ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
Thursday, Feb 03, 2022 - 10:33 AM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਕੈਨੇਡਾ ਦੇ ਸਰੀ ਵਿਖੇ ਕਰਨ ਔਜਲਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੈਰੀ ਚੱਠਾ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਦੱਸ ਦੇਈਏ ਕਿ ਸਰੀ ’ਚ ਜਿਸ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਹਨ, ਉਹ ਪਹਿਲਾਂ ਕਰਨ ਔਜਲਾ ਦੇ ਦੋਸਤ ਦਾ ਹੁੰਦਾ ਸੀ। 5 ਮਹੀਨੇ ਪਹਿਲਾਂ ਹੀ ਇਥੇ ਨਵਾਂ ਮਾਲਕ ਆਇਆ। ਘਰ ’ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਵੀ ਸਾਫ ਵੇਖੇ ਜਾ ਸਕਦੇ ਹਨ।
ਇਸ ਸਬੰਧੀ ਇਕ ਪੋਸਟ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜੋ ਹੈਰੀ ਚੱਠਾ ਗਰੁੱਪ ਵਲੋਂ ਲਿਖੀ ਗਈ ਹੈ। ਇਸ ਪੋਸਟ ’ਚ ਲਿਖਿਆ ਹੈ, ‘ਅਜੇ ਤਾਂ ਤੇਰੇ ਯਾਰਾਂ-ਦੋਸਤਾਂ ਦੇ ਨੁਕਸਾਨ ਹੋ ਰਹੇ, ਤੇਰਾ ਵੀ ਜਲਦੀ ਹੋਵੇਗਾ।’ ਕਿੰਨਾ ਕੁ ਚਿਰ ਯਾਰਾਂ-ਦੋਸਤਾਂ ਦਾ ਨੁਕਸਾਨ ਕਰਵਾਈ ਜਾਵੇਗਾ। ਸਾਨੂੰ ਤੇਰੀ ਭੈਣ ਦਾ ਘਰ ਵੀ ਪਤਾ ਤੇ ਤੇਰੀ ਨਾਲ ਵਾਲੀ ਦੀ ਬੁਟੀਕ ਵੀ ਪਤਾ ਪਰ ਅਸੀਂ ਉਨ੍ਹਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ।’
ਪੋਸਟ ’ਚ ਅੱਗੇ ਲਿਖਿਆ ਹੈ, ‘ਤੇਰਾ ਕੈਨੇਡਾ ’ਚ ਹੀ ਅਸੀਂ ਇਹ ਹਾਲ ਕਰਤਾ ਹੈ ਤੇ ਜਦੋਂ ਯੂਰਪ ਦਾ ਟੂਰ ਲੱਗੂ ਤਾਂ ਉਥੇ ਵੀ ਤੇਰੀ ਉਡੀਕ ਕਰਦੇ ਪਏ ਹਾਂ ਤੇ ਇੰਡੀਆ ਸਾਡਾ ਭਰਾ ਹੈਰੀ ਚੱਠਾ ਤੇਰੀ ਉਡੀਕ ਕਰਦਾ ਪਿਆ ਹੈ। ਬਾਕੀ ਕਿੰਨਾ ਕੁ ਟਾਈਮ ਪਤਾ ਬਦਲ-ਬਦਲ ਕੇ ਰਹਿ ਲਵੇਗਾ, ਅੱਜ ਨਹੀਂ ਤਾਂ ਕਲ ਹੱਥ ਆ ਹੀ ਜਾਵੇਗਾ।’
ਨੋਟ– ਕਰਨ ਔਜਲਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।