ਮੰਦਭਾਗੀ ਖ਼ਬਰ : ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌਤ, ਪਿਤਾ ਨੇ ਲਾਸ਼ ਲੈਣ ਤੋਂ ਕੀਤੀ ਮਨਾਹੀ
Wednesday, Jul 09, 2025 - 08:57 PM (IST)

ਐਂਟਰਟੇਨਮੈਂਟ ਡੈਸਕ- ਫਿਲਮੀਂ ਦੁਨੀਆ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਨਾਲ ਇੰਡਸਟਰੀ 'ਚ ਸੋਗ ਪਸਰ ਗਿਆ। ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਪਾਕਿ ਅਦਾਕਾਰਾ ਹੁਮੈਰਾ ਅਸਗਰ ਦਾ ਸ਼ੱਕੀ ਹਾਲਾਤਾਂ 'ਚ ਦੇਹਾਂਤ ਹੋ ਗਿਆ ਸੀ। ਦੱਸਣਯੋਗ ਹੈ ਕਿ ਅਦਾਕਾਰਾ ਕਰਾਚੀ ਵਿੱਚ ਆਪਣੇ ਕਿਰਾਏ ਦੇ ਘਰ ਵਿੱਚ ਮ੍ਰਿਤਕ ਪਾਈ ਗਈ ਜਿੱਥੇ ਉਹ ਇਕੱਲੀ ਰਹਿ ਰਹੀ ਸੀ। ਹੁਮੈਰਾ ਦੀ ਮੌਤ ਤੋਂ ਬਾਅਦ ਪੁਲਸ ਨੇ ਪਰਿਵਾਰ ਨੂੰ ਲਾਸ਼ ਸੌਂਪਣ ਲਈ ਸੰਪਰਕ ਕੀਤਾ। ਅਦਾਕਾਰਾ ਦੇ ਪਿਤਾ ਨੇ ਆਪਣੀ ਧੀ ਦੀ ਲਾਸ਼ ਲੈਣ ਤੋਂ ਸਾਫ਼ ਮਨਾਹੀ ਕਰ ਦਿੱਤੀ। ਪਿਤਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਹੀ ਹੁਮੈਰਾ ਨਾਲ ਸਾਰੇ ਸਬੰਧ ਖਤਮ ਕਰ ਦਿੱਤੇ ਸਨ।
ਧਿਆਨ ਦੇਣ ਯੋਗ ਹੈ ਕਿ ਪਾਕਿ ਮੀਡੀਆ ਰਿਪੋਰਟਾਂ ਅਨੁਸਾਰ ਹੁਮੈਰਾ ਅਸਗਰ ਦੇ ਪਿਤਾ ਅਤੇ ਭਰਾ ਨੇ ਉਸਦੀ ਲਾਸ਼ ਲੈਣ ਤੋਂ ਮਨਾਹੀ ਕਰ ਦਿੱਤੀ ਹੈ। ਅਦਾਕਾਰਾ ਦੇ ਪਿਤਾ ਨੇ ਪੁਲਸ ਨੂੰ ਕਿਹਾ -'ਸਾਡਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਉਸ ਨਾਲ ਬਹੁਤ ਪਹਿਲਾਂ ਸਬੰਧ ਤੋੜ ਲਏ ਸਨ। ਉਸਦੀ ਲਾਸ਼ ਨਾਲ ਜੋ ਮਰਜ਼ੀ ਕਰੋ। ਅਸੀਂ ਨਹੀਂ ਲਵਾਂਗੇ।'
ਇਸ ਅਦਾਕਾਰਾ ਨੇ ਕੀਤਾ ਪੱਖ
ਪਾਕਿ ਅਦਾਕਾਰਾ ਮਨਸ਼ਾ ਪਾਸ਼ਾ ਨੇ ਹੁਮੈਰਾ ਅਸਗਰ ਦੇ ਪਿਤਾ ਵੱਲੋਂ ਲਾਸ਼ ਨਾ ਲੈਣ ਦੀ ਖ਼ਬਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਹ ਅਦਾਕਾਰਾ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਅਜਿਹੇ ਰਵੱਈਏ 'ਤੇ ਗੁੱਸੇ ਵਿੱਚ ਨਜ਼ਰ ਆਈ ਹੈ। ਮਨਸ਼ਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ- 'ਇਹ ਬਿਲਕੁਲ ਦਰਦਨਾਕ ਹੈ। ਮਾਤਾ-ਪਿਤਾ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਪ੍ਰਤੀ ਹਮਦਰਦੀ ਦਿਖਾਉਣ, ਭਾਵੇਂ ਉਨ੍ਹਾਂ ਵਿਚਕਾਰ ਕਿੰਨਾ ਵੀ ਮਤਭੇਦ ਕਿਉਂ ਨਾ ਹੋਵੇ। ਬਦਕਿਸਮਤੀ ਨਾਲ, ਸਮਾਜ, ਲੋਕ, ਪਰਿਵਾਰ ਔਰਤਾਂ ਨੂੰ ਬਿਲਕੁਲ ਵੀ ਮਾਫ਼ ਨਹੀਂ ਕਰਦੇ, ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਨਹੀਂ। ਸ਼ਰਮਨਾਕ।'
ਕਈ ਸਿਤਾਰਿਆਂ ਨੇ ਪ੍ਰਗਟਾਇਆ ਅਫਸੋਸ
ਹੁਮੈਰਾ ਅਸਗਰ ਦੀ ਮੌਤ ਤੋਂ ਬਾਅਦ ਕਈ ਪਾਕਿਸਤਾਨੀ ਮਸ਼ਹੂਰ ਹਸਤੀਆਂ ਨੇ ਅਫਸੋਸ ਪ੍ਰਗਟ ਕੀਤਾ ਹੈ। ਮਾਵਰਾ ਹੋਕੇਨ ਨੇ ਇੰਡਸਟਰੀ ਵਿੱਚ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਲਿਖਿਆ-ਮੈਂ ਨਿਰਣਾ ਨਹੀਂ ਕਰਾਂਗੀ। ਮੈਂ ਵਾਅਦਾ ਕਰਦੀ ਹਾਂ। ਮੈਂ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਇਸ ਤੋਂ ਇਲਾਵਾ, ਅਦਾਕਾਰਾ ਹਿਨਾ ਅਲਤਾਫ ਨੇ ਹੁਮੈਰਾ ਲਈ ਲਿਖਿਆ -'ਉਹ ਇਕੱਲੀ ਰਹਿੰਦੀ ਸੀ, ਉਹ ਇਕੱਲੀ ਹੀ ਮਰ ਗਈ ਅਤੇ ਕਿਸੇ ਨੂੰ ਪਤਾ ਲੱਗਣ ਤੋਂ ਪਹਿਲਾਂ ਦਿਨ ਬੀਤ ਗਏ।'
ਕਈ ਦਿਨ ਪਹਿਲਾਂ ਹੋਈ ਸੀ ਅਦਾਕਾਰਾ ਦੀ ਮੌਤ
ਤੁਹਾਨੂੰ ਦੱਸ ਦੇਈਏ ਕਿ ਹੁਮੈਰਾ ਅਸਗਰ 2018 ਤੋਂ ਕਰਾਚੀ ਦੇ ਇੱਕ ਫਲੈਟ ਵਿੱਚ ਇਕੱਲੀ ਰਹਿ ਰਹੀ ਸੀ। ਮਕਾਨ ਮਾਲਕ ਨੇ 2024 ਤੋਂ ਕਿਰਾਇਆ ਨਾ ਦੇਣ ਲਈ ਅਦਾਕਾਰਾ ਵਿਰੁੱਧ ਕੇਸ ਦਰਜ ਕੀਤਾ ਸੀ, ਜਿਸ ਲਈ ਪੁਲਸ ਉਸਦੇ ਘਰ ਪਹੁੰਚੀ। ਦਰਵਾਜ਼ਾ ਨਾ ਖੁੱਲ੍ਹਣ 'ਤੇ ਪੁਲਸ ਨੂੰ ਸ਼ੱਕ ਹੋਇਆ ਅਤੇ ਦਰਵਾਜ਼ਾ ਤੋੜਨ ਤੋਂ ਬਾਅਦ,ਅਦਾਕਾਰਾ ਦੀ ਲਾਸ਼ ਮਿਲੀ। ਰਿਪੋਰਟਾਂ ਅਨੁਸਾਰ ਹੁਮੈਰਾ ਦੀ ਮੌਤ 20 ਦਿਨ ਪਹਿਲਾਂ ਹੋਈ ਸੀ ਅਤੇ ਉਸਦੀ ਲਾਸ਼ ਬਹੁਤ ਬੁਰੀ ਹਾਲਤ ਵਿੱਚ ਸੀ।