ਟੀ. ਵੀ. ਦਾ ਇਹ ਮਸ਼ਹੂਰ ਸਿਤਾਰਾ ਕੋਰੋਨਾ ਮਰੀਜ਼ਾਂ ਲਈ ਖੋਲ੍ਹੇਗਾ 1000 ਬੈੱਡਾਂ ਵਾਲਾ ਹਸਪਤਾਲ
Monday, Apr 26, 2021 - 05:06 PM (IST)
ਮੁੰਬਈ (ਬਿਊਰੋ)– ਸਾਲ 2008-09 ਦੇ ਸੀਰੀਅਲ ‘ਰਮਾਇਣ’ ’ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਗੁਰਮੀਤ ਚੌਧਰੀ ਪਟਨਾ ਤੇ ਲਖਨਊ ’ਚ 1000 ਬੈੱਡਾਂ ਵਾਲਾ ਕੋਵਿਡ ਹਸਪਤਾਲ ਬਣਾਉਣ ਜਾ ਰਹੇ ਹਨ। ਉਸ ਨੇ ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।
ਗੁਰਮੀਤ ਨੇ ਲਿਖਿਆ, ‘ਮੈਂ ਫੈਸਲਾ ਲਿਆ ਹੈ ਕਿ ਮੈਂ ਆਮ ਲੋਕਾਂ ਲਈ ਪਟਨਾ ਤੇ ਲਖਨਊ ’ਚ 1000 ਅਲਟਰਾ ਮਾਡਰਨ ਬੈੱਡ ਹਸਪਤਾਲ ਖੋਲ੍ਹਾਂਗਾ। ਬਾਅਦ ’ਚ ਇਸ ਨੂੰ ਹੋਰਨਾਂ ਸ਼ਹਿਰਾਂ ’ਚ ਵੀ ਸ਼ੁਰੂ ਕੀਤਾ ਜਾਵੇਗਾ। ਤੁਹਾਡੇ ਆਸ਼ੀਰਵਾਦ ਤੇ ਸਹਾਇਤਾ ਦੀ ਜ਼ਰੂਰਤ ਹੈ। ਜੈ ਹਿੰਦ। ਵੇਰਵੇ ਜਲਦੀ ਸਾਂਝੇ ਕਰਾਂਗਾ।’
ਗੁਰਮੀਤ ਦੀ ਪੋਸਟ ਨੂੰ ਵੇਖਣ ਤੋਂ ਬਾਅਦ ਬਾਲੀਵੁੱਡ ਤੇ ਟੀ. ਵੀ. ਦੇ ਬਹੁਤ ਸਾਰੇ ਕਲਾਕਾਰ ਉਸ ਦੀ ਸ਼ਲਾਘਾ ਕਰ ਰਹੇ ਹਨ ਤੇ ਸਹਾਇਤਾ ਦੀ ਪੇਸ਼ਕਸ਼ ਵੀ ਕਰ ਰਹੇ ਹਨ। ਗਾਇਕ ਅਰਮਾਨ ਮਲਿਕ ਨੇ ਲਿਖਿਆ, ‘ਇਹ ਜਾਣਨਾ ਬਹੁਤ ਹੀ ਦਿਲਕਸ਼ ਹੈ ਗੁਰਮੀਤ।’ ਤੁਸੀਂ ਇਸ ਸਮੇਂ ਜੋ ਕਰ ਰਹੇ ਹੋ, ਉਹ ਸ਼ਲਾਘਾਯੋਗ ਹੈ। ਪਿਆਰ ਤੇ ਸਤਿਕਾਰ।’ ਅਦਾਕਾਰ ਕਰਨ ਵਾਹੀ ਨੇ ਲਿਖਿਆ, ‘ਮੈਨੂੰ ਦੱਸੋ, ਅਸੀਂ ਕਿਵੇਂ ਮਦਦ ਕਰ ਸਕਦੇ ਹਾਂ।’ ਨਿਰਦੇਸ਼ਕ ਵਿਨੋਦ ਕਾਪੜੀ ਨੇ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ
ਗੁਰਮੀਤ ਤੇ ਉਨ੍ਹਾਂ ਦੀ ਟੀਮ ਲੋੜਵੰਦਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਇਕ ਸੰਪਰਕ ਨੰਬਰ ਸਾਂਝਾ ਕੀਤਾ ਹੈ ਤਾਂ ਜੋ ਆਮ ਲੋਕ ਜ਼ਰੂਰਤ ਦੇ ਸਮੇਂ ਉਸ ਨਾਲ ਸਿੱਧਾ ਸੰਪਰਕ ਕਰ ਸਕਣ। ਉਹ ਹਸਪਤਾਲਾਂ ’ਚ ਮਰੀਜ਼ਾਂ ਲਈ ਬੈੱਡ, ਦਵਾਈਆਂ ਤੇ ਆਕਸੀਜਨ ਸਿਲੰਡਰ ਦੇ ਨਾਲ-ਨਾਲ ਪਲਾਜ਼ਮਾ ਮੁਹੱਈਆ ਕਰਵਾ ਰਹੇ ਹਨ।
ਬਹੁਤ ਸਾਰੇ ਬਾਲੀਵੁੱਡ ਤੇ ਟੀ. ਵੀ. ਸਿਤਾਰੇ ਕੋਰੋਨਾ ਦੇ ਇਸ ਮਾੜੇ ਪੜਾਅ ’ਚ ਦਿਲੋਂ ਮਦਦ ਕਰ ਰਹੇ ਹਨ, ਜਦੋਂਕਿ ਸੋਨੂੰ ਸੂਦ ਮਰੀਜ਼ਾਂ ਨੂੰ ਲਗਾਤਾਰ ਆਕਸੀਜਨ ਸਿਲੰਡਰ ਤੇ ਜ਼ਰੂਰੀ ਦਵਾਈਆਂ ਪਹੁੰਚਾ ਰਹੇ ਹਨ। ਅਕਸ਼ੇ ਕੁਮਾਰ ਨੇ ਹਾਲ ਹੀ ’ਚ ਗੌਤਮ ਗੰਭੀਰ ਫਾਊਂਡੇਸ਼ਨ ਨੂੰ ਇਕ ਕਰੋੜ ਰੁਪਏ ਦਾਨ ਕੀਤੇ। ਭੂਮੀ ਪੈਡਨੇਕਰ ਪਲਾਜ਼ਮਾ ਦਾਨ ਬਾਰੇ ਮੁਹਿੰਮ ਚਲਾ ਰਹੀ ਹੈ ਤੇ ਉਹ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰ ਰਹੀ ਹੈ।
ਨੋਟ– ਗੁਰਮੀਤ ਚੌਧਰੀ ਦੇ ਇਸ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।