ਨੌਜਵਾਨਾਂ ਨੂੰ ਸਿੱਧੂ ਮੂਸੇ ਵਾਲਾ ਦੀ ਅੰਤਿਮ ਅਰਦਾਸ ’ਚ ਪੱਗਾਂ ਬੰਨ੍ਹ ਕੇ ਸ਼ਾਮਲ ਹੋਣ ਦੀ ਅਪੀਲ

06/06/2022 3:27:58 PM

ਚੰਡੀਗੜ੍ਹ (ਬਿਊਰੋ)– 8 ਜੂਨ ਨੂੰ ਸਵਰਗੀ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਹੋਵੇਗੀ। ਇਸ ਦਿਨ ਨੂੰ ਲੈ ਕੇ ਪਰਿਵਾਰ ਤੇ ਸਾਥੀਆਂ ਵਲੋਂ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਗਈ ਹੈ। ਉਨ੍ਹਾਂ ਬੇਨਤੀ ਕੀਤੀ 8 ਤਾਰੀਖ਼ ਨੂੰ ਨੌਜਵਾਨ ਪੱਗਾਂ ਬੰਨ੍ਹ ਕੇ ਭੋਗ ’ਚ ਸ਼ਾਮਲ ਹੋਣ।

ਦੱਸ ਦੇਈਏ ਕਿ ਸਰਦਾਰੀਆਂ ਟਰੱਸਟ ਵਲੋਂ ਸਿੱਧੂ ਮੂਸੇ ਵਾਲਾ ਦੇ ਭੋਗ ਵਾਲੇ ਦਿਨ ਕੈਂਪ ਲਾਇਆ ਜਾ ਰਿਹਾ ਹੈ, ਜਿਥੇ ਨੌਜਵਾਨਾਂ ਨੂੰ ਮੁਫ਼ਤ ’ਚ ਪੱਗਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਨੇ ਹਰ ਪੰਜਾਬੀ ਨੂੰ ਪੱਗ ਬੰਨ੍ਹਣ ਦਾ ਸੁਨੇਹਾ ਦਿੱਤਾ ਸੀ। ਵੀਡੀਓ ’ਚ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਸਰਦਾਰੀਆਂ ਟਰੱਸਟ ਦੇ ਮੈਂਬਰਾਂ ਨੂੰ ਦੇਖਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਾਂ ’ਤੇ ਲੋਕਾਂ ਨੇ ਮਾਰਨੀ ਸ਼ੁਰੂ ਕੀਤੀ ਠੱਗੀ, ਅੰਤਿਮ ਅਰਦਾਸ ਲਈ ਮੰਗ ਰਹੇ ਪੈਸੇ

ਉਹ ਵੀਡੀਓ ’ਚ ਕਹਿ ਰਹੇ ਹਨ, ‘‘ਪੰਜਾਬ ਦੀ ਵਿਰਾਸਤ ਨੂੰ ਰੂਹ ਨਾਲ ਜਿਊਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਅੰਤਿਮ ਅਰਦਾਸ ਮਿਤੀ 8 ਜੂਨ ਨੂੰ ਬਾਹਰਲੀ ਅਨਾਜ ਮੰਡੀ ਮਾਨਸਾ ਵਿਖੇ ਹੋ ਰਹੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ੁਭਦੀਪ ਸਿੱਧੂ ਮੂਸੇ ਵਾਲਾ ਆਪਣੇ ਵਿਰਸੇ ’ਤੇ ਬੜਾ ਮਾਣ ਕਰਦੇ ਸਨ। ਉਨ੍ਹਾਂ ਨੂੰ ਦਸਤਾਰ (ਪੱਗ) ਤੇ ਪੰਜਾਬੀ ਵਿਰਾਸਤ ਨਾਲ ਅਥਾਹ ਪਿਆਰ ਸੀ। ਇਸ ਲਈ ਸਿੱਧੂ ਮੂਸੇ ਵਾਲਾ ਨੂੰ ਪਿਆਰ ਕਰਨ ਵਾਲੇ, ਉਨ੍ਹਾਂ ਨੂੰ ਪਸੰਦ ਕਰਨ ਵਾਲੇ ਨੌਜਵਾਨਾਂ ਨੂੰ ਬੇਨਤੀ ਹੈ ਕਿ 8 ਤਾਰੀਖ਼ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ’ਚ ਪੱਗਾਂ ਬੰਨ੍ਹ ਕੇ ਸ਼ਾਮਲ ਹੋਣ। ਇਹ ਨੌਜਵਾਨੀ ਦੀ ਉਨ੍ਹਾਂ ਨੂੰ ਅਸਲ ਸ਼ਰਧਾਂਜਲੀ ਹੋਵੇਗੀ।’’

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਆਪਣੀ ਥਾਰ ਗੱਡੀ ’ਚ ਸਵਾਰ ਹੋ ਕੇ ਪਿੰਡੋਂ ਬਾਹਰ ਜਾ ਰਹੇ ਸਨ। ਰਸਤੇ ’ਚ ਤਿੰਨ ਗੱਡੀਆਂ ਨੇ ਉਨ੍ਹਾਂ ਨੂੰ ਘੇਰ ਕੇ ਹਮਲਾ ਕੀਤਾ ਤੇ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਕੇਸ ਨੂੰ ਸੁਲਝਾਉਣ ’ਚ ਪੁਲਸ ਵਲੋਂ ਵੱਡੇ ਪੱਧਰ ’ਤੇ ਐਕਸ਼ਨ ਲਿਆ ਜਾ ਰਿਹਾ ਹੈ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਹੋ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News