Web Series Review : ''ਗ੍ਰਹਿਣ'' ਸਮਾਜ ਤੇ ਸਿਆਸਤ ਦੇ ਸੁਮੇਲ ਨੂੰ ਦਿਖਾਉਂਦੀ ਪਿਤਾ-ਬੇਟੀ ਦੀ ਸੰਵੇਦਨਸ਼ੀਲ ਕਹਾਣੀ
Thursday, Jun 24, 2021 - 02:44 PM (IST)
ਨਵੀਂ ਦਿੱਲੀ : ਜ਼ਮਾਨਾ ਕੋਈ ਵੀ ਹੋਵੇ, ਸਰਕਾਰ ਕਿਸੇ ਦੀ ਵੀ ਹੋਵੇ ਪਰ ਸਿਆਸੀ ਫ਼ਿਲਮ 'ਚ ਦੰਗਿਆਂ ਦੀ ਪਟਕਥਾ ਲਗਪਗ ਇਕੋ-ਜਿਹੀ ਲੱਗਦੀ ਹੈ। ਸਭ ਜਾਣਦੇ ਹਨ, ਸਮਝਦੇ ਵੀ ਹਨ ਪਰ ਜਦੋਂ ਸਮਝਦਾਰੀ ਦਿਖਾਉਣ ਦਾ ਸਮਾਂ ਆਉਂਦਾ ਹੈ ਤਾਂ ਨਫ਼ਰਤ ਦਾ ਸੈਲਾਬ ਪਿਆਰ ਤੇ ਇਨਸਾਨੀਅਤ 'ਤੇ ਭਾਰੀ ਪੈ ਜਾਂਦਾ ਹੈ। ਸੀਨੇ 'ਚ ਨਫ਼ਰਤ ਦੀ ਦਬੀ ਹੋਈ ਚਿੰਗਾਰੀ ਨੂੰ ਕੋਈ ਸ਼ਾਤਿਰ ਹਵਾ ਦੇ ਕੇ ਦੰਗਿਆਂ ਦੀ ਅੱਗ 'ਚ ਬਦਲ ਦਿੰਦਾ ਹੈ। ਪਿਛੇ ਰਹਿ ਜਾਂਦੀ ਹੈ ਬਰਬਾਦੀ ਅਤੇ ਕਦੇ ਨਾ ਭਰਨ ਵਾਲਾ ਜ਼ਖ਼ਮ। ਇਹ ਪਟਕਥਾ ਕਦੇ ਪੁਰਾਣੀ ਨਹੀਂ ਹੁੰਦੀ, ਬਸ ਕਿਰਦਾਰ ਅਤੇ ਸਰੋਕਾਰ ਬਦਲ ਜਾਂਦੇ ਹਨ, ਜੋ ਸਿਆਸਤ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਤੈਅ ਕਰਦੀ ਹੈ।
ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ 'ਗ੍ਰਹਿਣ' ਸਮਾਜ ਅਤੇ ਸਿਆਸਤ ਦੇ ਅਜਿਹੇ ਹੀ ਕਈ ਰੂਪਾਂ ਨੂੰ ਅੱਗੇ ਲਿਆਉਣ ਵਾਲੀ ਇਕ ਸੰਵੇਦਨਸ਼ੀਲ ਕਹਾਣੀ ਹੈ, ਜਿਸਦੇ ਕੇਂਦਰ 'ਚ ਇਕ ਪੁਲਸ ਅਫ਼ਸਰ ਬੇਟੀ, ਦੰਗਿਆਂ ਦਾ ਮੁੱਖ ਦੋਸ਼ੀ ਪਿਤਾ, ਸਿਆਹ ਸਿਆਸਤ ਅਤੇ ਇਕ ਦਹਿਲਾਉਣ ਵਾਲਾ ਰਾਜ਼ ਹੈ।
ਦੱਸ ਦਈਏ ਕਿ ਇਸ ਵੈੱਬ ਸੀਰੀਜ਼ ਦੀ ਕਹਾਣੀ ਦੀ ਕਥਾ-ਭੂਮੀ, ਕਾਲਖੰਡ ਅਤੇ ਕਿਰਦਾਰ ਭਾਵੇਂ ਹੀ ਕਿਸੇ ਦੂਸਰੇ ਦੌਰ 'ਚ ਸਥਾਪਿਤ ਹੋਣ ਪਰ ਦ੍ਰਿਸ਼ ਅਜਿਹੇ ਲੱਗਦੇ ਹਨ, ਮੰਨੋ ਹੁਣੇ ਦੀ ਗੱਲ ਹੈ। ਉਂਝ 'ਗ੍ਰਹਿਣ' ਦੀ ਕਹਾਣੀ ਸੱਤਿਆ ਵਿਆਸ ਦੇ ਨਾਵਲ ਚੌਰਾਸੀ ਤੋਂ ਪ੍ਰੇਰਿਤ ਹੈ। ਇਹ ਨਾਵਲ ਪੰਜਾਬ ਆਪਰੇਸ਼ਨ ਬਲੂ ਸਟਾਰ ਅਤੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੀਆਂ ਘਟਨਾਵਾਂ ਦੇ ਪਿਛੋਕੜ 'ਤੇ ਲਿਖਿਆ ਗਿਆ ਸੀ।
'ਗ੍ਰਹਿਣ' ਦੀ ਕਹਾਣੀ ਮੁੱਖ ਰੂਪ ਨਾਲ ਤਿੰਨ ਦਹਾਕਿਆਂ ਦੇ ਅੰਤਰਾਲ 'ਤੇ ਦੋ ਕਾਲ ਖੰਡਾਂ 'ਚ ਚੱਲਦੀ ਹੈ। ਸਾਲ 2016 ਤੋਂ ਸ਼ੁਰੂ ਹੋ ਕੇ ਸਾਲ 1984 ਅਤੇ ਉਸਦੇ ਇਕ-ਦੋ ਸਾਲ ਪਿੱਛੇ ਦੀਆਂ ਘਟਨਾਵਾਂ ਨੂੰ ਸਮੇਟਦੀ ਹੈ। 'ਗ੍ਰਹਿਣ' ਦੀ ਕਹਾਣੀ ਆਪਣੇ-ਆਪ 'ਚ ਕਈ ਜਜ਼ਬਾਤ ਸਮੇਟੇ ਹੋਏ ਹੈ। ਮੁੱਖ ਤੌਰ 'ਤੇ ਇਹ ਇਕ ਪਿਤਾ ਅਤੇ ਬੇਟੀ 'ਚ ਭਾਵਨਾਤਮਕ ਰਿਸ਼ਤੇ ਦਾ ਚਰਿੱਤਰ ਹੈ ਪਰ ਸੀਰੀਜ਼ ਕਈ ਹੋਰ ਅਹਿਮ ਮੁੱਦਿਆਂ ਨੂੰ ਰੇਖਾਂਕਿਤ ਵੀ ਕਰਦੀ ਹੈ, ਜੋ ਅੱਜ ਵੀ ਪ੍ਰਾਸੰਗਿਕ ਹੈ।
ਦੱਸਣਯੋਗ ਹੈ ਕਿ 'ਗ੍ਰਹਿਣ' ਦੇ ਟਰੇਲਰ 'ਚ ਦਿਖਾਇਆ ਗਿਆ ਹੈ ਕਿ ਸਿੱਖ ਦੰਗੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਨ। ਇਨ੍ਹਾਂ ਦੰਗਿਆਂ ਦੀ ਜਾਂਚ ਕਈ ਸਾਲਾਂ ਤੋਂ ਚੱਲ ਰਹੀ ਹੈ ਪਰ ਨਤੀਜਾ ਨਿਕਲਿਆ ਨਹੀਂ ਹੈ। ਸਾਲ 2016 'ਚ ਰਾਂਚੀ ਪੁਲਸ ਕਮਿਸ਼ਨਰ ਨੇ ਅਦਾਕਾਰਾ ਜ਼ੋਇਆ ਹੁਸੈਨ, ਜੋ ਆਈ. ਪੀ. ਐੱਸ. ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ, ਨੂੰ ਇਸ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ।