ਆਵਾਜ਼, ਲੇਖਣੀ ਤੇ ਅਦਾਕਾਰੀ ਦਾ ਸੁਮੇਲ ਤਰਸੇਮ ਜੱਸੜ, ਜਾਣੋ ਜ਼ਿੰਦਗੀ ਨਾਲ ਜੁੜੇ ਖ਼ਾਸ ਕਿੱਸੇ

07/04/2020 1:29:37 PM

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਤੇ ਸੰਗੀਤ ਸੰਗੀਤ ਦਾ ਉਹ ਸਿਤਾਰਾ, ਜਿਸ ਨੇ ਬਹੁਤ ਘੱਟ ਸਮੇਂ 'ਚ ਸ਼ੁਹਰਤ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ, ਉਹ ਹੈ ਤਰਸੇਮ ਜੱਸੜ। ਆਪਣੇ ਗੀਤਾਂ ਤੇ ਫ਼ਿਲਮਾਂ ਨਾਲ ਮਨੋਰੰਜਨ ਦੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ ਵਾਲਾ ਤਰਸੇਮ ਖ਼ੁਦ ਨੂੰ ਖ਼ੁਸ਼ ਕਿਸਮਤ ਮੰਨਦਾ ਹੈ ਕਿ ਉਸ ਨੂੰ ਸਰੋਤਿਆਂ ਨੇ ਇੰਨਾ ਪਿਆਰ ਦਿੱਤਾ ਹੈ। ਅੱਜ ਉਸ ਦੇ ਗੀਤਾਂ ਅਤੇ ਫ਼ਿਲਮਾਂ ਦਾ ਉਸ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਮਿਆਰੀ ਗੀਤ ਲਿਖਣ ਵਾਲਾ ਗੀਤਕਾਰ ਅਤੇ ਗਾਇਕ ਹੋਣ ਦੇ ਨਾਲ-ਨਾਲ ਤਰਸੇਮ ਜੱਸੜ ਇਕ ਸੰਜੀਦਾ ਕਿਰਦਾਰ ਨਿਭਾਉਣ ਵਾਲਾ ਦਮਦਾਰ ਅਦਾਕਾਰ ਵੀ ਹੈ। ਉਹ ਆਪਣੇ ਗੀਤਾਂ ਨੂੰ ਲੈ ਕੇ ਅਕਸਰ ਚਰਚਾ 'ਚ ਬਣਿਆ ਰਹਿੰਦਾ ਹੈ। ਉਹ ਭੀੜ ਨਾਲੋਂ ਹਟ ਕੇ ਤੁਰਨ ਦਾ ਸ਼ੌਕ ਰੱਖਦਾ ਹੈ। ਉਸ ਦੇ ਲਿਖੇ ਗੀਤਾਂ 'ਚ ਇਕ ਸੱਚ ਵੀ ਛੁਪਿਆ ਹੁੰਦਾ ਹੈ ਜੋ ਸਮਾਜ ਨੂੰ ਕਈ ਵਾਰ ਸ਼ੀਸ਼ਾ ਵਿਖਾਉਣ ਦਾ ਕੰਮ ਵੀ ਬਾਖ਼ੂਬੀ ਕਰਦਾ ਹੈ।
Image may contain: 1 person
ਗੀਤਕਾਰੀ ਤੋਂ ਹੋਈ ਸ਼ੁਰੂਆਤ
ਤਰਸੇਮ ਜੱਸੜ ਦਾ ਜਨਮ 4 ਜੁਲਾਈ 1986 ਨੂੰ ਪਿੰਡ ਜੱਸੜ ਤਹਿਸੀਲ ਡੇਹਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਬਾਅਦ 'ਚ ਉਸ ਦਾ ਸਾਰਾ ਪਰਿਵਾਰ ਪਿੰਡ ਅਮਲੋਹ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਪੱਕੇ ਤੌਰ 'ਤੇ ਆ ਵਸਿਆ। ਇੱਥੇ ਹੀ ਤਰਸੇਮ ਨੇ ਸਰਕਾਰੀ ਸਕੂਲ ਤੋਂ ਆਪਣੀ ਬਾਰ੍ਹਵੀ ਤਕ ਦੀ ਮੁੱਢਲੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਸ ਨੇ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਵਿਖੇ ਬੀ. ਐੱਸ. ਸੀ. ਦੀ ਡਿਗਰੀ ਹਾਸਲ ਕਰਨ ਲਈ ਦਾਖ਼ਲਾ ਲਿਆ। ਇਸੇ ਕਾਲਜ 'ਚ ਹੀ ਤਰਸੇਮ ਨੂੰ ਮਸ਼ਹੂਰ ਗਾਇਕ ਕੁਲਬੀਰ ਝਿੰਜਰ ਜਿਹੇ ਦੋਸਤਾਂ ਦਾ ਸਾਥ ਮਿਲਿਆ। ਜ਼ਿਕਰਯੋਗ ਹੈ ਕਿ ਕੁਝ ਸਮਾਂ ਤਰਸੇਮ ਕਾਲਜ ਯੂਨੀਅਨ ਦਾ ਪ੍ਰਧਾਨ ਵੀ ਰਿਹਾ। ਫਿਰ ਉਸ ਨੇ ਐੱਮ. ਐੱਸ. ਸੀ. 'ਚ ਦਾਖ਼ਲਾ ਲੈ ਲਿਆ ਪਰ ਇਸੇ ਦੌਰਾਨ ਹੀ ਉਸ ਦਾ ਇੰਗਲੈਡ ਦਾ ਵੀਜ਼ਾ ਲੱਗ ਗਿਆ ਅਤੇ ਉਹ ਆਪਣੀ ਪੜ੍ਹਾਈ ਵਿਚਕਾਰ ਹੀ ਛੱਡ ਕੇ 2009 'ਚ ਇੰਗਲੈਂਡ ਆਪਣੀ ਵੱਡੀ ਭੈਣ ਕੋਲ ਪਹੁੰਚ ਗਿਆ।
Image may contain: 4 people, people sitting, shoes and outdoor
ਇੰਗਲੈਂਡ ਪਹੁੰਚ ਕੇ ਹੀ ਉਸ ਨੂੰ ਸੁਪਨਿਆਂ ਦੀ ਦੁਨੀਆ ਤੋਂ ਬਾਹਰ ਨਿਕਲ ਅਸਲ ਦੁਨੀਆ ਨੂੰ ਜਾਨਣ ਦਾ ਚੰਗਾ ਮੌਕਾ ਮਿਲਿਆ। ਪ੍ਰਦੇਸ 'ਚ ਮਿਹਨਤ ਭਰੀ ਜ਼ਿੰਦਗੀ ਬਤੀਤ ਕਰਦਿਆਂ ਤਰਸੇਮ ਨੂੰ ਕਾਲਜ ਸਮੇਂ ਆਪਣੇ ਦੋਸਤਾਂ ਨਾਲ ਗੁਜ਼ਾਰੇ ਪਲ ਵਾਰ-ਵਾਰ ਯਾਦ ਆਉਂਦੇ। ਤਕਰੀਬਨ ਡੇਢ ਕੁ ਸਾਲ ਇੰਗਲੈਂਡ ਰਹਿ ਕੇ ਤਰਸੇਮ ਵਾਪਸ ਪੰਜਾਬ ਪਰਤ ਆਇਆ। ਉਂਝ ਤਾਂ ਤਰਸੇਮ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਪਹਿਲਾਂ ਤੋਂ ਹੀ ਸੀ ਪਰ ਇੰਗਲੈਂਡ ਰਹਿੰਦਿਆਂ ਉਸ ਨੇ ਆਪਣੇ ਜਜ਼ਬਾਤਾਂ ਨੂੰ ਗੀਤਾਂ ਦੀ ਮਾਲਾ 'ਚ ਪਰੋਣਾ ਸਿੱਖ ਲਿਆ। ਤਰਸੇਮ ਦਾ ਲਿਖਿਆ ਪਹਿਲਾ ਗੀਤ ਉਸ ਦੇ ਦੋਸਤ ਕੁਲਬੀਰ ਝਿੰਜਰ ਦੀ ਆਵਾਜ਼ 'ਚ ਰਿਕਾਰਡ ਹੋਇਆ। ਇਸ ਗੀਤ ਦੇ ਬੋਲ ਸਨ 'ਅੱਜ ਕਾਲਜ ਦੀ ਫੇਰ ਯਾਦ ਆਈ'। ਦੱਸਣਯੋਗ ਹੈ ਕਿ ਕੁਲਬੀਰ ਦੇ ਗਾਇਕੀ ਸਫ਼ਰ ਦਾ ਆਗ਼ਾਜ਼ ਵੀ ਇਸੇ ਗੀਤ ਤੋਂ ਹੋਇਆ। ਇਸ ਗੀਤ ਨੂੰ ਸਰੋਤਿਆਂ ਦਾ ਇੰਨਾ ਚੰਗਾ ਹੁੰਗਾਰਾ ਮਿਲਿਆ ਕਿ ਇਹ ਦੋਵੇਂ ਦੋਸਤ ਰਾਤੋਂ-ਰਾਤ ਸੰਗੀਤ ਦੀ ਦੁਨੀਆ 'ਚ ਮਸ਼ਹੂਰ ਹੋ ਗਏ।
Image may contain: 4 people, people standing
ਗਾਇਕੀ ਵੱਲ ਆਉਣਾ
ਤਰਸੇਮ ਜੱਸੜ ਨੇ ਬਤੌਰ ਗੀਤਕਾਰ 2012 'ਚ ਪੰਜਾਬੀ ਸੰਗੀਤ ਇੰਡਸਟਰੀ 'ਚ ਕਦਮ ਰੱਖਿਆ ਸੀ। ਸਾਲ 2013 'ਚ ਕੁਲਬੀਰ ਝਿੰਜਰ ਦੀ ਆਵਾਜ਼ 'ਚ ਰਿਲੀਜ਼ ਹੋਈ ਐਲਬਮ 'ਵਿਹਲੀ ਜਨਤਾ' ਵਿਚਲੇ 9 ਗੀਤਾਂ 'ਚੋਂ ਤਰਸੇਮ ਜੱਸੜ ਦੇ ਲਿਖੇ ਤਿੰਨ ਗੀਤ 'ਕਾਲਜ ਦੀ ਯਾਦ', 'ਯਾਦ ਪੰਜਾਬ ਦੀ ਆਉਂਦੀ ਏ' ਅਤੇ 'ਵਿਹਲੀ ਜਨਤਾ' ਤਾਂ ਹਰ ਇਕ ਪੰਜਾਬੀ ਦੀ ਪਹਿਲੀ ਪਸੰਦ ਬਣੇ। ਇਸ ਤਰ੍ਹਾਂ ਬਤੌਰ ਗੀਤਕਾਰ ਤਰਸੇਮ ਦੀ ਪੰਜਾਬੀ ਸੰਗੀਤ ਇੰਡਸਟਰੀ 'ਚ ਧਮਾਕੇਦਾਰ ਸ਼ੁਰੂਆਤ ਹੋਈ। ਇਸ ਦੇ ਨਾਲ ਹੀ ਉਸ ਨੇ ਆਪਣੇ ਯਾਰਾਂ ਦੋਸਤਾ ਨਾਲ ਰਲ ਕੇ ਸੰਗੀਤ ਕੰਪਨੀ 'ਵਿਹਲੀ ਜਨਤਾ ਰਿਕਾਰਡਜ਼' ਦੇ ਨਾਂ ਨਾਲ ਸ਼ੁਰੂ ਕੀਤੀ। ਇਸ ਤੋਂ ਬਾਅਦ ਉਸ ਦੇ ਅਗਲੇ ਲਿਖੇ ਸਾਰੇ ਗੀਤ ਵੀ ਇਸੇ ਕੰਪਨੀ ਦੇ ਬੈਨਰ ਹੇਠ ਹੀ ਰਿਲੀਜ਼ ਹੋਏ। ਕੁਲਬੀਰ ਝਿੰਜਰ ਲਈ ਬਾਅਦ 'ਚ ਤਰਸੇਮ ਨੇ ਹੋਰ ਕਈ ਗੀਤ ਲਿਖੇ, ਜੋ ਸਰੋਤਿਆਂ ਦੀ ਪਸੰਦ ਦੇ ਮੇਚ ਆਏ। ਫਿਰ ਸਮੇਂ ਅਤੇ ਸਰੋਤਿਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਸਾਲ 2014 'ਚ ਤਰਸੇਮ ਨੇ ਬਤੌਰ ਗਾਇਕ ਗੀਤ 'ਅੱਤਵਾਦੀ' ਨਾਲ ਇੰਡਸਟਰੀ 'ਚ ਕਦਮ ਰੱਖਿਆ। ਗੀਤਕਾਰੀ ਵਾਂਗ ਸਰੋਤਿਆਂ ਨੇ ਉਸ ਦੇ ਗਾਏ ਇਸ ਗੀਤ ਨੂੰ ਵੀ ਭਰਵਾਂ ਪਿਆਰ ਦਿੱਤਾ। ਭਾਵੇਂ ਇਸ ਗੀਤ ਦਾ ਉਸ ਸਮੇਂ ਵਿਰੋਧ ਵੀ ਹੋਇਆ ਪਰ ਇਹ ਤਰਸੇਮ ਨੂੰ ਜ਼ਰੂਰ ਇਸ ਖੇਤਰ 'ਚ ਪੱਕੇ ਪੈਰੀਂ ਕਰ ਗਿਆ। ਇਸ ਗੀਤ ਦੀ ਸਫਲਤਾ ਤੋਂ ਬਾਅਦ ਸਾਲ 2014 ਤੋਂ ਲੈ ਕੇ ਹੁਣ ਤਕ ਤਰਸੇਮ ਜੱਸੜ ਦੇ ਜਿੰਨੇ ਵੀ ਗੀਤ ਰਿਲੀਜ਼ ਹੋਏ ਉਹ ਸਾਰੇ ਹੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹਨ।
Image may contain: 1 person
ਮਕਬੂਲ ਗੀਤ
ਤਰਸੇਮ ਜੱਸੜ ਦੇ ਲਿਖੇ ਅਤੇ ਗਾਏ ਸਾਰੇ ਹੀ ਗੀਤ ਮਕਬੂਲ ਹੋਏ ਹਨ। ਫਿਰ ਵੀ ਕੁਝ ਵਿਸ਼ੇਸ਼ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਇਨ੍ਹਾਂ 'ਚ 'ਗੱਲਵਕੜੀ', 'ਐਲੂਮੀਨਾਟੀ', 'ਕਰੀਜ਼', 'ਅਸੂਲ', 'ਓਵਰ ਅੰਡਰ', 'ਆਉਂਦਾ ਸਰਦਾਰ', 'ਕੁੰਡੀ ਮੁੱਛ', 'ਘੈਂਟ ਬੰਦੇ', 'ਬਸ ਯਾਰਾਂ ਲਈ', 'ਫਿੱਟ ਫਿੱਟ', 'ਗੀਤ ਦੇ ਵਰਗੀ' , 'ਵੈਲਯੂ' ਅਤੇ ਐਲਬਮ 'ਟਰਬੋਨੇਟਰ' ਵਿਚਲੇ ਗੀਤ 'ਬਿੱਗ ਸ਼ਾਟ', 'ਬਰੌਲਾ', 'ਹੰਬਲ', 'ਇਕ ਦੋ ਗ਼ਜ਼ਲਾਂ', 'ਖੜੂਸ', 'ਰੰਗਲੇ ਚੁਬਾਰੇ', 'ਮਰਦਾਂ ਦੀ ਸ਼ਾਨ', 'ਸਟੋਨ ਜੜੇ ਨਾਓ' ਨੇ ਤਾਂ ਉਸ ਨੂੰ ਗਾਇਕੀ ਦੀਆਂ ਬੁਲੰਦੀਆਂ 'ਤੇ ਹੀ ਪਹੁੰਚਾ ਦਿੱਤਾ। ਪਿਛਲੇ ਸਾਲ ਤਰਸੇਮ ਜੱਸੜ ਦੇ ਆਏ ਗੀਤ 'ਰੀਬੈੱਲ', 'ਲਾਈਫ਼' ਅਤੇ 'ਤੇਰਾ ਤੇਰਾ' ਨੂੰ ਵੀ ਉਸ ਦੇ ਚਾਹੁਣ ਵਾਲਿਆਂ ਵੱਲੋਂ ਰੱਜਵਾਂ ਪਿਆਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜਕੱਲ੍ਹ ਚੱਲ ਰਹੇ ਸਿੰਗਲ ਟਰੈਕ ਦੇ ਯੁੱਗ 'ਚ ਵੀ ਤਰਸੇਮ ਜੱਸੜ 4 ਜੁਲਾਈ ਨੂੰ 'ਮਾਈ ਪ੍ਰਾਈਡ' ਟਾਈਟਲ ਹੇਠ ਵੱਖ-ਵੱਖ ਰੰਗਾਂ ਦੇ ਗੀਤਾਂ ਨਾਲ ਸਜੀ ਐਲਬਮ ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਿਹਾ ਹੈ।
Image may contain: 1 person
ਅਦਾਕਾਰੀ ਸਫ਼ਰ
ਸੰਗੀਤ ਖੇਤਰ 'ਚ ਵੱਖਰੀ ਪਛਾਣ ਬਣਾਉਣ ਤੋਂ ਇਲਾਵਾ ਤਰਸੇਮ ਜੱਸੜ ਨੇ ਪੰਜਾਬੀ ਸਿਨੇਮਾ ਨੂੰ ਬਤੌਰ ਕਹਾਣੀਕਾਰ, ਪਟਕਥਾ ਤੇ ਸੰਵਾਦ ਲੇਖਕ ਇਕ ਦਿਲ ਨੂੰ ਛੂਹ ਲੈਣ ਵਾਲੀ ਤੇ ਕਲਾਸਿਕ ਫ਼ਿਲਮ 'ਸਰਦਾਰ ਮੁਹੰਮਦ' ਦਿੱਤੀ ਹੈ। ਵੈਸੇ ਤਰਸੇਮ ਨੇ ਪਾਲੀਵੁੱਡ 'ਚ ਡੈਬਿਊ 2017 'ਚ ਆਈ ਫ਼ਿਲਮ 'ਰੱਬ ਦਾ ਰੇਡੀਓ' ਤੋਂ ਕੀਤਾ ਸੀ। 'ਵਿਹਲੀ ਜਨਤਾ ਫਿਲਮਜ਼' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਡਾਇਰੈਕਟ ਤਰਨਵੀਰ ਸਿੰਘ ਜਗਪਾਲ ਤੇ ਹੈਰੀ ਭੱਟੀ ਨੇ ਕੀਤਾ। ਇਸ ਫ਼ਿਲਮ ਦੇ ਲੇਖਕ ਸਨ ਜਸ ਗਰੇਵਾਲ। ਫ਼ਿਲਮ 'ਚ ਸਿੰਮੀ ਚਾਹਲ, ਮੈਂਡੀ ਤੱਖੜ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਜਗਜੀਤ ਸੰਧੂ, ਧੀਰਜ ਕੁਮਾਰ ਆਦਿ ਸਿਤਾਰਿਆਂ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਇਸ ਪਹਿਲੀ ਹੀ ਫ਼ਿਲਮ 'ਚ ਤਰਸੇਮ ਨੇ ਬਾਖ਼ੂਬੀ ਸਾਬਤ ਕਰ ਦਿੱਤਾ ਸੀ ਕਿ ਉਹ ਲੰਬਾ ਸਮਾਂ ਪਾਲੀਵੁੱਡ ਇੰਡਸਟਰੀ 'ਤੇ ਰਾਜ ਕਰੇਗਾ। ਇਹ ਇਕ ਪਰਿਵਾਰਕ ਵਿਸ਼ੇ 'ਤੇ ਆਧਾਰਿਤ ਫ਼ਿਲਮ ਸੀ, ਜਿਸ 'ਚ ਪਰਿਵਾਰਕ ਰਿਸ਼ਤਿਆਂ ਨੂੰ ਟੁੱਟਦੇ ਅਤੇ ਮੁੜ ਤੋਂ ਜੁੜਦੇ ਵਿਖਾਇਆ ਗਿਆ ਸੀ। ਇਸ ਫ਼ਿਲਮ ਲਈ ਤਰਸੇਮ ਜੱਸੜ ਨੂੰ ਬੈਸਟ ਡੈਬਿਊ ਅਦਾਕਾਰ ਦਾ ਫ਼ਿਲਮਫੇਅਰ ਐਵਾਰਡ ਵੀ ਹਾਸਲ ਹੋਇਆ।
Image may contain: 1 person
ਇਸ ਫ਼ਿਲਮ ਤੋਂ ਬਾਅਦ ਤਰਸੇਮ ਜੱਸੜ ਦੀ ਖ਼ੁਦ ਦੀ ਲਿਖੀ ਫਿਲਮ 'ਸਰਦਾਰ ਮੁਹੰਮਦ' 3 ਨਵੰਬਰ 2017 ਨੂੰ ਰਿਲੀਜ਼ ਹੋਈ। ਇਸ ਫ਼ਿਲਮ 'ਚ ਉਸ ਨੇ ਇਕ ਅਜਿਹੇ ਸ਼ਖਸ਼ ਸੁਰਜੀਤ ਸਿੰਘ ਦਾ ਕਿਰਦਾਰ ਨਿਭਾਇਆ, ਜੋ 1947 ਦੀ ਭਾਰਤ-ਪਾਕਿਸਤਾਨ ਵੰਡ ਵੇਲੇ ਆਪਣੇ ਮੁਸਲਿਮ ਮਾਤਾ-ਪਿਤਾ ਤੋਂ ਵਿੱਛੜ ਕੇ ਇਕ ਸਿੱਖ ਦੰਪਤੀ ਦੇ ਘਰ ਪਲਦਾ ਹੈ। ਇਨਸਾਨੀਅਤ ਦਾ ਪਾਠ ਪੜ੍ਹਾਉਂਦੀ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਇਹ ਫਿਲਮ ਵੀ ਹਰ ਇਕ ਸਿਨੇਮਾ ਪ੍ਰੇਮੀ ਦੇ ਦਿਲ ਨੂੰ ਛੂਹ ਗਈ। ਇਸ 'ਚ ਤਰਸੇਮ ਨੇ ਆਪਣੀ ਅਦਾਕਾਰੀ ਨਾਲ ਹਰ ਵੇਖਣ ਵਾਲੇ ਨੂੰ ਭਾਵੁਕ ਕਰ ਦਿੱਤਾ ਸੀ। ਇਸ ਤੋਂ ਬਾਅਦ ਜਿੰਮੀ ਸ਼ੇਰਗਿੱਲ ਦੀ ਫਿਲਮ 'ਦਾਣਾ ਪਾਣੀ' 'ਚ ਉਸ ਨੇ ਮਹਿਮਾਨ ਅਦਾਕਾਰ ਵਜੋ ਕੰਮ ਕੀਤਾ। ਹੁਣ ਤਕ ਉਹ 'ਅਫ਼ਸਰ' (2018) ,'ਊੜਾ ਐੜਾ' (2019)ਅਤੇ 'ਰੱਬ ਦਾ ਰੇਡੀਓ 2' (2019) ਫਿਲਮਾਂ 'ਚ ਆਪਣੀ ਪ੍ਰਤਿਭਾ ਦਾ ਲੋਹਾ ਬਾਖ਼ੂਬੀ ਮੰਨਵਾ ਚੁੱਕਾ ਹੈ। ਪਹਿਲੀਆਂ ਫਿਲਮਾਂ ਦੀ ਤਰ੍ਹਾਂ ਹੀ ਉਸ ਦੀਆਂ ਇਨ੍ਹਾਂ ਫਿਲਮਾਂ 'ਚ ਵੀ ਪੰਜਾਬ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਵੱਖ-ਵੱਖ ਪਹਿਲੂਆ ਦੀ ਗੱਲ ਕੀਤੀ ਗਈ ਹੈ।
Image may contain: 1 person
ਆਉਣ ਵਾਲੀਆਂ ਫਿਲਮਾਂ
ਅੱਜਕੱਲ੍ਹ ਤਰਸੇਮ ਜੱਸੜ ਆਪਣੀ ਅਗਲੀ ਫਿਲਮ 'ਗਲਵੱਕੜੀ' 'ਤੇ ਕੰਮ ਕਰ ਰਿਹਾ ਹੈ। ਫ਼ਿਲਹਾਲ ਤਾਲਾਬੰਦੀ ਦੇ ਚੱਲਦਿਆਂ ਇਸ ਫ਼ਿਲਮ ਦੀ ਵੀ ਬਾਕੀ ਫ਼ਿਲਮਾਂ ਵਾਂਗ ਹੀ ਸ਼ੂਟਿੰਗ ਰੁਕੀ ਹੋਈ ਹੈ। ਰਿਸ਼ਤਿਆ ਨੂੰ ਅਹਿਮੀਅਤ ਦੇਣ ਵਾਲੇ ਅਤੇ ਆਪਣੇ ਪਿਤਾ ਨੂੰ ਆਪਣਾ ਆਦਰਸ਼ ਮੰਨਣ ਵਾਲੇ ਤਰਸੇਮ ਜੱਸੜ ਅੱਜ ਦੀ ਨੌਜਵਾਨ ਪੀੜ੍ਹੀ ਦਾ ਸਭ ਤੋਂ ਪਸੰਦੀਦਾ ਗਾਇਕਾਂ ਤੇ ਅਦਾਕਾਰਾਂ ਵਿੱਚੋਂ ਇਕ ਹੈ। ਉਸ ਦੇ ਹਰ ਅੰਦਾਜ਼ ਨੂੰ ਅੱਜ ਦਾ ਨੌਜਵਾਨ ਵਰਗ ਵੀ ਕਾਪੀ ਕਰਦਾ ਨਜ਼ਰ ਆਉਂਦਾ ਹੈ। 'ਮੇਰੀ ਮਿਹਨਤ ਜ਼ਾਰੀ ਐ, ਤੇਰੀ ਰਹਿਮਤ ਸਾਰੀ ਐ' ਵਰਗੀ ਬਾਤ ਪਾਉਣ ਵਾਲਾ ਤਰਸੇਮ ਜੱਸੜ 4 ਜੁਲਾਈ ਨੂੰ ਆਪਣੇ ਜਨਮ ਦਿਨ ਮੌਕੇ 'ਮਾਈ ਪ੍ਰਾਈਡ' ਐਲਬਮ ਰਿਲੀਜ਼ ਕਰਨ ਜਾ ਰਿਹਾ ਹੈ। ਇਸ ਐਲਬਮ 'ਚ ਉਸ ਨੇ ਉਨ੍ਹਾਂ ਸਰਦਾਰਾਂ ਦਾ ਗੱਲ ਕੀਤੀ ਹੈ, ਜਿਨ੍ਹਾਂ ਨੇ ਦੁਨੀਆ 'ਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਉਮੀਦ ਹੈ ਕਿ ਸਰੋਤੇ ਉਸ ਦੀ ਇਸ ਐਲਬਮ ਨੂੰ ਵੀ ਮਣਾਂਮੂੰਹੀ ਪਿਆਰ ਦੇਣਗੇ।
Image may contain: 1 person


sunita

Content Editor

Related News