ਕਿਸਾਨਾਂ ਦੀ ਘਰ ਵਾਪਸੀ ''ਤੇ ਖੁਸ਼ੀ ਨਾਲ ਨੱਚੇ ਗਾਇਕ ਜੱਸ ਬਾਜਵਾ, ਲਾਏ ''ਬੋਲੇ ਸੋ ਨਿਹਾਲ'' ਦੇ ਜੈਕਾਰੇ (ਵੀਡੀਓ)

Saturday, Dec 11, 2021 - 04:27 PM (IST)

ਕਿਸਾਨਾਂ ਦੀ ਘਰ ਵਾਪਸੀ ''ਤੇ ਖੁਸ਼ੀ ਨਾਲ ਨੱਚੇ ਗਾਇਕ ਜੱਸ ਬਾਜਵਾ, ਲਾਏ ''ਬੋਲੇ ਸੋ ਨਿਹਾਲ'' ਦੇ ਜੈਕਾਰੇ (ਵੀਡੀਓ)

ਚੰਡੀਗੜ੍ਹ (ਬਿਊਰੋ) - ਕਿਸਾਨਾਂ ਦੀ ਅੱਜ ਘਰ ਵਾਪਸੀ ਹੋ ਰਹੀ ਹੈ। ਕਿਸਾਨ ਬੜੀ ਖੁਸ਼ੀ ਅਤੇ ਚਾਅ ਨਾਲ ਆਪੋ-ਆਪਣੇ ਪਿੰਡਾਂ ਅਤੇ ਸ਼ਹਿਰਾਂ 'ਚ ਵਾਪਸ ਜਾ ਰਹੇ ਹਨ। ਇਸ ਦੇ ਨਾਲ ਹੀ ਇਨ੍ਹਾਂ ਕਿਸਾਨਾਂ ਦਾ ਜਗ੍ਹਾ-ਜਗ੍ਹਾ 'ਤੇ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਪਾਣੀਪਤ ਪਹੁੰਚਣ 'ਤੇ ਇਨ੍ਹਾਂ ਕਿਸਾਨਾਂ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ। ਇਸ ਤੋਂ ਇਲਾਵਾ ਬੀਤੇ ਦਿਨ ਰਾਮ ਸਿੰਘ ਰਾਣਾ ਨੇ ਵੀ ਕਿਸਾਨਾਂ ਦੇ ਨਾਸ਼ਤੇ ਦੇ ਇੰਤਜ਼ਾਮ ਦੀ ਗੱਲ ਆਖੀ ਸੀ। ਰਾਮ ਸਿੰਘ ਰਾਣਾ ਵੀ ਇਸ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸਨ। ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਕਿਸਾਨਾਂ ਦੇ ਹੱਕ 'ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਸਨ। ਉਨ੍ਹਾਂ 'ਚੋਂ ਗਾਇਕ ਹਰਫ ਚੀਮਾ, ਕੰਵਰ ਗਰੇਵਾਲ, ਜੱਸ ਬਾਜਵਾ, ਦਰਸ਼ਨ ਔਲਖ, ਰੇਸ਼ਮ ਸਿੰਘ ਅਨਮੋਲ ਅਤੇ ਅਦਾਕਾਰਾ ਸੋਨੀਆ ਮਾਨ ਸਣੇ ਕਈ ਕਲਾਕਾਰ ਸਨ, ਜੋ ਇਸ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸਨ । ਇਨ੍ਹਾਂ ਕਲਾਕਾਰਾਂ ਨੇ ਨਾ ਸਿਰਫ ਇਸ ਅੰਦੋਲਨ 'ਚ ਸ਼ਮੂਲੀਅਤ ਕੀਤੀ ਸਗੋਂ ਕਿਸਾਨਾਂ ਦੇ ਹੱਕ 'ਚ ਲਗਾਤਾਰ ਆਪਣੇ ਗੀਤਾਂ ਅਤੇ ਤਕਰੀਰਾਂ ਦੇ ਰਾਹੀਂ ਲਗਾਤਾਰ ਆਵਾਜ਼ ਬੁਲੰਦ ਕੀਤੀ ਸੀ। ਅੱਜ ਜਦੋਂ ਕਿਸਾਨ ਘਰ ਵਾਪਸੀ ਕਰ ਰਹੇ ਹਨ ਤਾਂ ਪੰਜਾਬੀ ਇੰਡਸਟਰੀ ਦੇ ਇਹ ਸਾਰੇ ਸਿਤਾਰੇ ਪੱਬਾਂ ਭਾਰ ਹਨ।

PunjabKesari

ਦੱਸ ਦਈਏ ਕਿ ਗਾਇਕ ਜੱਸ ਬਾਜਵਾ ਵੀ ਇਸ ਅੰਦੋਲਨ 'ਚੋਂ ਵਾਪਸ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ ਅਤੇ ਕਾਫਿਲੇ ਨਾਲ ਉਹ 'ਬੋਲੇ ਸੋ ਨਿਹਾਲ' ਦੇ ਜੈਕਾਰੇ ਛੱਡਦੇ ਹੋਏ ਅੱਗੇ ਵੱਧ ਰਹੇ ਹਨ।

ਦੱਸਣਯੋਗ ਹੈ ਕਿ ਕਿਸਾਨਾਂ ਦੇ ਸਵਾਗਤ ਲਈ ਪੰਜਾਬ ਦੇ ਨਾਲ-ਨਾਲ ਦਿੱਲੀ ਦੀਆਂ ਸਰਹੱਦਾਂ ਅਤੇ ਹਰਿਆਣਾ 'ਚ ਸਵਾਗਤ ਕੀਤਾ ਜਾ ਰਿਹਾ ਹੈ। ਖਾਲਸਾ ਏਡ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਕਿਸਾਨਾਂ ਦੇ ਸਵਾਗਤ ਲਈ ਖਾਲਸਾ ਏਡ ਦੇ ਵਲੰਟੀਅਰ ਫੁੱਲਾਂ ਨੂੰ ਚੁਣਦੇ ਹੋਏ ਨਜ਼ਰ ਆ ਰਹੇ ਹਨ। ਖਾਲਸਾ ਏਡ ਨੇ ਵੀ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੀ ਸੇਵਾ ਲਈ ਜਿੱਥੇ ਸ਼ੈਲਟਰ ਹੋਮ ਬਣਾਏ ਸਨ। ਉੱਥੇ ਹੀ ਲੰਗਰ, ਬਾਥਰੂਮ ਅਤੇ ਹੋਰ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਸਨ। 

PunjabKesari
ਦੱਸ ਦਈਏ ਕਿ ਬੀਤੇ ਦਿਨੀਂ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਮਨਜ਼ੂਰ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਧਰਨਾ ਪ੍ਰਦਰਸ਼ਨ ਖ਼ਤਮ ਕਰਦੇ ਹੋਏ ਮੋਰਚਾ ਫਤਿਹ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣੇ ਘਰਾਂ ਨੂੰ ਚਾਲੇ ਪਾ ਲਏ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
 


author

sunita

Content Editor

Related News