ਵਿਆਹ ਲਈ ਮੈਨੂੰ ਢਾਈ ਦਿਨ ਹੀ ਮਿਲੇ ਸੀ : ਨੇਹਾ ਧੂਪੀਆ
Thursday, Aug 14, 2025 - 01:17 PM (IST)

ਮੁੰਬਈ- ਨੇਹਾ ਧੂਪੀਆ ਨੇ 10 ਮਈ, 2018 ਨੂੰ ਇਕ ਗੁਰਦੁਆਰੇ ’ਚ ਇਕ ਨਿੱਜੀ ਸਮਾਰੋਹ ’ਚ ਅਦਾਕਾਰ ਅੰਗਦ ਬੇਦੀ ਨਾਲ ਵਿਆਹ ਕਰਕੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ, ਕਿਉਂਕਿ ਉਸ ਨੇ ਅਚਾਨਕ ਹੀ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਇਸ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਨੇਹਾ ਖੁੱਲ੍ਹ ਕੇ ਗੱਲ ਕਰਨ ’ਚ ਯਕੀਨ ਰੱਖਦੀ ਹੈ ਅਤੇ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋਣ ਅਤੇ ਮਾਤਾ-ਪਿਤਾ ਦੀ ਪ੍ਰਤੀਕਿਰਿਆ ਬਾਰੇ ਵੀ ਉਹ ਖੁੱਲ੍ਹ ਕੇ ਗੱਲ ਕਰ ਚੁੱਕੀ ਹੈ।
ਦਰਅਸਲ ਨੇਹਾ ਵਿਆਹ ਦੇ 6 ਮਹੀਨੇ ਬਾਅਦ ਹੀ ਮਾਂ ਬਣ ਗਈ ਸੀ। ਉਸ ਨੇ ਨਵੰਬਰ 2018 ’ਚ ਆਪਣੀ ਬੇਟੀ ਮੇਹਰ ਧੂਪੀਆ ਬੇਦੀ ਨੂੰ ਜਨਮ ਦਿੱਤਾ ਸੀ। ਦੋਵਾਂ ਦਾ ਇਕ ਬੇਟਾ ਵੀ ਹੈ ਜਿਸ ਦਾ ਨਾਂ ਗੁਰਿਕ ਸਿੰਘ ਧੂਪੀਆ ਬੇਦੀ ਹੈ। ਉਸ ਦਾ ਜਨਮ 2021 ’ਚ ਹੋਇਆ ਸੀ। ਇਕ ਇੰਟਰਵਿਊ ’ਚ ਨੇਹਾ ਨੇ ਵਿਆਹ ਤੋਂ ਪਹਿਲਾਂ ਗਰਭਵਤੀ ਹੋਣ ਅਤੇ ਆਪਣੇ ਪਰਿਵਾਰ ਨੂੰ ਇਹ ਖਬਰ ਕਿਵੇਂ ਦੱਸੀ, ਇਸ ਬਾਰੇ ਖੁੱਲ੍ਹ ਕੇ ਗੱਲ ਕਰਦੇ ਹੋਏ ਕਿਹਾ, ‘‘ਸਾਡਾ ਵਿਆਹ ਇਕ ਨਾਨਲਾਈਨਰ’ ਵਿਆਹ ਸੀ। ਮੈਂ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਗਈ ਸੀ। ਇਸ ਲਈ ਜਦੋਂ ਅਸੀਂ ਜਾ ਕੇ ਮੇਰੇ ਮਾਤਾ-ਪਿਤਾ ਨੂੰ ਇਹ ਖਬਰ ਦਿੱਤੀ ਤਾਂ ਉਨ੍ਹਾਂ ਦਾ ਰਿਐਕਸ਼ਨ ਮਿਲਿਆ-ਜੁਲਿਆ ਰਿਹਾ, ਉਹ ਸਰਪ੍ਰਾਈਜ਼ ਸਨ ਅਤੇ ਜਲਦੀ ਨਾਲ ਐਕਸ਼ਨ ਦੇ ਮੂਡ ’ਚ ਸਨ। ਉਨ੍ਹਾਂ ਨੇ ਕਿਹਾ ਕਿ – ਠੀਕ ਹੈ ਇਹ ਬਹੁਤ ਵਧੀਆ ਹੈ ਪਰ ਸਾਡੇ ਕੋਲ ਇਸ ਨੂੰ ਬਦਲਣ ਤੋਂ ਪਹਿਲਾਂ 72 ਘੰਟੇ ਹਨ। ਚਲੋ ਵਿਆਹ ਕਰ ਲੈਂਦੇ ਹਾਂ। ਮੈਨੂੰ ਮੁੰਬਈ ਵਾਪਸ ਜਾਣ ਅਤੇ ਵਿਆਹ ਕਰਨ ਲਈ ਢਾਈ ਦਿਨ ਦਿੱਤੇ ਗਏ ਸਨ।’ ਨੇਹਾ ਨੇ ਇਹ ਵੀ ਸਾਂਝਾ ਕੀਤਾ ਕਿ ਉਸ ਨੂੰ ਆਪਣੀ ਗਰਭਅਵਸਥਾ ਬਾਰੇ ਬਹੁਤ ਸਾਰੇ ਨੈਗੇਟਿਵ ਰਿਐਕਸ਼ਨ ਵੀ ਮਿਲੇ। ਉਸ ਨੇ ਦੱਸਿਆ, ‘‘ਜੋ ਤੁਸੀਂ ਚਾਹੁੰਦੇ ਹੋ, ਜੋ ਤੁਹਾਨੂੰ ਪਸੰਦ ਹੈ ਉਸ ਨੂੰ ਕਰਨ ’ਚ ਕੋਈ ਬੁਰਾਈ ਨਹੀਂ ਹੈ ਅਤੇ ਦੇਖੋ ਕਿ ਇਸਨੇ ਸਾਨੂੰ ਕਿਥੇ ਪਹੁੰਚਾ ਦਿੱਤਾ।’’