‘ਜੱਟ ਐਂਡ ਜੂਲੀਅਟ 3’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕਮਾਏ 10.76 ਕਰੋੜ ਰੁਪਏ

06/28/2024 6:44:35 PM

ਜਲੰਧਰ, (ਬਿਊਰੋ)- ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ 3’ ਨੇ ਪਹਿਲੇ ਦਿਨ ਆਪਣੀ ਰਿਲੀਜ਼ ਨਾਲ ਇਤਿਹਾਸ ਰਚ ਦਿੱਤਾ ਹੈ। ‘ਜੱਟ ਐਂਡ ਜੂਲੀਅਟ 3’ ਨੇ ਦੁਨੀਆ ਭਰ ‘ਚ ਪਹਿਲੇ ਦਿਨ 10.76 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਅੱਜ ਤਕ ਪੰਜਾਬੀ ਫਿਲਮ ਇੰਡਸਟਰੀ ਦੇ ਇਤਿਹਾਸ ‘ਚ ਸਭ ਤੋਂ ਵੱਧ ਕਲੈਕਸ਼ਨ ਹੈ। ਫਿਲਮ ਨੇ ਭਾਰਤ ‘ਚ 4.13 ਕਰੋੜ ਤੇ ਓਵਰਸੀਜ਼ ‘ਚ 6.63 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਹ ਕਮਾਈ ਬਿਨਾਂ ਕਿਸੇ ਵੀਕੈਂਡ ਵਾਲੇ ਦਿਨ ਤੇ ਨਾਨ ਹਾਲੀਡੇ ਵਾਲੇ ਦਿਨ ‘ਚ ਹੋਈ ਹੈ, ਜੋ ਆਪਣੇ ਆਪ ‘ਚ ਵੱਡੀ ਗੱਲ ਹੈ। ਫਿਲਮ ਦੀ ਪਹਿਲੇ ਦਿਨ ਦੀ ਕਮਾਈ ਨੇ ਇਸ ਨੂੰ ਇਕ ਚੰਗੀ ਸ਼ੁਰੂਆਤ ਦਿੱਤੀ ਹੈ ਤੇ ਇਹ ਦੇਖ ਕੇ ਹੈਰਾਨੀ ਨਹੀਂ ਹੋਵੇਗੀ ਕਿ ਫਿਲਮ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਜਾਵੇ।

‘ਜੱਟ ਐਂਡ ਜੂਲੀਅਟ 3’ ਪਹਿਲੀ ਅਜਿਹੀ ਪੰਜਾਬੀ ਫ਼ਿਲਮ ਹੈ, ਜਿਸ ਨੂੰ ਭਾਰਤ ਦੇ 430 ਤੋਂ ਵੱਧ ਸਿਨੇਮਾਘਰਾਂ ਦੀਆਂ 2010 ਤੋਂ ਵੱਧ ਸਕ੍ਰੀਨਜ਼ ’ਤੇ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦੀ ਐਡਵਾਂਸ ਬੁਕਿੰਗ ਤੋਂ ਕਲੈਕਸ਼ਨ ਵੀ ਰਿਕਾਰਡਤੋੜ ਹੋਈ ਹੈ। ‘ਜੱਟ ਐਂਡ ਜੂਲੀਅਟ 3’ ਨੇ ਸਿਰਫ਼ ਐਡਵਾਂਸ ਬੁਕਿੰਗ ਤੋਂ ਹੀ 1.50 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ।

ਇਸ ਫ਼ਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਨੂੰ ਸ਼ਾਨਦਾਰ ਫ਼ਿਲਮਾਂ ਦੇ ਚੁੱਕੇ ਹਨ। ਫ਼ਿਲਮ ’ਚ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀ. ਐੱਨ. ਸ਼ਰਮਾ, ਨਾਸੀਰ ਚਿਨਓਟੀ, ਅਕਰਮ ਉਦਾਸ, ਹਰਦੀਪ ਗਿੱਲ, ਮੋਹਿਨੀ ਤੂਰ, ਸੁੱਖ ਪਿੰਡਿਆਲਾ, ਗੁਰਮੀਤ ਸਾਜਨ, ਸਤਵੰਤ ਕੌਰ, ਮਿੰਟੂ ਕਾਪਾ ਤੇ ਕੁਲਵੀਰ ਸੋਨੀ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ’ਚ ਹਨ।


Rakesh

Content Editor

Related News