ਮਨੀ ਲਾਂਡਰਿੰਗ ਮਾਮਲਾ : ਜੈਕਲੀਨ ਫਰਨਾਂਡੀਜ਼ ਕੋਲੋਂ ਅੱਜ ਮੁੜ ਹੋਵੇਗੀ ਪੁੱਛਗਿੱਛ, ਦਿੱਲੀ ਪੁਲਸ ਨੇ ਭੇਜਿਆ ਸੰਮਨ
Monday, Sep 19, 2022 - 02:02 PM (IST)
ਮੁੰਬਈ (ਬਿਊਰੋ)– 200 ਕਰੋੜ ਦੇ ਮਨੀ ਲਾਂਡਰਿੰਗ ਕੇਸ ’ਚ ਘਿਰੀ ਜੈਕਲੀਨ ਫਰਨਾਂਡੀਜ਼ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। 14 ਸਤੰਬਰ ਨੂੰ ਹੀ ਅਦਾਕਾਰਾ ਤੋਂ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਯੂ.) ਨੇ ਲੰਮੀ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਹੁਣ ਇਕ ਵਾਰ ਮੁੜ ਪੁਲਸ ਨੇ ਜੈਕਲੀਨ ਨੂੰ ਸੰਮਨ ਭੇਜਦਿਆਂ ਪੇਸ਼ ਹੋਣ ਲਈ ਕਿਹਾ ਹੈ। ਜੈਕਲੀਨ ਤੋਂ ਇਲਾਵਾ ਨੋਰਾ ਫਤੇਹੀ ਤੋਂ ਵੀ ਈ. ਓ. ਡਬਲਯੂ. ਪੁੱਛਗਿੱਛ ਕਰ ਚੁੱਕੀ ਹੈ।
14 ਸਤੰਬਰ ਨੂੰ ਜੈਕਲੀਨ ਕੋਲੋਂ ਲਗਭਗ 8 ਘੰਟਿਆਂ ਤਕ ਪੁੱਛਗਿੱਛ ਕੀਤੀ ਗਈ ਸੀ। ਇਸ ਦੌਰਾਨ ਉਸ ਕੋਲੋਂ ਲਗਭਗ 50 ਤੋਂ ਵੱਧ ਸਵਾਲ ਪੁੱਛੇ ਗਏ ਸਨ, ਜਿਨ੍ਹਾਂ ’ਚ ਉਸ ਨੂੰ ਮਿਲੇ ਤੋਹਫ਼ੇ ਤੋਂ ਲੈ ਕੇ ਸੁਕੇਸ਼ ਚੰਦਰਸ਼ੇਖਰ ਨਾਲ ਉਸ ਦੇ ਰਿਸ਼ਤੇ ਨਾਲ ਜੁੜੇ ਸਵਾਲ ਸ਼ਾਮਲ ਸਨ। ਪੁੱਛਗਿੱਛ ਦੌਰਾਨ ਜੈਕਲੀਨ ਤੇ ਸੁਕੇਸ਼ ਦੀ ਕਰੀਬੀ ਪਿੰਕੀ ਈਰਾਨੀ ਨੂੰ ਆਹਮੋ-ਸਾਹਮਣੇ ਬਿਠਾ ਕੇ ਗੱਲਬਾਤ ਕੀਤੀ ਗਈ ਸੀ, ਜਿਥੇ ਦੋਵਾਂ ਨੇ ਇਕ-ਦੂਜੇ ਨਾਲ ਬਦਤਮੀਜ਼ੀ ਕੀਤੀ। ਖ਼ਬਰਾਂ ਮੁਤਾਬਕ ਇਸ ਵਾਰ ਫੈਸ਼ਨ ਡਿਜ਼ਾਈਨਰ ਲੀਪਾਕਸ਼ੀ ਨਾਲ ਅਦਾਕਾਰਾ ਕੋਲੋਂ ਪੁੱਛਗਿੱਛ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ‘ਮੋਹ’ ਦੀ ਕਲੈਕਸ਼ਨ ਤੋਂ ਦੁਖੀ ਜਗਦੀਪ ਸਿੱਧੂ, ਕੀ ਛੱਡ ਰਹੇ ਪੰਜਾਬੀ ਫ਼ਿਲਮ ਇੰਡਸਟਰੀ?
ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਫਰਨਾਂਡੀਜ਼ ਦੇ ਨਾਲ-ਨਾਲ ਨੋਰਾ ਫਤੇਹੀ ਦਾ ਨਾਂ ਵੀ ਖ਼ੂਬ ਚਰਚਾ ’ਚ ਆ ਰਿਹਾ ਹੈ। ਈ. ਡੀ. ਤੇ ਆਰਥਿਕ ਅਪਰਾਧ ਸ਼ਾਖਾ ਬੀਤੇ ਦਿਨੀਂ ਉਸ ਤੋਂ 6 ਤੋਂ 8 ਘੰਟਿਆਂ ਤਕ ਪੁੱਛਗਿੱਛ ਕਰ ਚੁੱਕੀ ਹੈ। ਅਦਾਕਾਰਾ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਸੁਕੇਸ਼ ਦੇ ਗੈਰ-ਕਾਨੂੰਨੀ ਕੰਮਾਂ ’ਚ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਸੁਕੇਸ਼ ਵਲੋਂ ਕੀਤੀ ਗਈ 200 ਕਰੋੜ ਰੁਪਏ ਦੀ ਠੱਗੀ ’ਚ ਜੈਕਲੀਨ ਨੂੰ ਕਈ ਵਾਰ ਈ. ਡੀ. ਦੀ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲਾਂ ਇਹ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਈ. ਡੀ. ਨੇ ਆਪਣੀ ਚਾਰਜਸ਼ੀਟ ’ਚ ਜੈਕਲੀਨ ਨੂੰ ਦੋਸ਼ੀ ਬਣਾਇਆ ਹੈ। ਆਪਣੀ ਪੁੱਛਗਿੱਛ ’ਚ ਅਦਾਕਾਰਾ ਨੇ ਸੁਕੇਸ਼ ਕੋਲੋਂ ਮਹਿੰਗੇ ਤੋਹਫ਼ੇ ਲੈਣ ਦੀ ਗੱਲ ਕਬੂਲ ਕੀਤੀ ਹੈ। ਉਸ ਨੇ ਗੈਰ-ਕਾਨੂੰਨੀ ਕੰਮਾਂ ’ਚ ਸ਼ਾਮਲ ਹੋਣ ਦੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ। ਸੁਕੇਸ਼ ਇਸ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ ’ਚ ਬੰਦ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।