ਦਿਲਜੀਤ ਦੋਸਾਂਝ ਨੇ ਕਿਸਾਨੀ ਮਸਲੇ 'ਤੇ ਮੁੜ ਕੱਢੇ ਕੰਗਨਾ ਦੇ ਭੁਲੇਖੇ, ਸ਼ਰੇਆਮ ਆਖੀਆਂ ਇਹ ਗੱਲਾਂ

01/05/2021 11:42:12 AM

ਚੰਡੀਗੜ੍ਹ (ਬਿਊਰੋ) – ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਇਕ ਵਾਰ ਮੁੜ ਸੁਰਖ਼ੀਆਂ 'ਚ ਆ ਗਏ ਹਨ। ਹਾਲ ਹੀ ’ਚ ਕੰਗਨਾ ਨੇ ਟਵੀਟ ਕਰਦੇ ਹੋਏ ਕਿਹਾ ‘ਸਮਾਂ ਦੱਸੇਗਾ ਦੋਸਤ ਕੌਣ ਕਿਸਾਨਾਂ ਦੇ ਹੱਕ ਲਈ ਲੜਿਆ ਤੇ ਕੌਣ ਉਨ੍ਹਾਂ ਦੇ ਖ਼ਿਲਾਫ਼...ਸੌ ਝੂਠ ਇਕ ਸੱਚ ਨੂੰ ਨਹੀਂ ਲੁਕਾ ਸਕਦਾ ਅਤੇ ਜਿਸ ਨੂੰ ਸੱਚੇ ਦਿਲ ਤੋਂ ਚਾਹੋਂ ਉਹ ਤੁਹਾਨੂੰ ਕਦੇ ਨਫ਼ਰਤ ਨਹੀਂ ਕਰ ਸਕਦਾ, ਤੈਨੂੰ ਕੀ ਲੱਗਦਾ ਹੈ ਤੇਰੇ ਕਹਿਣ ਨਾਲ ਪੰਜਾਬ ਮੇਰੇ ਖ਼ਿਲਾਫ਼ ਹੋ ਜਾਵੇਗਾ? ਹਾ ਹਾ ਇੰਨੇ ਵੱਡੇ-ਵੱਡੇ ਸੁਫ਼ਨੇ ਨਾ ਦੇਖ ਤੇਰਾ ਦਿਲ ਟੁੱਟੇਗਾ।’ 
ਇਸ ਦਾ ਜਵਾਬ ਦਿੰਦੇ ਹੋਏ ਅੱਗੋ ਦਿਲਜੀਤ ਦੋਸਾਂਝ ਨੇ ਟਵੀਟ ਕਰਦੇ ਹੋਏ ਕਿਹਾ ‘ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹਨੂੰ ਕਿਸਾਨਾਂ ਤੋਂ ਕੀ ਪੋਬਲਮ (ਮੁਸ਼ਕਿਲ) ਆ? ਮੈਡਮ ਜੀ ਸਾਰਾ ਪੰਜਾਬ ਹੀ ਕਿਸਾਨਾਂ ਦੇ ਨਾਲ ਆ। ਤੁਸੀਂ ਟਵਿੱਟਰ ’ਤੇ ਭੁਲੇਖੇ ’ਚ ਜ਼ਿੰਦਗੀ ਜੀ ਰਹੇ ਹੋ। ਤੇਰੀ ਤਾਂ ਕੋਈ ਗੱਲ ਵੀ ਨਹੀਂ ਕਰ ਰਿਹਾ। ਅਖੇ ‘ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈਂ’ ਓਹ ਹਿਸਾਬ ਤੇਰਾ ਆ।’ ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਲਿਖਿਆ ‘ਇਹਨੂੰ ਮੈਂ ਪੀ. ਆਰ. ਨਾ ਰੱਖ ਲਵਾਂ? ਦਿਮਾਗ ’ਚੋਂ ਤਾਂ ਜਾਂਦਾ ਨਹੀਂ ਮੈਂ ਇਹਦੇ।

PunjabKesari

ਕੰਗਨਾ ਨੂੰ ਦਿਲਜੀਤ ਤੋਂ ਮਿਲਿਆ ਕਰਾਰਾ ਜਵਾਬ
ਦੱਸ ਦਈਏ ਕਿ ਹਾਲ ਹੀ ’ਚ ਦਿਲਜੀਤ ਦੋਸਾਂਝ ਨੇ ਠੰਡ ਦਾ ਆਨੰਦ ਮਾਣਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਰੀ-ਟਵੀਟ ਕਰਦਿਆਂ ਕੰਗਨਾ ਨੇ ਵੱਡਾ ਹਮਲਾ ਬੋਲਿਆ ਹੈ। ਕੰਗਨਾ ਰਣੌਤ ਨੇ ਦਿਲਜੀਤ ਦੀਆਂ ਤਸਵੀਰਾਂ ’ਤੇ ਲਿਖਿਆ, ‘ਵਾਹ ਭਰਾ!! ਦੇਸ਼ ’ਚ ਅੱਗ ਲਗਾ ਕੇ ਕਿਸਾਨਾਂ ਨੂੰ ਸੜਕਾਂ ’ਤੇ ਬਿਠਾ ਕੇ ਲੋਕਲ ਕ੍ਰਾਂਤੀਕਾਰੀ ਵਿਦੇਸ਼ ’ਚ ਠੰਡ ਦਾ ਮਜ਼ਾ ਲੈ ਰਹੇ ਹਨ, ਵਾਹ!! ਇਸ ਨੂੰ ਕਹਿੰਦੇ ਹਨ ਲੋਕ ਕ੍ਰਾਂਤੀ।’
ਜਦੋਂ ਦਿਲਜੀਤ ਦੋਸਾਂਝ ਨੇ ਕੰਗਨਾ ਦਾ ਇਹ ਟਵੀਟ ਦੇਖਿਆ ਤਾਂ ਉਨ੍ਹਾਂ ਮਿੰਟ ’ਚ ਉਸ ਨੂੰ ਰਿਪਲਾਈ ਦੇ ਦਿੱਤਾ। ਦਿਲਜੀਤ ਨੇ ਲਿਖਿਆ, ‘ਕਿਸਾਨ ਨਿਆਣੇ ਨਹੀਂ ਕਿ ਤੇਰੇ-ਮੇਰੇ ਵਰਗਿਆਂ ਦੇ ਕਹਿਣ ’ਤੇ ਸੜਕਾਂ ’ਤੇ ਬਹਿ ਜਾਣਗੇ। ਵੈਸੇ ਤੈਨੂੰ ਭੁਲੇਖਾ ਜ਼ਿਆਦਾ ਹੈ ਆਪਣੇ ਬਾਰੇ। ਪੰਜਾਬ ਨਾਲ ਸੀ, ਹਾਂ ਤੇ ਰਹਾਂਗੇ। ਤੂੰ ਵੀ ਹੱਟਦੀ ਨਹੀਂ ਸਾਰਾ ਦਿਨ ਮੈਨੂੰ ਹੀ ਦੇਖਦੀ ਰਹਿੰਦੀ ਹੈ। ਇਹ ਜਵਾਬ ਵੀ ਲੈਣਾ ਤੇਰੇ ਤੋਂ ਅਜੇ ਪੰਜਾਬੀਆਂ ਨੇ। ਇਹ ਨਾ ਸੋਚੀ ਅਸੀਂ ਭੁੱਲ ਗਏ।’

ਕੜਾਕੇ ਦੀ ਠੰਡ 'ਚ ਵੀ ਡਟੇ ਕਿਸਾਨ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਦਾ ਸਮਰਥਨ ਪੰਜਾਬੀ ਕਲਾਕਾਰ ਵਧ ਚੜ੍ਹ ਕੇ ਕਰ ਰਹੇ ਹਨ। ਇਨ੍ਹਾਂ ਹੀ ਨਹੀਂ ਕਈ ਕਲਾਕਾਰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦੇ ਹੌਂਸਲੇ ਨੂੰ ਬੁਲੰਦ ਕਰ ਰਹੇ ਹਨ। ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਵਿਚਾਲੇ ਕੋਈ ਮੇਲ-ਮਿਲਾਪ ਨਹੀਂ ਹੋਇਆ ਹੈ। ਕੜਾਕੇ ਦੀ ਠੰਡ ਅਤੇ ਮੀਂਹ ਕਿਸਾਨਾਂ ਨੂੰ ਰੋਕਣ 'ਚ ਅਸਫ਼ਲ ਸਾਬਤ ਹੋ ਰਿਹਾ ਹੈ। ਦਿੱਲੀ-ਐਨ. ਸੀ. ਆਰ. 'ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਾਰਸ਼ ਅਤੇ ਠੰਡ ਕਹਿਰ ਢਾਹ ਰਹੀ ਹੈ। ਹਾਲਾਂਕਿ, ਇਸ ਤੋਂ ਬਾਅਦ ਵੀ ਕਿਸਾਨ ਸਿੰਘੂ ਅਤੇ ਟਿੱਕਰੀ ਸਰਹੱਦ 'ਤੇ ਡਟੇ ਹੋਏ ਹਨ।

PunjabKesari

ਬੇਸਿੱਟੀ ਰਹੀ 7ਵੇਂ ਦੌਰ ਦੀ ਬੈਠਕ
ਨਵੀਂ ਦਿੱਲੀ ਸਥਿਤ ਵਿਗਿਆਨ ਭਵਨ 'ਚ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਮੰਤਰੀਆਂ ਵਿਚਾਲੇ ਚੱਲੀ ਬੈਠਕ ਬੇਨਤੀਜਾ ਖ਼ਤਮ ਹੋਈ। ਕੇਂਦਰ ਸਰਕਾਰ ਅਤੇ ਕਿਸਾਨ ਵਿਚਕਾਰ 7ਵੇਂ ਦੌਰ ਦੀ ਬੈਠਕ ਹੋਈ ਸੀ। ਇਸ ਦੌਰਾਨ ਵੱਡੀ ਖ਼ਬਰ ਇਹ ਸਾਹਮਣੇ ਆਈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਹਰ ਮਸਲੇ 'ਤੇ ਵਿਚਾਰ-ਚਰਚਾ ਕਰਨ ਲਈ ਤਿਆਰ ਹੈ ਪਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕਰਨ ਲਈ ਤਿਆਰ ਨਹੀਂ ਹੈ। ਕੇਂਦਰ ਸਰਕਾਰ ਨੇ ਆਪਣਾ ਪੱਖ ਸਪੱਸ਼ਟ ਤੌਰ 'ਤੇ ਜ਼ਾਹਰ ਕਰਦਿਆਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਕਿਸੇ ਵੀ ਕੀਮਤ 'ਤੇ ਰੱਦ ਨਹੀਂ ਹੋਣਗੇ। ਕਿਸਾਨ ਚਾਹੁਣ ਤਾਂ ਐੱਮ. ਐੱਸ. ਪੀ. ਦੇ ਮੁੱਦੇ 'ਤੇ ਗਰੰਟੀ ਕਾਨੂੰਨ ਨੂੰ ਲੈ ਕੇ ਸਹਿਮਤੀ ਬਣਾਈ ਜਾ ਸਕਦੀ ਹੈ।
ਇਸ ਦੌਰਾਨ ਕਿਸਾਨ ਜਥੇਬੰਦੀਆਂ ਦੀ ਆਪਣੇ ਪੱਖ 'ਤੇ ਅੜੀਆਂ ਰਹੀਆਂ ਅਤੇ ਬੈਠਕ ਤੋਂ ਅਸੰਤੁਸ਼ਟ ਜਾਪੀਆਂ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ 'ਤੇ ਅੜੇ ਹਨ। ਫ਼ਿਲਹਾਲ ਬੀਤੇ ਦਿਨ ਦੀ ਬੈਠਕ 'ਚ ਕਿਸੇ ਵੀ ਮੁੱਦੇ 'ਤੇ ਸਹਿਮਤੀ ਹੁੰਦੀ ਨਜ਼ਰ ਨਹੀਂ ਆਈ। 

8 ਜਨਵਰੀ ਨੂੰ ਹੋਵੇਗੀ ਅਗਲੀ ਬੈਠਕ
ਦੱਸਣਯੋਗ ਹੈ ਕਿ ਅਗਲੀ ਬੈਠਕ 8 ਜਨਵਰੀ 2021 ਨੂੰ ਦੁਪਹਿਰ 2 ਵਜੇ ਹੋਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਅੱਗੇ ਕੀ ਫ਼ੈਸਲਾ ਲੈਂਦੀਆਂ ਹਨ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ 30 ਦਸੰਬਰ 2020 ਨੂੰ 6ਵੇਂ ਦੌਰ ਦੀ ਬੈਠਕ ਹੋਈ ਸੀ, ਜਿਸ 'ਚ ਪਰਾਲੀ ਦੇ ਮੁੱਦੇ ਅਤੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਸਹਿਮਤੀ ਬਣੀ ਸੀ। ਅੱਜ ਦੀ ਬੈਠਕ 'ਚ ਉਮੀਦਾਂ ਤਾਂ ਇਹ ਲਾਈਆਂ ਜਾ ਰਹੀਆਂ ਸਨ ਕਿ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਪਰ 7ਵੇਂ ਦੌਰ ਦੀ ਗੱਲਬਾਤ ਵੀ ਫੇਲ੍ਹ ਰਹੀ।  7ਦੌਰ ਦੀ ਗੱਲਬਾਤ 'ਚ ਕੋਈ ਸਿੱਟਾ ਨਾ ਨਿਕਲਣ 'ਤੇ ਹੁਣ ਕਿਸਾਨ ਜਥੇਬੰਦੀਆਂ ਆਪਣਾ ਅੰਦੋਲਨ ਹੋਰ ਤੇਜ਼ ਕਰਨਗੀਆਂ। ਇਸ ਬਾਅਦ ਕਿਸਾਨ ਆਗੂਆਂ ਵਲੋਂ ਪਹਿਲਾਂ ਹੀ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਜਾ ਚੁੱਕਾ ਹੈ। 

ਕਿਸਾਨ ਹੁਣ ਆਪਣਾ ਅੰਦੋਲਨ ਕਰਨਗੇ ਤਿੱਖਾ—
6 ਜਨਵਰੀ ਨੂੰ ਕਿਸਾਨ ਅੰਦੋਲਨ ਹੋਵੇਗਾ ਹੋਰ ਤੇਜ਼।
6 ਜਨਵਰੀ ਨੂੰ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ।
13 ਜਨਵਰੀ ਨੂੰ ਦੇਸ਼ ਭਰ 'ਚ 'ਕਿਸਾਨ ਸੰਕਲਪ ਦਿਵਸ' ਮਨਾਇਆ ਜਾਵੇਗਾ।
18 ਜਨਵਰੀ ਨੂੰ 'ਮਹਿਲਾ ਕਿਸਾਨ ਦਿਵਸ' ਮਨਾਇਆ ਜਾਵੇਗਾ।
23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਮਾਰਚ ਕੀਤਾ ਜਾਵੇਗਾ।
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰਾਂ 'ਤੇ ਤਿੰਰਗਾ ਲਾ ਕੇ 'ਟਰੈਕਟਰ-ਟਰਾਲੀ ਪਰੇਡ' ਕੱਢਣਗੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News