ਕਲਾਕਾਰਾਂ ਦੇ ਵਿਵਾਦ ’ਤੇ ਖੁੱਲ੍ਹ ਕੇ ਬੋਲੇ ਗਿੱਪੀ ਗਰੇਵਾਲ (ਵੀਡੀਓ)

08/31/2020 2:37:21 PM

ਜਲੰਧਰ (ਬਿਊਰੋ)– ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ’ਚ ਆਏ ਦਿਨ ਕੋਈ ਨਾ ਕੋਈ ਵਿਵਾਦ ਦੇਖਣ ਤੇ ਸੁਣਨ ਨੂੰ ਮਿਲਦਾ ਹੈ। ਕਦੇ ਗਾਇਕਾਂ ਦੀ ਕੰਟਰੋਵਰਸੀ ਚਰਚਾ ’ਚ ਰਹਿੰਦੀ ਹੈ ਤਾਂ ਕਦੇ ਦੋ ਕਲਾਕਾਰਾਂ ਦੀਆਂ ਫਿਲਮਾਂ ਦੇ ਕਲੈਸ਼ ਨੂੰ ਮੁੱਦਾ ਬਣਾ ਲਿਆ ਜਾਂਦਾ ਹੈ। ਹਾਲਾਂਕਿ ਆਪਸ ’ਚ ਉਹ ਕਲਾਕਾਰ ਕਿਵੇਂ ਰਹਿੰਦੇ ਹਨ, ਇਸ ਸਬੰਧੀ ਅੱਜ ਗਿੱਪੀ ਗਰੇਵਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਗਿੱਪੀ ਗਰੇਵਾਲ ਆਪਣੀ ਐਲਬਮ ‘ਦਿ ਮੇਨ ਮੈਨ’ ਦੇ ਪੋਸਟਰ ਰਿਲੀਜ਼ ਦੀ ਜਾਣਕਾਰੀ ਦੇਣ ਲਈ ਲਾਈਵ ਹੋਏ ਸਨ ਪਰ ਜਦੋਂ ਉਨ੍ਹਾਂ ਤੋਂ ਕਿਸੇ ਨੇ ਦਿਲਜੀਤ ਦੋਸਾਂਝ ਨੂੰ ਲੈ ਕੇ ਸਵਾਲ ਕੀਤਾ ਤਾਂ ਉਸ ਦਾ ਜਵਾਬ ਦਿੰਦਿਆਂ ਗਿੱਪੀ ਨੇ ਕਿਹਾ ਕਿ ਕਲਾਕਾਰਾਂ ਦੀ ਆਪਸ ’ਚ ਕੋਈ ਕੰਟਰੋਵਰਸੀ ਨਹੀਂ ਹੁੰਦੀ। ਇਹ ਸਭ ਫੈਨਜ਼ ਵਲੋਂ ਆਪਣੇ ਕਲਾਕਾਰ ਨੂੰ ਉੱਚਾ ਦਿਖਾਉਣ ਲਈ ਪੈਦਾ ਕੀਤੀ ਸੋਸ਼ਲ ਮੀਡੀਆ ’ਤੇ ਨੈਗੇਟਿਵੀਟੀ ਹੈ। ਗਿੱਪੀ ਨੇ ਕਿਹਾ ਕਿ ਮੇਰੇ ਕੋਲੋਂ ਤੇ ਦਿਲਜੀਤ ਦੋਸਾਂਝ ਕੋਲੋਂ ਵੀ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਅਸੀਂ ਆਪਸ ’ਚ ਬੋਲਦੇ ਨਹੀਂ ਪਰ ਸੱਚ ਇਹ ਨਹੀਂ ਹੈ। ਸਾਡੇ ਦੋਵਾਂ ’ਚ ਸਭ ਠੀਕ ਹੈ ਤੇ ਕਦੇ ਕੁਝ ਮਾੜਾ ਹੋਇਆ ਵੀ ਨਹੀਂ।

ਗਿੱਪੀ ਨੇ ਅੱਗੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਕ ਪਰਿਵਾਰ ਵਾਂਗ ਰਹਿਣਾ ਚਾਹੀਦਾ ਹੈ ਤੇ ਕਿਸੇ ਨੂੰ ਜ਼ਿੰਦਾਬਾਦ ਕਹਿਣ ਦੇ ਨਾਲ-ਨਾਲ ਦੂਜੇ ਬੰਦੇ ਨੂੰ ਮੁਰਦਾਬਾਦ ਨਹੀਂ ਕਹਿਣਾ ਚਾਹੀਦਾ। ਗਿੱਪੀ ਨੇ ਕਰਨ ਔਜਲਾ ਤੇ ਸਿੱਧੂ ਮੂਸੇ ਵਾਲਾ ਨਾਲ ਆਉਣ ਵਾਲੇ ਗੀਤਾਂ ’ਤੇ ਵੀ ਫੈਨਜ਼ ਨੂੰ ਖੁੱਲ੍ਹ ਕੇ ਦੱਸਿਆ। ਗਿੱਪੀ ਨੇ ਇਹ ਵੀ ਕਿਹਾ ਕਿ ਦੁਨੀਆ ਭਰ ’ਚ ਕੋਰੋਨਾ ਵਾਇਰਸ ਕਰਕੇ ਪਹਿਲਾਂ ਹੀ ਲੋਕ ਨਿਰਾਸ਼ ਹੋਏ ਪਏ ਹਨ ਤੇ ਅਜਿਹੇ ’ਚ ਆਪਣੇ ਦਿਮਾਗ ਨੂੰ ਕੰਟਰੋਵਰਸੀਜ਼ ’ਚ ਲਗਾਉਣਾ ਠੀਕ ਨਹੀਂ। ਸਾਰੇ ਕਲਾਕਾਰ ਮਿਹਨਤ ਕਰਕੇ ਅੱਗੇ ਆਏ ਹਨ ਤੇ ਸਭ ਦੀ ਸਾਨੂੰ ਸੁਪੋਰਟ ਕਰਨੀ ਚਾਹੀਦੀ ਹੈ।


Rahul Singh

Content Editor

Related News