ਗੁਰੂ ਰੰਧਾਵਾ ਦਾ ਨਵਾਂ ਗੀਤ ਰਿਲੀਜ਼, ਵੱਖਰੀ ਲੁੱਕ ’ਚ ਆਇਆ ਨਜ਼ਰ

07/14/2021 4:22:34 PM

ਚੰਡੀਗੜ੍ਹ (ਬਿਊਰੋ)– ਗੁਰੂ ਰੰਧਾਵਾ ਦਾ ਕੋਈ ਨਵਾਂ ਗੀਤ ਰਿਲੀਜ਼ ਹੋਵੇ ਤੇ ਉਹ ਸੁਰਖ਼ੀਆਂ ’ਚ ਨਾ ਆਵੇ, ਅਜਿਹਾ ਕਦੇ ਹੋ ਹੀ ਨਹੀਂ ਸਕਦਾ। ਗੁਰੂ ਰੰਧਾਵਾ ਦੇ ਗੀਤ ਸੁਣਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਗੁਰੂ ਦਾ ਹਰ ਗੀਤ ਯੂਟਿਊਬ ’ਤੇ ਰਿਲੀਜ਼ ਹੁੰਦਿਆਂ ਹੀ ਟਰੈਂਡ ਕਰਦਾ ਹੈ।

ਹਾਲ ਹੀ ’ਚ ਜੋ ਗੀਤ ਗੁਰੂ ਰੰਧਾਵਾ ਦਾ ਰਿਲੀਜ਼ ਹੋਇਆ ਹੈ, ਉਹ ਵੀ ਟਰੈਂਡਿੰਗ ’ਚ ਛਾਇਆ ਹੋਇਆ ਹੈ। ‘ਨੈਣ ਬੇਂਗਾਲੀ’ ਨਾਂ ਦਾ ਗੀਤ ਅੱਜ ਯੂਟਿਊਬ ’ਤੇ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

3 ਘੰਟਿਆਂ ਦੇ ਅੰਦਰ ਹੀ ਇਸ ਗੀਤ ਨੂੰ 9.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ’ਚ ਗੁਰੂ ਰੰਧਾਵਾ ਬੇਹੱਦ ਫਿੱਟ ਨਜ਼ਰ ਆ ਰਹੇ ਹਨ, ਨਾਲ ਹੀ ਵਾਲਾਂ ’ਤੇ ਰੰਗ ਕਰਕੇ ਉਨ੍ਹਾਂ ਨੂੰ ਵੱਖਰੀ ਲੁੱਕ ਦਿੱਤੀ ਗਈ ਹੈ।

ਨਵੀਂ ਲੁੱਕ ’ਚ ਗੁਰੂ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਵੀ ਖ਼ੁਸ਼ ਹੋ ਰਹੇ ਹਨ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖ਼ੁਦ ਗੁਰੂ ਨੇ ਲਿਖੇ ਹਨ ਤੇ ਇਸ ਦੀ ਕੰਪੋਜ਼ੀਸ਼ਨ ਵੀ ਗੁਰੂ ਨੇ ਹੀ ਤਿਆਰ ਕੀਤੀ ਹੈ। ਗੀਤ ਨੂੰ ਸੰਗੀਤ ‘ਵੀ’ ਨੇ ਦਿੱਤਾ ਹੈ।

ਦੱਸ ਦੇਈਏ ਕਿ ‘ਨੈਣ ਬੇਂਗਾਲੀ’ ਗੀਤ ਦੀ ਵੀਡੀਓ ਵੀ ਬੇਹੱਦ ਸ਼ਾਨਦਾਰ ਹੈ। ਇਹ ਵੀਡੀਓ ਡੈਵਿਡ ਜ਼ੈਨੀ ਨੇ ਬਣਾਈ ਹੈ। ਡੈਵਿਡ ਜ਼ੈਨੀ ਉਹ ਵੀਡੀਓ ਡਾਇਰੈਕਟਰ ਹੈ, ਜਿਸ ਨੇ ਹਨੀ ਸਿੰਘ ਦੇ ਸ਼ੁਰੂਆਤੀ ਸਮੇਂ ’ਚ ਕਈ ਸੁਪਰਹਿੱਟ ਗੀਤ ਡਾਇਰੈਕਟ ਕੀਤੇ ਸਨ। ਇਨ੍ਹਾਂ ’ਚ ਹਨੀ ਸਿੰਘ ਦਾ ਮਸ਼ਹੂਰ ਗੀਤ ‘ਬ੍ਰਾਊਨ ਰੰਗ’ ਵੀ ਸ਼ਾਮਲ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News