ਕਲਾਕਾਰਾਂ ''ਤੇ ਤੱਤੇ ਹੋਏ ਜਗਦੀਪ ਰੰਧਾਵਾ, ਭਗਵੰਤ ਮਾਨ ਨੂੰ ਦਿੱਤੀ ਇਹ ਦੇਸੀ ਰਾਏ (ਵੀਡੀਓ)
Monday, Jul 13, 2020 - 04:04 PM (IST)

ਜਲੰਧਰ (ਵੈੱਬ ਡੈਸਕ) — ਪੰਜਾਬੀ ਪ੍ਰਸਿੱਧ ਗਾਇਕਾ ਅਨਮੋਲ ਗਗਨ ਮਾਨ ਸਿਆਸਤ 'ਚ ਕਦਮ ਰੱਖਣ ਜਾ ਰਹੀ ਹੈ। ਜੀ ਹਾਂ, ਅਨਮੋਲ ਗਗਨ ਮਾਨ 'ਆਮ ਆਦਮੀ ਪਾਰਟੀ' 'ਚ ਸ਼ਾਮਲ ਹੋ ਰਹੀ ਹੈ। ਇਸੇ ਦੌਰਾਨ ਗਾਇਕ ਤੇ ਅਦਾਕਾਰ ਜਗਦੀਪ ਰੰਧਾਵਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਭਗਵੰਤ ਮਾਨ ਨੂੰ ਦੇਸੀ ਰਾਏ ਦਿੰਦੇ ਹੋਏ ਕਿਹਾ, 'ਗਗਨ ਕੋਕਰੀ, ਜੱਸੀ ਗਿੱਲ, ਪਰਮੀਸ਼ ਵਰਮਾ ਵਰਗੇ ਕਲਾਕਾਰਾਂ ਨੂੰ ਸਿੱਧੂ ਮੂਸੇਵਾਲਾ ਨੇ ਫੇਲ੍ਹ ਕਰ ਦਿੱਤਾ ਹੈ। ਹੁਣ ਇਨ੍ਹਾਂ ਕਲਾਕਾਰਾਂ ਦਾ ਸੰਗੀਤ ਜਗਤ ਸਿੱਕਾ ਨਹੀਂ ਚੱਲ ਰਿਹਾ। ਇਨ੍ਹਾਂ ਕਲਾਕਾਰਾਂ ਦਾ ਦਿਲ ਤਾਂ ਚਿੜੀ ਦੇ ਬੱਚੇ ਜਿਨਾਂ ਹੁੰਦਾ ਹੈ। ਲੀਡਰਾਂ ਨੂੰ ਤਾਂ ਕਾਲੇ ਪਾਣੀ ਦੀ ਸਜ਼ਾ ਵੀ ਕੱਟਣੀ ਪੈਂਦੀ, ਰਾਤ ਨੂੰ ਪੱਲੀਆਂ ਵਿਸ਼ਾ ਕੇ ਬੈਠਣਾ ਪੈਂਦਾ ਯਾਨੀਕਿ ਧਾਰਨੇ ਲਾਉਣੇ ਪੈਂਦੇ ਹਨ। ਗਾਉਣ-ਵਜਾਉਣ ਵਾਲੇ ਪਾਰਟੀਆਂ ਨਹੀਂ ਚਲਾ ਸਕਦੇ।'
ਇਸ ਤੋਂ ਇਲਾਵਾ ਜਗਦੀਪ ਰੰਧਾਵਾ ਨੇ ਭਗਵੰਤ ਮਾਨ ਦੀ ਤਾਰੀਫ਼ ਕਰਦੇ ਹੋਏ ਕਿਹਾ, 'ਤੂੰ ਤਾਂ ਖਿਡਾਰੀ ਸੀ, ਤੇਰੀ ਗੱਲ ਹੋਰ ਹੈ। ਤੁਸੀਂ ਤਾਂ ਸਾਰੇ ਲੀਡਰ ਹੀ ਥੱਲੇ ਲਾ ਦਿੱਤੇ। ਤੁਹਾਡੀ ਕੌਣ ਰੀਸ ਕਰ ਸਕਦਾ।' ਅੱਗੇ ਬੋਲਦੇ ਹੋਏ ਕਿਹਾ, ਜੇ ਤੁਹਾਨੂੰ ਲੱਗਦਾ ਹੈ ਕਿ ਸਿੰਗਰਾਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਹਨ ਤਾਂ ਮੈਨੂੰ ਵੀ 2-3 ਟਿਕਟਾਂ ਦੇ ਦਿਓ ਕਿਉਂਕਿ ਮੈਂ ਵੀ ਹਰ ਮੁੱਦੇ 'ਤੇ ਹਰੇਕ ਵਾਰ ਖੁੱਲ੍ਹ ਕੇ ਬੋਲਦਾ ਹਾਂ। ਇੰਡਸਟਰੀ ਨੂੰ ਸਿੱਧੂ ਮੂਸੇਵਾਲਾ ਨੇ ਇੱਕ ਪਾਸੇ ਲਾ ਦਿੱਤਾ।'
ਦੱਸਣਯੋਗ ਹੈ ਕਿ ਬਲਦੇਵ ਸਿੰਘ ਜੈਤੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, 'ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੀ ਹੈ। ਪਿਛਲੇ ਜੂਨ ਮਹੀਨੇ ਵਿੱਚ ਹੀ ਮੈਂ ਇਨ੍ਹਾਂ ਦੇ ਘਰ ਇਨਾਂ ਦੇ ਪਿਤਾ ਜੋਧਾ ਸਿੰਘ ਮਾਨ ਜੀ ਦੇ ਸੱਦੇ ਤੇ ਮੋਹਾਲੀ ਵਿਖੇ ਗਿਆ ਸੀ। ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਬੰਧੀ ਲੱਗਭਗ ਦੋ ਘੰਟੇ ਗੱਲਬਾਤ ਹੋਈ। ਅਨਮੋਲ ਗਗਨ ਮਾਨ ਕਾਫ਼ੀ ਪ੍ਰਭਾਵਿਤ ਹੋਈ। ਮੈਂ ਦਿੱਲੀ ਤੱਕ ਵੀ ਗੱਲ ਪਹੁੰਚਾ ਦਿੱਤੀ ਸੀ। ਅਖੀਰ 'ਚ ਉਨ੍ਹਾਂ ਕਿਹਾ ਕਿ ਪਾਰਟੀ 'ਚ ਲਿਆਉਣ ਦਾ ਤੁਹਾਡਾ ਯੋਗਦਾਨ ਵੱਧ ਹੋਵੇਗਾ।'
ਦੱਸਣਯੋਗ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਕੋਈ ਸੈਲੇਬ੍ਰਿਟੀ ਸਿਆਸਤ 'ਚ ਕਦਮ ਰੱਖ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਸੰਨੀ ਦਿਓਲ, ਇਰਫ਼ਾਨ ਪਠਾਨ ਤੇ ਹੰਸ ਰਾਜ ਹੰਸ ਵਰਗੇ ਕਈ ਨਾਂ ਸਿਆਸਤ ਨਾਲ ਜੁੜ ਚੁੱਕੇ ਹਨ।