‘ਸਿੰਘ ਵਰਸਿਜ਼ ਕੌਰ-2’ ’ਚ ਗਿੱਪੀ-ਸ਼ਹਿਨਾਜ਼ ਦੀ ਜੋੜੀ ਨੇ ਜਿੱਤਿਆ ਦਿਲ

Saturday, Sep 12, 2026 - 09:52 AM (IST)

‘ਸਿੰਘ ਵਰਸਿਜ਼ ਕੌਰ-2’ ’ਚ ਗਿੱਪੀ-ਸ਼ਹਿਨਾਜ਼ ਦੀ ਜੋੜੀ ਨੇ ਜਿੱਤਿਆ ਦਿਲ

ਜਲੰਧਰ (ਬਿਊਰੋ)- ਪੰਜਾਬੀ ਸਿਨੇਮਾ ਦੇ ਦਰਸ਼ਕਾਂ ਨੂੰ ਲੰਬੀ ਉਡੀਕ ਤੋਂ ਬਾਅਦ ‘ਸਿੰਘ ਵਰਸਿਜ਼ ਕੌਰ-2’ ਦੇ ਰੂਪ ਵਿਚ ਇਕ ਅਜਿਹੀ ਫ਼ਿਲਮ ਦੇਖਣ ਨੂੰ ਮਿਲੀ ਹੈ, ਜਿਸ ਵਿਚ ਕਾਮੇਡੀ, ਰੋਮਾਂਸ, ਐਕਸ਼ਨ ਅਤੇ ਜਜ਼ਬਾਤਾਂ ਨੂੰ ਇਕੋ ਕਹਾਣੀ ਵਿਚ ਪਿਰੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਵਨੀਤ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿਚ ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਗਿੱਲ ਮੁੱਖ ਭੂਮਿਕਾਵਾਂ ਵਿਚ ਹਨ। ਫ਼ਿਲਮ 11 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਈ ਹੈ।

ਕਹਾਣੀ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦਾ ਕਿਰਦਾਰ ਨਿਹਾਲ ਜੋ ਆਪਣੇ ਸ਼ਹੀਦ ਪਿਤਾ ਦੀ ਵਿਰਾਸਤ ਅਤੇ ਆਪਣੇ ਪਿੰਡ ਦੀ ਬਿਹਤਰੀ ਲਈ ਕੁਝ ਕਰਨ ਦਾ ਸੁਪਨਾ ਦੇਖਦਾ ਹੈ। ਉਹ ਆਪਣੇ ਦੋਸਤ ਤਾਰੀ ਨਾਲ ਮਿਲ ਕੇ ਪਿੰਡ ਵਾਸੀਆਂ ਨੂੰ ਮੱਛੀ ਪਾਲਣ ਦੇ ਪ੍ਰਾਜੈਕਟ ਵਿਚ ਪੈਸਾ ਲਗਾਉਣ ਲਈ ਤਿਆਰ ਕਰਦਾ ਹੈ ਪਰ ਜਦੋਂ ਪ੍ਰਾਜੈਕਟ ਦੇ ਪੈਸੇ ਗਾਇਬ ਹੋ ਜਾਂਦੇ ਹਨ ਤਾਂ ਨਿਹਾਲ ’ਤੇ ਹੀ ਧੋਖਾਦੇਹੀ ਦਾ ਦੋਸ਼ ਲੱਗ ਜਾਂਦਾ ਹੈ। ਇਸ ਤੋਂ ਬਾਅਦ ਕਹਾਣੀ ਪੰਜਾਬ ਤੋਂ ਕੋਲਕਾਤਾ ਅਤੇ ਫਿਰ ਕੈਨੇਡਾ ਤੱਕ ਪਹੁੰਚਦੀ ਹੈ।

ਇਸ ਘਟਨਾਚੱਕਰ ਵਿਚ ਸ਼ਹਿਨਾਜ਼ ਗਿੱਲ ਵਲੋਂ ਨਿਭਾਇਆ ਜਸਨੀਤ ਕੌਰ ਦਾ ਕਿਰਦਾਰ ਕਹਾਣੀ ਨੂੰ ਨਵਾਂ ਮੋੜ ਦਿੰਦਾ ਹੈ। ਜਸਨੀਤ ਅਤੇ ਉਸ ਦੇ ਭਰਾ ਨਾਲ ਜੁੜੀ ਗੁੱਥੀ ਹੌਲੀ-ਹੌਲੀ ਸਾਹਮਣੇ ਆਉਂਦੀ ਹੈ। ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਫ਼ਿਲਮ ਦੀਆਂ ਖ਼ਾਸ ਖਿੱਚਾਂ ਵਿਚੋਂ ਇਕ ਹੈ। ਦੋਵਾਂ ਦੀ ਆਨ-ਸਕ੍ਰੀਨ ਕੈਮਿਸਟਰੀ ਕਹਾਣੀ ਦੇ ਰੋਮਾਂਟਿਕ ਅਤੇ ਹਲਕੇ-ਫੁਲਕੇ ਹਿੱਸਿਆਂ ਨੂੰ ਮਜ਼ਬੂਤੀ ਦਿੰਦੀ ਹੈ। ਸ਼ਹਿਨਾਜ਼ ਦਾ ਬੰਗਾਲੀ ਪਿਛੋਕੜ ਵਾਲਾ ਕਿਰਦਾਰ ਵੀ ਫ਼ਿਲਮ ਨੂੰ ਵੱਖਰਾ ਰੰਗ ਦਿੰਦਾ ਹੈ।

ਨਿਰਦੇਸ਼ਨ ਤੇ ਪੇਸ਼ਕਾਰੀ ਦੀ ਗੱਲ ਕਰੀਏ ਤਾਂ ਨਵਨੀਤ ਸਿੰਘ ਨੇ ਕਹਾਣੀ ਨੂੰ ਵੱਡੇ ਪੱਧਰ ’ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਤੋਂ ਕੋਲਕਾਤਾ ਅਤੇ ਕੈਨੇਡਾ ਤੱਕ ਦਾ ਸਫ਼ਰ ਕਹਾਣੀ ਨੂੰ ਵਿਸਥਾਰ ਦਿੰਦਾ ਹੈ। ਕੁੱਲ ਮਿਲਾ ਕੇ, ‘ਸਿੰਘ ਵਰਸਿਜ਼ ਕੌਰ-2’ ਉਨ੍ਹਾਂ ਦਰਸ਼ਕਾਂ ਲਈ ਇਕ ਮਨੋਰੰਜਕ ਚੋਣ ਬਣ ਸਕਦੀ ਹੈ, ਜੋ ਪੰਜਾਬੀ ਸਿਨੇਮਾ ਵਿਚ ਕਾਮੇਡੀ ਦੇ ਨਾਲ ਰੋਮਾਂਸ, ਐਕਸ਼ਨ ਅਤੇ ਜਜ਼ਬਾਤਾਂ ਦਾ ਮੇਲ ਪਸੰਦ ਕਰਦੇ ਹਨ।


author

cherry

Content Editor

Related News