ਕੋਰੋਨਾ ਨੈਗੇਟਿਵ ਆਉਣ ਤੋਂ ਬਾਅਦ ਗੋਵਿੰਦਾ ਨੇ ਸਾਂਝੀ ਕੀਤੀ ਮਜ਼ੇਦਾਰ ਵੀਡੀਓ

4/9/2021 12:05:42 PM

ਮੁੰਬਈ (ਬਿਊਰੋ)– ਦੇਸ਼ ’ਚ ਇਕ ਵਾਰ ਮੁੜ ਕੋਰੋਨਾ ਵਾਇਰਸ ਦੀ ਲਹਿਰ ਵਧਦੀ ਦਿਖਾਈ ਦੇ ਰਹੀ ਹੈ ਤੇ ਮਨੋਰੰਜਨ ਜਗਤ ਦੇ ਸਿਤਾਰੇ ਵੀ ਇਸ ਤੋਂ ਕਾਫੀ ਪ੍ਰਭਾਵਿਤ ਹੋ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਨੇ ਬਾਲੀਵੁੱਡ ਸਿਤਾਰਿਆਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ। ਬਾਲੀਵੁੱਡ ਦੇ ਕਈ ਸਿਤਾਰੇ ਅਜੇ ਵੀ ਇਸ ਦੀ ਚਪੇਟ ’ਚ ਹਨ ਤਾਂ ਕਈ ਇਸ ਤੋਂ ਠੀਕ ਵੀ ਹੋ ਰਹੇ ਹਨ। ਇਸ ਲਿਸਟ ’ਚ ਗੋਵਿੰਦਾ ਦਾ ਨਾਂ ਵੀ ਸ਼ਾਮਲ ਹੈ। ਗੋਵਿੰਦਾ ਵੀ ਕੋਰੋਨਾ ਦੀ ਚਪੇਟ ’ਚ ਆਏ ਸਨ। ਹੁਣ ਉਨ੍ਹਾਂ ਨੇ ਆਪਣੇ ਨੈਗੇਟਿਵ ਹੋਣ ਦਾ ਐਲਾਨ ਇਕ ਮਜ਼ੇਦਾਰ ਵੀਡੀਓ ਸਾਂਝੀ ਕਰਦਿਆਂ ਕੀਤਾ ਹੈ।

ਗੋਵਿੰਦਾ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ’ਚ ਉਹ ਦਰਵਾਜ਼ਾ ਖੋਲ੍ਹ ਕੇ ਬਾਹਰ ਆਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਦਿਖ ਰਿਹਾ ਹੈ ਕਿ ਗੋਵਿੰਦਾ ਨੇ ਲਾਲ ਤੇ ਸਫੈਦ ਰੰਗ ਦੇ ਕੱਪੜੇ ਪਹਿਨੇ ਹਨ ਤੇ ਅੱਖਾਂ ’ਤੇ ਐਨਕਾਂ ਲਗਾਈਆਂ ਹਨ। ਉਨ੍ਹਾਂ ਦੇ ਚਿਹਰੇ ’ਤੇ ਤਾਜ਼ਗੀ ਸਾਫ ਦੇਖਣ ਨੂੰ ਮਿਲ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Govinda (@govinda_herono1)

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਗੋਵਿੰਦਾ ਨੇ ਲਿਖਿਆ, ‘ਅਪੁਨ ਆ ਗੇਲਾ ਹੈ।’ ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ਟੈਗ ‘ਟੈਸਟੇਡ ਨੈਗੇਟਿਵ’ ਵੀ ਲਿਖਿਆ। ਉਨ੍ਹਾਂ ਦੀ ਇਸ ਪੋਸਟ ’ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਕੁਮੈਂਟਸ ਕਰ ਰਹੇ ਹਨ। ਖ਼ੁਦ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਕਹਿਣ ਵਾਲੇ ਰਣਵੀਰ ਸਿੰਘ ਨੇ ਵੀ ਇਸ ’ਤੇ ਪ੍ਰਤੀਕਿਰਿਆ ਦੇ ਕੇ ਖੁਸ਼ੀ ਜ਼ਾਹਿਰ ਕੀਤੀ ਹੈ। ਰਣਵੀਰ ਨੇ ਗੋਵਿੰਦਾ ਨਾਲ ਫ਼ਿਲਮ ‘ਕਿਲ ਦਿਲ’ ’ਚ ਕੰਮ ਕੀਤਾ ਸੀ।

ਦੱਸਣਯੋਗ ਹੈ ਕਿ ਗੋਵਿੰਦਾ ਨੇ ਆਪਣੇ ਕੋਵਿਡ ਪਾਜ਼ੇਟਿਵ ਹੋਣ ਦੀ ਜਾਣਕਾਰੀ ਵੀ ਸੋਸ਼ਲ ਮੀਡੀਆ ’ਤੇ ਦਿੱਤੀ ਸੀ। ਨਾਲ ਹੀ ਉਨ੍ਹਾਂ ਸੰਪਰਕ ’ਚ ਆਉਣ ਵਾਲੇ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਵੀ ਆਪਣਾ ਟੈਸਟ ਕਰਵਾਉਣ। ਗੋਵਿੰਦਾ ਨੇ ਨਾਲ ਇਹ ਵੀ ਦੱਸਿਆ ਸੀ ਕਿ ਉਸ ਦੀ ਪਤਨੀ ਸੁਨੀਤਾ ਵੀ ਕੋਰੋਨਾ ਦੀ ਚਪੇਟ ’ਚ ਆ ਗਈ ਹੈ ਤੇ ਅਜੇ ਰਿਕਵਰ ਹੋਈ ਹੈ।

ਦੱਸਣਯੋਗ ਹੈ ਕਿ ਬਾਲੀਵੁੱਡ ਦੇ ਕਈ ਸਿਤਾਰੇ ਇਨ੍ਹੀਂ ਦਿਨੀਂ ਕੋਰੋਨਾ ਦੀ ਚਪੇਟ ’ਚ ਹਨ। ਫਿਟਨੈੱਸ ਦਾ ਧਿਆਨ ਰੱਖਣ ਵਾਲੇ ਅਕਸ਼ੇ ਕੁਮਾਰ ਵੀ ਕੋਰੋਨਾ ਵਾਇਰਸ ਨਾਲ ਪੀੜਤ ਹਨ। ਉਹ ਸਾਵਧਾਨੀ ਦੇ ਤੌਰ ’ਤੇ ਹਸਪਤਾਲ ’ਚ ਦਾਖ਼ਲ ਹੋ ਗਏ ਹਨ। ਉਨ੍ਹਾਂ ਤੋਂ ਇਲਾਵਾ ਆਮਿਰ ਖ਼ਾਨ, ਮਿਲਿੰਦ ਸੋਮਨ, ਮਨੋਜ ਬਾਜਪਾਈ, ਆਲੀਆ ਭੱਟ, ਫਾਤਿਮਾ ਸਨਾ ਸ਼ੇਖ, ਕੈਟਰੀਨਾ ਕੈਫ, ਵਿੱਕੀ ਕੌਸ਼ਲ ਵਰਗੇ ਕਈ ਸਿਤਾਰੇ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਦੇ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh