ਫਰਵਰੀ, 2023 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਕਲੀ ਜੋਟਾ’ ਦੇ ਟਰੇਲਰ ਤੋਂ ਹੀ ਪਤਾ ਲੱਗਦਾ ਹੈ ਕਿ ਫ਼ਿਲਮ ਅਸਲ ਜ਼ਿੰਦਗੀ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਫ਼ਿਲਮ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ, ਵਿਜੇ ਕੁਮਾਰ ਅਰੋੜਾ ਤੇ ਸੰਤੋਸ਼ ਸੁਭਾਸ਼ ਥੀਟੇ ਵਲੋਂ ਨਿਰਮਿਤ ਕੀਤਾ ਗਿਆ ਹੈ। ਵਿਜੇ ਕੁਮਾਰ ਅਰੋੜਾ ਵਲੋਂ ਨਿਰਦੇਸ਼ਿਤ ਤੇ ਹਰਿੰਦਰ ਕੌਰ ਵਲੋਂ ਲਿਖੀ ਗਈ ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ ਤੇ VH ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਗਈ ਹੈ। ਫ਼ਿਲਮ ’ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਭੂਮਿਕਾਵਾਂ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਅਨੂੰ ਕਪੂਰ ਦੀ ਵਿਗੜੀ ਹਾਲਤ, ਹਸਪਤਾਲ 'ਚ ਦਾਖ਼ਲ

ਅਸੀਂ ਅਦਾਕਾਰਾ ਵਾਮਿਕਾ ਗੱਬੀ ਨੂੰ ਅਕਸਰ ਹੀ ਵੱਡੇ ਪਰਦੇ ’ਤੇ ਵੱਖ-ਵੱਖ ਕਿਰਦਾਰ ਨਿਭਾਉਂਦੇ ਵੇਖਦੇ ਹਾਂ ਤੇ ਆਪਣੀ ਇਸੇ ਅਦਾਕਾਰੀ ਕਰਕੇ ਉਸ ਨੇ ਪੰਜਾਬੀ ਸਿਨੇਮਾ ’ਚ ਵੱਖਰੀ ਥਾਂ ਬਣਾਈ ਹੈ। ਇਕ ਵਾਰ ਫੇਰ ‘ਕਲੀ ਜੋਟਾ’ ਫ਼ਿਲਮ ਦੇ ਰਾਹੀਂ ਵਾਮੀਕਾ ਗੱਬੀ ਆਪਣੀ ਅਦਾਕਾਰੀ ਦਾ ਇਕ ਵੱਖਰਾ ਰੂਪ ਪੇਸ਼ ਕਰੇਗੀ, ਜਿਸ ’ਚ ਵਾਮਿਕਾ ਨੇ ਇਕ ਵਕੀਲ ਦਾ ਕਿਰਦਾਰ ਨਿਭਾਇਆ ਹੈ। ਉਹ ਫ਼ਿਲਮ ’ਚ ਇਕ ਅਜਿਹੀ ਬਹਾਦਰ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਉਨ੍ਹਾਂ ਔਰਤਾਂ ਦੇ ਹੱਕ ’ਚ ਲੜਦੀ ਹੈ, ਜੋ ਇਸ ਸਮਾਜ ’ਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਉਹ ਸਮਾਜ ’ਚ ਰਹਿੰਦੇ ਲੋਕਾਂ ਦੀ ਅਸਲ ਸੱਚਾਈ ਨਾਲ ਜਾਣੂ ਕਰਵਾਉਂਦੀ ਹੈ।

ਜਿਵੇਂ ਕਿ ਅਸੀਂ ਟਰੇਲਰ ’ਚ ਦੇਖਦੇ ਹਾਂ ਕਿ ਵਾਮਿਕਾ ਦਾ ਕਿਰਦਾਰ ਛੋਟੇ ਹੁੰਦੇ ਰਾਬੀਆ ਮੈਮ ਦੀ ਮਨਪਸੰਦ ਵਿਦਿਆਰਥਣ ਦਾ ਕਿਰਦਾਰ ਹੋਵੇਗਾ, ਜੋ ਵੱਡੀ ਹੋ ਕੇ ਆਪਣੀ ਪਸੰਦੀਦਾ ਰਾਬੀਆ ਮੈਮ ਨੂੰ ਮਿਲਣ ਉਸ ਦੇ ਪਿੰਡ ਜਾਂਦੀ ਹੈ ਪਰ ਉਥੇ ਉਸ ਨੂੰ ਰਾਬੀਆ ਬਾਰੇ ਕੁਝ ਹੋਰ ਹੀ ਜਾਣਨ ਨੂੰ ਮਿਲਦਾ ਹੈ, ਜੋ ਉਸ ਨੂੰ ਹੋਰ ਵੀ ਪ੍ਰੇਸ਼ਾਨ ਕਰਦਾ ਹੈ। ਵਾਮਿਕਾ ਉਸ ਨੂੰ ਹਰ ਹਾਲਤ ’ਚ ਲੱਭਣ ਤੇ ਉਸ ਦੀ ਜ਼ਿੰਦਗੀ ਬਾਰੇ ਜਾਣਨ ਦੀ ਕੋਸ਼ਿਸ਼ ਕਰਦੀ ਹੈ। ਉਸ ਦਾ ਇਹ ਫ਼ੈਸਲਾ ਰਾਬੀਆ ਦੀ ਦੁੱਖ ਭਰੀ ਜ਼ਿੰਦਗੀ ਨਾਲ ਜਾਣੂ ਕਰਵਾਉਂਦਾ ਹੈ। ਕਹਾਣੀ ਦਾ ਅਸਲ ਮੋੜ ਉਦੋਂ ਆਉਂਦਾ ਹੈ, ਜਦੋਂ ਵਾਮਿਕਾ ਆਪਣੀ ਮੈਡਮ ਰਾਬੀਆ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰਦੀ ਹੈ।

ਆਪਣੀ ਵੱਖਰੀ ਸ਼ਖ਼ਸੀਅਤ ਬਾਰੇ ਗੱਲ ਕਰਦਿਆਂ ਵਾਮਿਕਾ ਗੱਬੀ ਕਹਿੰਦੀ ਹੈ, ‘‘ਮੈਂ ਫ਼ਿਲਮ ਦੇ ਵਿਸ਼ੇ ਤੇ ਆਪਣੀ ਭੂਮਿਕਾ ਤੋਂ ਇੰਨੀ ਪ੍ਰਭਾਵਿਤ ਹੋਈ ਹਾਂ ਕਿ ਮੈਨੂੰ ਲੱਗਦਾ ਹੈ ਕਿ ਕਹਾਣੀ ਸਹੀ ਹੈ ਤੇ ਸਮਾਜ ਦੇ ਛੁਪੇ ਹੋਏ ਚਿਹਰਿਆਂ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕਰਦੀ ਹੈ। ਮੈਂ ਉਨ੍ਹਾਂ ਔਰਤਾਂ ਦਾ ਸਮਰਥਨ ਕਰਦੀ ਹਾਂ, ਜੋ ਚੁੱਪਚਾਪ ਸਮਾਜਿਕ ਬੇਇਨਸਾਫ਼ੀ ਦਾ ਸ਼ਿਕਾਰ ਹਨ। ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਔਰਤਾਂ ਜਾਂ ਕਿਸੇ ਨੂੰ ਵੀ ਆਪਣੇ ਹੱਕਾਂ ਲਈ ਬੋਲਣਾ ਚਾਹੀਦਾ ਹੈ। ਮੈਂ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News