ਪ੍ਰਸਿੱਧ ਪੰਜਾਬੀ ਗੀਤਕਾਰ ਦੇਵ ਥਰੀਕੇ ਵਾਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
Tuesday, Jan 25, 2022 - 09:45 AM (IST)
ਜਲੰਧਰ (ਬਿਊਰੋ) - ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਸੰਗੀਤ ਜਗਤ ਦੇ ਉੱਘੇ ਗੀਤਕਾਰ ਦੇਵ ਥਰੀਕੇ ਵਾਲਾ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੇਵ ਥਰੀਕੇ ਵਾਲਾ ਨੂੰ ਅੱਜ ਸਵੇਰੇ 5 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਪੰਜਾਬੀ ਲੇਖਕ ਗੁਰਭਜਨ ਗਿੱਲ ਨੇ ਕੀਤੀ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਦੇਵ ਥਰੀਕੇ ਵਾਲਾ ਦਾ ਅੰਤਿਮ ਸੰਸਕਾਰ ਅੱਜ ਦੁਪਿਹਰ 2 ਵਜੇ ਦੇ ਕਰੀਬ ਕੀਤਾ ਜਾਵੇਗਾ।
ਦੱਸ ਦਈਏ ਕਿ ਦੇਵ ਥਰੀਕੇ ਵਾਲਾ ਨੇ ਕਾਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਕਾਫ਼ੀ ਗੀਤ ਲਿਖ ਕੇ ਦਿੱਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕ ਕਥਾਵਾਂ ਤੇ ਕਲੀਆਂ ਲਿਖੀਆਂ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਮਾਣਕ ਨੂੰ ਸਿਖਰਾਂ 'ਤੇ ਪਹੁੰਚਣਾਉਣ ਪਿੱਛੇ ਦੇਵ ਥਰੀਕੇ ਵਾਲਾ ਦਾ ਹੀ ਹੱਥ ਸੀ। ਇਨ੍ਹਾਂ ਨੇ ਕੁਲਦੀਪ ਮਾਣਕ ਨੂੰ ਕਈ ਅਜਿਹੇ ਗੀਤ ਲਿਖ ਕੇ ਦਿੱਤੇ ਸਨ, ਜਿਨ੍ਹਾਂ ਨੇ ਕੁਲਦੀਪ ਮਾਣਕ ਨੂੰ ਘਰ-ਘਰ 'ਚ ਪਛਾਣ ਦਿਵਾਈ। ਦੇਵ ਥਰੀਕੇ ਦੇ ਦਿਹਾਂਤ ਨਾਲ ਜੋ ਘਾਟਾ ਪੰਜਾਬੀ ਸੰਗੀਤ ਜਗਤ ਨੂੰ ਪਿਆ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਦੱਸਣਯੋਗ ਹੈ ਕਿ ਦੇਵ ਥਰੀਕੇ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲ ਜਦੀਦ 'ਚ ਹੋਇਆ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।