ਕੀ 'ਦਿਲਬਰ ਗਰਲ' ਨੋਰਾ ਫਤੇਹੀ ਨੂੰ ਮਿਲ ਗਿਐ ਆਪਣਾ 'ਸੁਪਨਿਆਂ ਦਾ ਰਾਜਕੁਮਾਰ'? ਫੁੱਟਬਾਲਰ ਨਾਲ ਜੁੜ ਰਿਹੈ ਨਾਮ!
Tuesday, Jan 13, 2026 - 01:04 PM (IST)
ਮੁੰਬਈ - ਬਾਲੀਵੁੱਡ ਦੀ ਡਾਂਸਿੰਗ ਡੀਵਾ ਅਤੇ ਮਸ਼ਹੂਰ ਅਦਾਕਾਰਾ ਨੋਰਾ ਫਤੇਹੀ ਇਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਅਤੇ ਡੇਟਿੰਗ ਨੂੰ ਲੈ ਕੇ ਸੁਰਖੀਆਂ ਵਿਚ ਬਣੀ ਹੋਈ ਹੈ। ਚਰਚਾ ਹੈ ਕਿ ਨੋਰਾ ਨੂੰ ਆਪਣੇ ਸੁਪਨਿਆਂ ਦਾ ਰਾਜਕੁਮਾਰ ਮਿਲ ਗਿਆ ਹੈ ਅਤੇ ਉਹ ਇਕ ਕਰੋੜਪਤੀ ਮੋਰੱਕਨ ਫੁੱਟਬਾਲਰ ਨੂੰ ਡੇਟ ਕਰ ਰਹੀ ਹੈ।
ਕੌਣ ਹੈ ਉਹ ਫੁੱਟਬਾਲਰ?
ਰਿਪੋਰਟਾਂ ਮੁਤਾਬਕ, ਨੋਰਾ ਫਤੇਹੀ ਜਿਸ ਫੁੱਟਬਾਲਰ ਨੂੰ ਡੇਟ ਕਰ ਰਹੀ ਹੈ, ਉਹ ਕੋਈ ਹੋਰ ਨਹੀਂ ਬਲਕਿ ਦੁਨੀਆ ਦੇ ਚੋਟੀ ਦੇ ਫੁੱਟਬਾਲਰਾਂ ਵਿਚੋਂ ਇੱਕ ਅਸ਼ਰਫ ਹਕੀਮੀ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਨੋਰਾ AFCON 2025 (ਅਫਰੀਕੀ ਕੱਪ ਆਫ ਨੇਸ਼ਨਜ਼) ਦੇ ਮੈਚ ਦੇਖਣ ਗਈ ਸੀ। ਸਟੇਡੀਅਮ ਵਿਚ ਨੋਰਾ ਦੀ ਮੌਜੂਦਗੀ ਅਤੇ ਉੱਥੋਂ ਵਾਇਰਲ ਹੋਈਆਂ ਵੀਡੀਓਜ਼ ਨੇ ਇਨ੍ਹਾਂ ਅਫਵਾਹਾਂ ਨੂੰ ਹਵਾ ਦਿੱਤੀ ਹੈ ਕਿ ਉਹ ਉੱਥੇ ਸਿਰਫ ਮੋਰੱਕੋ ਦੀ ਟੀਮ ਨੂੰ ਸਪੋਰਟ ਕਰਨ ਨਹੀਂ ਸਗੋਂ ਆਪਣੇ ਪਿਆਰ ਲਈ ਪਹੁੰਚੀ ਸੀ। ਹਾਲਾਂਕਿ ਇਹ ਗੱਲ ਸਚ ਹੈ ਅਫਵਾਹ ਇਸ 'ਤੇ ਕੋਈ ਵੀ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਕਿਉਂਕਿ ਅਜੇ ਤੱਕ ਨੋਰਾ ਫਤੇਹੀ ਜਾਂ ਅਸ਼ਰਫ ਹਕੀਮੀ ਵੱਲੋਂ ਇਨ੍ਹਾਂ ਖਬਰਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਨੋਰਾ ਫਤੇਹੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅ 'ਬਿੱਗ ਬੌਸ' ਤੋਂ ਕੀਤੀ ਸੀ ਅਤੇ ਅੱਜ ਉਹ 'ਦਿਲਬਰ', 'ਸਾਕੀ-ਸਾਕੀ' ਵਰਗੇ ਸੁਪਰਹਿੱਟ ਗੀਤਾਂ ਰਾਹੀਂ ਦੁਨੀਆ ਭਰ ਵਿਚ ਆਪਣੀ ਪਛਾਣ ਬਣਾ ਚੁੱਕੀ ਹੈ। ਦੂਜੇ ਪਾਸੇ, ਅਸ਼ਰਫ ਹਕੀਮੀ ਵੀ ਫੁੱਟਬਾਲ ਦੀ ਦੁਨੀਆ ਦਾ ਇਕ ਵੱਡਾ ਨਾਮ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਜੋੜੀ ਆਪਣੇ ਰਿਸ਼ਤੇ ਨੂੰ ਜਨਤਕ ਕਰਦੀ ਹੈ ਜਾਂ ਨਹੀਂ।
