ਇਨ੍ਹਾਂ ਕਾਰਨਾਂ ਕਰਕੇ ਤੁਸੀਂ ਜ਼ਰੂਰ ਦੇਖਣਾ ਚਾਹੋਗੇ ਫ਼ਿਲਮ ‘ਹੌਂਸਲਾ ਰੱਖ’!

2021-10-14T12:27:03.197

ਚੰਡੀਗੜ੍ਹ (ਬਿਊਰੋ)– ਸਭ ਤੋਂ ਵੱਧ ਉਡੀਕੀ ਜਾ ਰਹੀ ਫ਼ਿਲਮ ‘ਹੌਂਸਲਾ ਰੱਖ’ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਸਿਰਫ਼ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਦੇ ਆਲੇ-ਦੁਆਲੇ ਨਹੀਂ ਘੁੰਮਦੀ, ਸਗੋਂ ਇਹ ਦਿਲਜੀਤ ਦੀ ਪੁਰਾਣੀ ਸਹੇਲੀ ਤੇ ਉਸ ਦੇ ਬੱਚੇ ਦੀ ਮਾਂ ਸ਼ਹਿਨਾਜ਼ ਗਿੱਲ ਬਾਰੇ ਵੀ ਹੈ, ਨਾਲ ਹੀ ਪਿਓ-ਪੁੱਤ ਦੀ ਜੋੜੀ ਵੀ ਢਿੱਡੀਂ ਪੀੜਾਂ ਪਾਏਗੀ। ਇਸ ਤੋਂ ਇਲਾਵਾ ਵੀ ‘ਹੌਂਸਲਾ ਰੱਖ’ ਦੀਆਂ ਕਈ ਖ਼ਾਸ ਗੱਲਾਂ ਹਨ, ਜਿਨ੍ਹਾਂ ਕਰਕੇ ਤੁਸੀਂ ਫ਼ਿਲਮ ਬਿਲਕੁਲ ਮਿਸ ਨਹੀਂ ਕਰਨਾ ਚਾਹੋਗੇ।

ਫ਼ਿਲਮ ਦੀ ਕਾਸਟ
‘ਹੌਂਸਲਾ ਰੱਖ’ ਫ਼ਿਲਮ ਨੂੰ ਦੇਖਣ ਦਾ ਇਕ ਕਾਰਨ ਫ਼ਿਲਮ ਦੀ ਕਾਸਟ ਵੀ ਹੈ। ਦਿਲਜੀਤ ਦੋਸਾਂਝ ਦੀ ਕਾਮੇਡੀ ਟਾਈਮਿੰਗ ਦਾ ਹਰ ਕੋਈ ਦੀਵਾਨਾ ਹੈ। ਸ਼ਹਿਨਾਜ਼ ਗਿੱਲ ਦਾ ਭੋਲਾਪਣ ਤੇ ਸੋਨਮ ਬਾਜਵਾ ਦਾ ਬੋਲਡ ਅੰਦਾਜ਼ ਤੇ ਨੱਖਰੇ-ਅਦਾਵਾਂ ਦੇ ਲੋਕ ਮੁਰੀਦ ਹਨ। ਫ਼ਿਲਮ ’ਚ ਦਿਲਜੀਤ ਇਕ ਦੇਸੀ ਪੰਜਾਬੀ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਇਕ ਗਲਤੀ ਕਰਕੇ ਬੁਰਾ ਫੱਸ ਜਾਂਦਾ ਹੈ। ਸ਼ਹਿਨਾਜ਼ ਗਿੱਲ, ਜੋ ਦਿਲਜੀਤ ਨੂੰ ਇਸ ਮੁਸੀਬਤ ’ਚ ਛੱਡ ਕੇ ਚਲੀ ਜਾਂਦੀ ਹੈ ਤੇ ਸੋਨਮ ਦਿਲਜੀਤ ਦਾ ਦੂਜਾ ਪਿਆਰ, ਇਨ੍ਹਾਂ ਦੇ ਨਾਲ ਸ਼ਿੰਦੇ ਦਾ ਕਿਰਦਾਰ, ਜੋ ਫ਼ਿਲਮ ਦਾ ਸਭ ਤੋਂ ਵਧੀਆ ਹਿੱਸਾ ਹੋਣ ਵਾਲਾ ਹੈ।

PunjabKesari

ਪਿਓ-ਪੁੱਤ ਦਾ ਅਨੋਖਾ ਰਿਸ਼ਤਾ
ਇਸ ਤੋਂ ਪਹਿਲਾਂ ਵੀ ਤੁਸੀਂ ਕਈ ਫ਼ਿਲਮਾਂ ਦੇਖੀਆਂ ਹੋਣਗੀਆਂ, ਜਿਨ੍ਹਾਂ ’ਚ ਪਿਓ- ਪੁੱਤ ਦੇ ਰਿਸ਼ਤੇ ਨੂੰ ਦਿਖਾਇਆ ਜਾਂਦਾ ਹੈ, ਬਹੁਤੀ ਵਾਰ ਪਿਓ ਨੂੰ ਗੁੱਸੇ ਵਾਲਾ ਤੇ ਪੁੱਤ, ਪਿਓ ਤੋਂ ਡਰਦਾ ਦਿਖਾਇਆ ਜਾਂਦਾ ਹੈ ਪਰ ਫ਼ਿਲਮ ‘ਹੌਂਸਲਾ ਰੱਖ’ ’ਚ ਪਿਓ ਤੇ ਪੁੱਤ ਦੇ ਰਿਸ਼ਤੇ ਦਾ ਇਕ ਵੱਖਰਾ ਹੀ ਪਹਿਲੂ ਦੇਖਣ ਨੂੰ ਮਿਲੇਗਾ। ਪਿਓ ਤੇ ਪੁੱਤ ਦੇ ਭਾਵਨਾਤਮਕ ਸਬੰਧਾਂ ਦਾ ਇਕ ਵੱਖਰਾ ਹੀ ਸੁਮੇਲ ਦੇਖਣ ਨੂੰ ਮਿਲੇਗਾ। ਅਕਸਰ ਪਿਤਾ ਨੌਕਰੀ ਕਰਦੇ ਹੁੰਦੇ ਹਨ ਤੇ ਬੱਚਿਆਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਮਾਂ ’ਤੇ ਹੁੰਦੀ ਹੈ ਪਰ ਕਿਉਂਕਿ ਫ਼ਿਲਮ ’ਚ ਮਾਂ ਆਪਣੇ ਬੱਚੇ ਨੂੰ ਛੱਡ ਕੇ ਚਲੀ ਜਾਂਦੀ ਹੈ ਤੇ ਪਿਤਾ ਖ਼ੁਦ ਹੀ ਬੱਚੇ ਨੂੰ ਮਾਂ-ਪਿਓ ਦੋਵਾਂ ਦਾ ਪਿਆਰ ਦਿੰਦਾ ਹੈ। ਪਿਤਾ ਬਣ ਕੇ ਡਾਂਟਦਾ ਵੀ ਹੈ ਤੇ ਮਾਂ ਬਣ ਕੇ ਸਮਝਾ ਵੀ ਲੈਂਦਾ ਹੈ। ਇਸੇ ਤਰ੍ਹਾਂ ਫ਼ਿਲਮ ‘ਹੌਂਸਲਾ ਰੱਖ’ ’ਚ ਛੋਟੀਆਂ-ਛੋਟੀਆਂ ਚੀਜ਼ਾਂ ਦਿਖਾਇਆਂ ਗਈਆਂ ਹਨ, ਜਿਵੇਂ ਡਾਇਪਰ ਕਿਵੇਂ ਬਦਲਣਾ ਹੈ, ਬੱਚੇ ਨੂੰ ਕੀ ਖਵਾਉਣਾ ਹੈ, ਕਦੋਂ ਬੱਚੇ ਨੂੰ ਕਿਸ ਚੀਜ਼ ਦੀ ਲੋੜ ਹੈ, ਇਨ੍ਹਾਂ ਹਾਲਾਤਾਂ ’ਚੋਂ ਹੀ ਕਾਮੇਡੀ ਪੈਦਾ ਹੁੰਦੀ ਹੈ। ਬੱਚੇ ਦਾ ਨਾਮ ‘ਹੌਂਸਲਾ’ ਹੁੰਦਾ ਹੈ, ਜੋ ਕਿ ਥੋੜ੍ਹਾ ਵੱਡਾ ਹੋ ਕੇ ਆਪਣੇ ਪਿਤਾ ਨੂੰ ਹੀ ਮੁੜ ਪਿਆਰ ਕਰਨ ਦਾ ਹੌਂਸਲਾ ਦਿੰਦਾ ਹੈ ਤੇ ਆਪਣੇ ਪਿਤਾ ਨੂੰ ਗਲਤੀਆਂ ਕਰਨ ’ਤੇ ਡਾਂਟਦਾ ਵੀ ਹੈ।

ਫ਼ਿਲਮ ’ਚ ਸਸਪੈਂਸ ਵੀ ਹੈ, ਜਿਥੇ ਪਿਤਾ ਆਪਣੇ ਬਿਨਾਂ ਮਾਂ ਦੇ 7 ਸਾਲਾਂ ਦੇ ਬੱਚੇ ਲਈ ਮੁੜ ਤੋਂ ਮਾਂ ਤੇ ਆਪਣੇ ਲਈ ਪਿਆਰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪਰ ਆਪਣੀ ਪਹਿਲੀ ਘਰਵਾਲੀ, ਜੋ 7 ਸਾਲ ਬਾਅਦ ਸ਼ਹਿਰ ’ਚ ਵਾਪਸ ਆ ਜਾਂਦੀ ਹੈ, ਨਾਲ ਮਿਲ ਕੇ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ ਪਰ ਕੀ ਉਸ ਨੂੰ ਮੁੜ ਤੋਂ ਪਿਆਰ ਮਿਲੇਗਾ? ਇਹ ਦੇਖਣਾ ਦਿਲਚਸਪ ਹੋਵੇਗਾ ਪਰ ਇਸ ਫ਼ਿਲਮ ਤੋਂ ਬਾਅਦ ਲਾਜ਼ਮੀ ਪਿਓ-ਪੁੱਤ ਦੇ ਰਿਸ਼ਤੇ ਨੂੰ ਇਕ ਵੱਖਰੇ ਤਰੀਕੇ ਨਾਲ ਦੇਖਣਾ ਸ਼ੁਰੂ ਕੀਤਾ ਜਾਵੇਗਾ।

PunjabKesari

ਸ਼ਿੰਦੇ ਵਲੋਂ ਹਾਸੇ ਦੀ ਖੁਰਾਕ
ਦੇਸੀ ਰਾਕਸਟਾਰ ਗਿੱਪੀ ਗਰੇਵਾਲ ਦਾ ਪੁੱਤ ਸ਼ਿੰਦਾ ਗਰੇਵਾਲ ਪਹਿਲਾਂ ‘ਅਰਦਾਸ’ ਵਰਗੀ ਫ਼ਿਲਮ ’ਚ ਕੰਮ ਕਰ ਚੁੱਕਾ ਹੈ ਤੇ ਸੋਸ਼ਲ ਮੀਡੀਆ ’ਤੇ ਵੀ ਸ਼ਿੰਦਾ ਆਪਣੀਆਂ ਮਸਤੀ ਭਰੀਆਂ ਵੀਡੀਓਜ਼ ਪਾਉਂਦਾ ਰਹਿੰਦਾ ਹੈ। ਸ਼ਿੰਦੇ ਦੀਆਂ ਹਰਕਤਾਂ ਸਾਰਿਆਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਂਦੀ ਹੈ ਪਰ ਇਸ ਫ਼ਿਲਮ ’ਚ ਸ਼ਿੰਦਾ ਵੱਖਰੇ ਅੰਦਾਜ਼ ’ਚ ਨਜ਼ਰ ਆਉਣ ਵਾਲਾ ਹੈ। ਉਹ ਫ਼ਿਲਮ ’ਚ ਤੁਹਾਡੇ ਹਾਸੇ ਦੀ ਖੁਰਾਕ ਨੂੰ ਪੂਰਾ ਕਰੇਗਾ। ਸ਼ਿੰਦੇ ਦੀ ਐਨਰਜੀ ਬਾਕਮਾਲ ਹੈ, ‘ਹੌਂਸਲਾ ਰੱਖ’ ਦੇ ਡਾਇਲਾਗ ਪ੍ਰੋਮੋਜ਼ ਤੋਂ ਤੁਹਾਨੂੰ ਵੀ ਅੰਦਾਜ਼ਾ ਹੋ ਗਿਆ ਹੋਵੇਗਾ।

PunjabKesari

ਸ਼ਹਿਨਾਜ਼ ਕੌਰ ਗਿੱਲ ਦਾ ਜਾਦੂ
ਸ਼ਹਿਨਾਜ਼ ਨੂੰ ਫ਼ਿਲਮ ’ਚ ਦੇਖਣ ਲਈ ਉਸ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ‘ਬਿੱਗ ਬੌਸ’ ’ਚ ਆਪਣੇ ਭੋਲੇਪਣ ਨਾਲ ਦਿਲ ਜਿੱਤ ਕੇ ਹੁਣ ਸ਼ਹਿਨਾਜ਼ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇਗੀ। ਸ਼ਹਿਨਾਜ਼ ਨੂੰ ਲੈ ਕੇ ਕਾਫੀ ਅਫਵਾਹਾਂ ਉਡਾਈਆਂ ਜਾ ਰਹੀਆਂ ਸਨ, ਆਪਣੀ ਪਸੰਦੀਦਾ ਅਦਾਕਾਰਾ ਨੂੰ ਦੇਖ ਕੇ ਸ਼ਹਿਨਾਜ਼ ਦੇ ਪ੍ਰਸ਼ੰਸਕ ਵੀ ਖੁਸ਼ ਹੋਣਗੇ। ਸ਼ਹਿਨਾਜ਼ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਕੰਮ ਕੀਤਾ ਹੈ। ਫ਼ਿਲਮ ‘ਹੌਂਸਲਾ ਰੱਖ’ ਨਾਲ ਸ਼ਹਿਨਾਜ਼ ਗਿੱਲ ਫ਼ਿਲਮੀ ਦੁਨੀਆ ’ਚ ਇਕ ਨਵੀਂ ਸ਼ੁਰੂਆਤ ਕਰੇਗੀ। ਉਹ ਇਕ ਅਜਿਹੀ ਕੁੜੀ ਦਾ ਕਿਰਦਾਰ ਨਿਭਾਏਗੀ, ਜਿਸ ਨੂੰ ਬੱਚੇ ਬਿਲਕੁਲ ਪਸੰਦ ਨਹੀਂ ਹਨ ਪਰ ਜਦੋਂ ਆਪਣਾ ਬੱਚਾ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਛੱਡ ਕੇ ਹੋਰ ਸ਼ਹਿਰ ਚਲੀ ਜਾਂਦੀ ਹੈ। ਫ਼ਿਲਮ ’ਚ ਅੱਜਕਲ ਦੇ ਪਿਆਰ, ਰਿਸ਼ਤਿਆਂ ਲਈ ਲੋਗ ਕਿੰਨੇ ਗੰਭੀਰ ਹੁੰਦੇ ਹਨ, ਇਸ ਬਾਰੇ ਵੀ ਦਿਖਾਇਆ ਗਿਆ ਹੈ, ਇਸੇ ਬੇਪਰਵਾਹ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ ਸ਼ਹਿਨਾਜ਼।

PunjabKesari

ਰੋਮਾਂਟਿਕ ਕਾਮੇਡੀ ਫ਼ਿਲਮ
ਅੱਜ ਦੀ ਜ਼ਿੰਦਗੀ ਦੇ ਜੋ ਹਾਲਾਤ ਹਨ, ਲੋਕ ਥੋੜ੍ਹੇ ਚਿਰ ਲਈ ਆਪਣੀਆਂ ਦੁੱਖ-ਤਕਲੀਫਾਂ ਭੁਲਾਉਣ ਲਈ ਤੇ ਮਨੋਰੰਜਨ ਲਈ ਸਿਨੇਮਾ ਘਰਾਂ ’ਚ ਜਾਂਦੇ ਹਨ। ਫ਼ਿਲਮ ‘ਹੌਂਸਲਾ ਰੱਖ’ ’ਚ ਵੀ ਕਾਮੇਡੀ ਹੈ ਪਰ ਹਾਲਾਤ ਅਨੁਸਾਰ, ਜ਼ਬਰਦਸਤੀ ਦਾ ਹਾਸਾ ਜਾਂ ਡਾਇਲਾਗਸ ਫ਼ਿਲਮ ’ਚ ਨਹੀਂ ਪਾਏ ਗਏ। ਇਸ ’ਚ ਰੋਮਾਂਸ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ। ਫ਼ਿਲਮ ਤੁਹਾਡੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੀ ਉਤਰੇਗੀ।

ਦਰਸ਼ਕ ਬਹੁਤ ਬੇਸਬਰੀ ਨਾਲ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ‘ਹੌਂਸਲਾ ਰੱਖ’ 15 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ਦੀ ਕਹਾਣੀ ਲਿਖੀ ਹੈ ਰਾਕੇਸ਼ ਧਵਨ ਨੇ ਤੇ ਫ਼ਿਲਮ ਦੇ ਨਿਰਦੇਸ਼ਕ ਨੇ ਅਮਰ ਸਿੰਘ ਸਰਾਉਂ। ਫ਼ਿਲਮ ‘ਹੌਂਸਲਾ ਰੱਖ’ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਨਿਰਮਿਤ ਕੀਤਾ ਗਿਆ ਹੈ। ਫ਼ਿਲਮ ਨੂੰ ਥਿੰਦ ਮੋਸ਼ਨ ਫ਼ਿਲਮਜ਼ ਤੇ ਸਟੋਰੀ ਟਾਈਮ ਪ੍ਰੋਡਕਸ਼ਨਜ਼ ਵਲੋਂ ਪੇਸ਼ ਕੀਤਾ ਜਾਵੇਗਾ।


Rahul Singh

Content Editor

Related News