ਚੰਡੀਗੜ੍ਹ ਦੀ ਗਗਨ ਰੰਧਾਵਾ ਨੇ ਡਿਜੀਟਲ ਸਿਨੇਮਾ ’ਚ ਮਾਰੀ ਐਂਟਰੀ, ‘ਜੀਤ ਕੀ ਜ਼ਿੱਦ’ ਨਾਲ ਬਣਾਈ ਨਵੀਂ ਪਛਾਣ
Tuesday, Feb 02, 2021 - 02:46 PM (IST)

ਚੰਡੀਗੜ੍ਹ (ਬਿਊਰੋ)– ਡਿਜੀਟਲ ਸਿਨੇਮਾ ਦੀ ਦੁਨੀਆ ਦਿਨੋਂ-ਦਿਨ ਵੱਡੀ ਹੁੰਦੀ ਜਾ ਰਹੀ ਹੈ। ਅਰਬਾਂ ਰੁਪਏ ਦਾ ਬਿਜ਼ਨੈੱਸ ਕਰਨ ਵਾਲੀ ਇਸ ਡਿਜੀਟਲ ਇੰਡਸਟਰੀ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਵੀ ਕੌਮੀ ਹੀ ਨਹੀਂ, ਕੌਮਾਂਤਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਚੰਡੀਗੜ੍ਹ ਦੀ ਗਗਨ ਰੰਧਾਵਾ ਵੀ ਉਨ੍ਹਾਂ ਕਲਾਕਾਰਾਂ ’ਚ ਸ਼ਾਮਲ ਹੋ ਗਈ ਹੈ, ਜਿਸ ਨੂੰ ਡਿਜੀਟਲ ਸਿਨੇਮਾ ਰਾਹੀਂ ਪੂਰੀ ਦੁਨੀਆ ਸਾਹਮਣੇ ਆਪਣੀ ਅਦਾਕਾਰੀ ਦੇ ਰੰਗ ਦਿਖਾਉਣ ਦਾ ਮੌਕਾ ਮਿਲਿਆ ਹੈ। ਹਾਲ ਹੀ ’ਚ ‘ਜ਼ੀ ਫਾਈਵ’ ’ਤੇ ਰਿਲੀਜ਼ ਹੋਈ ਬਹੁ-ਚਰਚਿਤ ਵੈੱਬ ਸੀਰੀਜ਼ ‘ਜੀਤ ਕੀ ਜ਼ਿੱਦ’ ’ਚ ਗਗਨ ਰੰਧਾਵਾ ਦੀ ਦਮਦਾਰ ਅਦਾਕਾਰੀ ਨੇ ਸਭ ਦਾ ਮਨ ਮੋਹਿਆ ਹੈ।
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਗਨ ਨੇ ਦੱਸਿਆ ਕਿ ਫ਼ੌਜੀ ਦੀ ਜ਼ਿੰਦਗੀ ’ਤੇ ਆਧਾਰਿਤ ਆਪਣੇ ਕਿਸਮ ਦੀ ਇਸ ਪਹਿਲੀ ਵੈੱਬ ਸੀਰੀਜ਼ ’ਚ ਉਸ ਨੇ ਦੀਪਤੀ ਨਾਂ ਦੀ ਵਿਆਹੁਤਾ ਲੜਕੀ ਦਾ ਕਿਰਦਾਰ ਨਿਭਾਇਆ ਹੈ। ਉਹ ਦੱਸਦੀ ਹੈ ਕਿ ‘ਬੌਨੀ ਕਪੂਰ ਪ੍ਰੋਡਕਸ਼ਨ’ ਵਲੋਂ ਬਣਾਈ ਗਈ ਇਹ ਵੈੱਬ ਸੀਰੀਜ਼ ਅਸਲ ਜ਼ਿੰਦਗੀ ’ਤੇ ਆਧਾਰਿਤ ਹੈ। ਇਸ ਵੈੱਬ ਸੀਰੀਜ਼ ’ਚ ਫ਼ੌਜੀਆਂ ਦੀ ਜ਼ਿੰਦਗੀ ਨੂੰ ਨੇੜਿਓਂ ਦਿਖਾਇਆ ਗਿਆ ਹੈ। ਕਾਰਗਿਲ ਦੀ ਜੰਗ ਦੌਰਾਨ ਪੈਰਲਾਈਜ਼ ਦਾ ਸ਼ਿਕਾਰ ਹੋਏ ਮੇਜਰ ਦੀਪ ਸਿੰਘ ਸੈਂਗਰ ਦੀ ਜ਼ਿੰਦਗੀ ਤੋਂ ਪ੍ਰੇਰਿਤ ਇਹ ਵੈੱਬ ਸੀਰੀਜ਼ ਫ਼ੌਜੀ ਪਰਿਵਾਰਾਂ ਦੀ ਜ਼ਿੰਦਗੀ, ਬੇਵਸੀ ਤੇ ਸਮਾਜਿਕ ਰੁਤਬੇ ਦੀ ਗੱਲ ਕਰਦੀ ਹੈ।
ਨਾਮਵਰ ਫ਼ਿਲਮ ਅਦਾਕਾਰ ਅਮਿਤ ਸਾਧ ਦੀ ਮੁੱਖ ਭੂਮਿਕਾ ਵਾਲੀ ਇਸ ਵੈੱਬ ਸੀਰੀਜ਼ ’ਚ ਉਸ ਨੇ ਦੀਪਤੀ ਨਾਂ ਦੀ ਵਿਆਹੁਤਾ ਲੜਕੀ ਦਾ ਕਿਰਦਾਰ ਨਿਭਾਇਆ ਹੈ, ਜੋ ਸੀਰੀਜ਼ ਦੇ ਮੁੱਖ ਕਿਰਦਾਰ ਅਮਿਤ ਸਾਧ ਦੀ ਪਤਨੀ ਦੀ ਪਰਿਵਾਰਕ ਦੋਸਤ ਹੈ। ਗਗਨ ਮੁਤਾਬਕ ਇਸ ਵੈੱਬ ਸੀਰੀਜ਼ ਦੌਰਾਨ ਨਾ ਸਿਰਫ ਉਸ ਨੂੰ ਅਦਾਕਾਰੀ ਦੀਆਂ ਬਾਰੀਕੀਆਂ ਤੇ ਸਿਨੇਮੇ ਬਾਰੇ ਹੋਰ ਜਾਣਨ ਦਾ ਮੌਕਾ ਮਿਲਿਆ, ਸਗੋਂ ਫ਼ੌਜ ਦੀ ਜ਼ਿੰਦਗੀ ਨੂੰ ਵੀ ਨੇੜਿਓਂ ਦੇਖਣ ਤੇ ਸਮਝਣ ਦਾ ਸੁਭਾਗ ਪ੍ਰਾਪਤ ਹੋਇਆ। ਉਹ ਆਪਣੇ ਆਪ ਨੂੰ ਇਸ ਗੱਲੋਂ ਖੁਸ਼ਕਿਸਮਤ ਸਮਝਦੀ ਹੈ ਕਿ ਉਸ ਨੂੰ ਆਪਣੇ ਅਦਾਕਾਰੀ ਸਫ਼ਰ ਦੀ ਥੋੜ੍ਹੇ ਸਮੇਂ ਦੌਰਾਨ ਹੀ ਇਸ ਵੱਡੇ ਪੱਧਰ ਦੀ ਵੈੱਬ ਸੀਰੀਜ਼ ਦਾ ਹਿੱਸਾ ਬਣਨ ਦਾ ਸੁਭਾਗ ਹਾਸਲ ਹੋਇਆ।
ਗਗਨ ਨੇ ਨਿਊਜ਼ੀਲੈਂਡ ਤੋਂ ਆਪਣੀ ਪੜ੍ਹਾਈ ਮੁਕੰਮਲ ਕੀਤੀ ਹੈ। ਪੰਜਾਬੀ ਸਿਨੇਮੇ ’ਚ ਚਰਚਿਤ ਫ਼ਿਲਮ ‘ਜ਼ਖ਼ਮੀ’ ਜ਼ਰੀਏ ਆਪਣਾ ਆਗਮਨ ਕਰਨ ਵਾਲੀ ਗਗਨ ਮੁਤਾਬਕ ਇਸ ਵੈੱਬ ਸੀਰੀਜ਼ ਤੋਂ ਮਿਲੇ ਹੁੰਗਾਰੇ ਨੇ ਉਸ ਦਾ ਹੌਸਲਾ ਬੁਲੰਦ ਕਰ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਉਸ ਨੂੰ ਲਗਾਤਾਰ ਵਧਾਈ ਦੇ ਸੁਨੇਹੇ ਆ ਰਹੇ ਹਨ। ਇਸ ਦੇ ਨਾਲ ਹੀ ਉਸ ਨੂੰ ਹੋਰ ਪ੍ਰਾਜੈਕਟਾਂ ਲਈ ਵੀ ਪੇਸ਼ਕਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਉਸ ਨੂੰ ਆਸ ਹੈ ਕਿ ਉਹ ਭਵਿੱਖ ’ਚ ਆਪਣੇ ਆਪ ਨੂੰ ਕਾਬਲ ਤੇ ਸਫਲ ਅਦਾਕਾਰਾ ਵਜੋਂ ਸਥਾਪਿਤ ਕਰ ਸਕੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।