ਆਦਿਤਿਆ ਪੰਚੋਲੀ ਨੇ ਜਿਆ ਖ਼ਾਨ ਦੀ ਮਾਂ ਖ਼ਿਲਾਫ਼ ਹਾਈ ਕੋਰਟ ''ਚ ਦਾਇਰ ਕੀਤੀ ਪਟੀਸ਼ਨ, ਜਾਣੋ ਕੀ ਹੈ ਮਾਮਲਾ

12/18/2020 1:37:12 PM

ਨਵੀਂ ਦਿੱਲੀ  (ਬਿਊਰੋ) : ਬਾਲੀਵੁੱਡ ਅਦਾਕਾਰ ਆਦਿਤਿਆ ਪੰਚੋਲੀ ਤੇ ਜ਼ਰੀਨਾ ਵਹਾਬ ਨੇ ਜਿਆ ਖ਼ਾਨ ਦੀ ਮਾਂ ਰਾਬੀਆ ਖ਼ਾਨ ਖ਼ਿਲਾਫ਼ ਬੰਬੇ ਹਾਈ ਕੋਰਟ ਦੀ ਪਨਾਹ ਲਈ ਹੈ। ਸੈਲੀਬ੍ਰਿਟੀ ਕਪਲ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਰਾਬੀਆ ਨੂੰ ਉਨ੍ਹਾਂ ਖ਼ਿਲਾਫ਼ ਮਾਣ-ਹਾਨੀ ਕਰਨ ਵਾਲੀਆਂ ਟਿੱਪਣੀਆਂ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ। ਸਾਲ 2011 ਤੋਂ 2015 ਦੌਰਾਨ ਬੰਬੇ ਹਾਈ ਕੋਰਟ ਨੇ ਰਾਬੀਆ ਨੂੰ ਤਿੰਨ ਵਾਰ ਪੰਚੋਲੀ ਪਰਿਵਾਰ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਨਾ ਕਰਨ ਦੀ ਹਦਾਇਤ ਦਿੱਤੀ ਸੀ। 2017 'ਚ ਰਾਬੀਆ ਨੇ ਬੰਬੇ ਹਾਈ ਕੋਰਟ ਸਾਹਮਣੇ ਪੇਸ਼ ਹੋ ਕੇ ਕੋਈ ਪ੍ਰੈੱਸ ਰਿਲੀਜ਼ ਜਾਰੀ ਨਾ ਕਰਨ ਤੇ ਇੰਟਰਵਿਊ ਨਾ ਦੇਣ ਦੀ ਗੱਲ ਕਹੀ ਸੀ।

 ਖ਼ਬਰਾਂ ਮੁਤਾਬਕ, ਪੰਚੋਲੀ ਪਰਿਵਾਰ ਦੇ ਲਾਇਰ ਪ੍ਰਸ਼ਾਂਤ ਪਾਟਿਲ ਵੱਲੋਂ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਕਈ ਯੂਟਿਊਬ ਚੈਨਲਾਂ ਦੇ ਲਿੰਕ, ਸਬੰਧਿਤ ਖ਼ਬਰਾਂ ਦੀਆਂ ਕਾਤਰਾਂ ਤੇ ਸੋਸ਼ਲ ਮੀਡੀਆ ਪੋਸਟ ਨੂੰ ਸ਼ਾਮਲ ਕੀਤਾ ਹੈ। ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਰਾਬੀਆ ਨੇ ਫਾਈਟ ਫਾਰ ਜਿਆ ਨਾਂ ਨਾਲ ਇਕ ਟਵਿੱਟਰ ਅਕਾਊਂਟ ਬਣਾਇਆ ਹੈ, ਜਿਸ ਦੇ 22 ਹਜ਼ਾਰ ਫਾਲੋਅਰਜ਼ ਹਨ, ਜਿਨ੍ਹਾਂ ਤੋਂ ਇਤਰਾਜ਼ਯੋਗ ਟਵੀਟ ਕੀਤਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਰਾਬੀਆ ਉਨ੍ਹਾਂ ਦੇ ਕਲਾਈਂਟ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਤੇ ਭੱਦੀਆਂ ਟਿੱਪਣੀਆਂ ਦਾ ਇਸਤੇਮਾਲ ਕਰ ਰਹੀ ਹੈ। ਇਸ ਪਟੀਸ਼ਨ 'ਤੇ ਅਗਲੇ ਮਹੀਨੇ ਸੁਣਵਾਈ ਹੋਣ ਦੀ ਉਮੀਦ ਹੈ।

ਦੱਸ ਦੇਈਏ ਕਿ ਮੌਤ ਤੋਂ ਪਹਿਲਾਂ ਜਿਆ ਖ਼ਾਨ ਬਾਲੀਵੁੱਡ ਫਿਲਮਾਂ ਦੀ ਉਭਰਦੀ ਹੋਈ ਅਦਾਕਾਰਾ ਸੀ। ਉਸ ਨੇ ਅਦਾਕਾਰ ਅਮਿਤਾਭ ਬੱਚਨ ਦੇ ਨਾਲ 'ਨਿਸ਼ਬਦ', ਆਮਿਰ ਖ਼ਾਨ ਨਾਲ ਗਜ਼ਨੀ' ਤੇ ਅਕਸ਼ੈ ਕੁਮਾਰ ਦੀ ਫਿਲਮ 'ਹਾਊਸਫੁੱਲ' 'ਚ ਕੰਮ ਕੀਤਾ ਸੀ। ਜਿਆ ਦੀ ਬਾਡੀ 2013 'ਚ ਉਸ ਦੀ ਰਿਹਾਇਸ਼ 'ਤੇ ਪੱਖੇ ਨਾਲ ਲਟਕੀ ਹੋਈ ਮਿਲੀ ਸੀ। ਸੀ. ਬੀ. ਆਈ. ਜਾਂਚ 'ਚ ਜਿਆ ਦੇ ਸੁਸਾਈਡ ਦੀ ਪੁਸ਼ਟੀ ਹੋਈ ਸੀ ਪਰ ਉਸ ਦੀ ਮਾਂ ਰਾਬੀਆ ਦਾ ਦੋਸ਼ ਹੈ ਕਿ ਉਸ ਦਾ ਮਰਡਰ ਹੋਇਆ ਹੈ। ਇਸ ਮਾਮਲੇ 'ਚ ਆਦਿਤਿਆ ਪੰਚੋਲੀ ਦਾ ਬੇਟਾ ਸੂਰਜ ਪੰਚੋਲੀ ਮੁੱਖ ਦੋਸ਼ੀ ਹੈ, ਜੋ ਕਥਿਤ ਤੌਰ 'ਤੇ ਉਸ ਦੌਰਾਨ ਜਿਆ ਨੂੰ ਡੇਟ ਕਰ ਰਿਹਾ ਸੀ। 2018 'ਚ ਮੁੰਬਈ ਦੀ ਇਕ ਅਦਾਲਤ ਨੇ ਸੂਰਜ 'ਤੇ ਆਤਮ-ਹੱਤਿਆ ਲਈ ਉਕਸਾਉਣ ਦੇ ਦੋਸ਼ ਚਾਰਜ ਕੀਤੇ ਸਨ। ਇਹ ਮਾਮਲਾ ਹਾਲੇ ਵੀ ਚੱਲ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor

Related News