ਡਰੱਗ ਮਾਮਲਾ: ਭਾਰਤੀ ਸਿੰਘ-ਹਰਸ਼ ਨਾਲ ਜੁੜੇ ਮਾਮਲੇ 'ਚ ਐੱਨ. ਸੀ. ਬੀ. ਦੇ ਦੋ ਅਧਿਕਾਰੀ ਮੁਅੱਤਲ

12/03/2020 11:25:47 AM

ਨਵੀਂ ਦਿੱਲੀ (ਬਿਊਰੋ) - ਡਰੱਗ ਰੈਕੇਟ ਮਾਮਲੇ 'ਚ ਨਾਰੋਕੋਟਿਕਸ ਕੰਟਰੋਲ ਬਿਊਰੋ ਨੇ ਆਪਣੇ ਹੀ 2 ਅਫ਼ਸਰਾਂ 'ਤੇ ਐਕਸ਼ਨ ਲਿਆ ਹੈ। ਮੁੰਬਈ ਐੱਨ. ਸੀ. ਬੀ. ਦੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ 'ਤੇ ਸ਼ੱਕ ਹੈ ਕਿ ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਅਤੇ ਦੀਪਿਕਾ ਪਾਦੂਕੋਣ ਦੀ ਮੈਨੇਜਰ ਕਰਿਸ਼ਮਾ ਨੂੰ ਜ਼ਮਾਨਤ ਦਿਵਾਉਣ 'ਚ ਮਦਦ ਕੀਤੀ ਹੈ।

ਇਸ ਤੋਂ ਇਲਾਵਾ ਐੱਨ. ਸੀ. ਬੀ. ਦੇ ਵਕੀਲ ਦੇ ਰੋਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਇਨ੍ਹਾਂ ਸਿਤਾਰਿਆਂ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਹੋਣੀ ਸੀ, ਉਦੋਂ ਵਕੀਲ ਹੀ ਨਹੀਂ ਪੇਸ਼ ਹੋ ਪਏ ਸਨ, ਜਿਸ ਕਾਰਨ ਐੱਨ. ਸੀ. ਬੀ. ਦਾ ਪੱਖ ਨਹੀਂ ਰੱਖਿਆ ਗਿਆ। ਇਨ੍ਹਾਂ ਦੋਵੇਂ ਹੀ ਅਫ਼ਸਰਾਂ 'ਤੇ ਵਿਭਾਗ ਵਲੋਂ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ।

ਭਾਰਤੀ ਸਿੰਘ ਦੇ ਘਰੋਂ ਹੋਇਆ ਸੀ ਨਸ਼ਾ ਬਰਾਮਦ
ਦੱਸ ਦਈਏ ਕਿ ਬੀਤੇ ਦਿਨੀਂ ਐੱਨ. ਸੀ. ਬੀ. ਨੇ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਤੋਂ ਕਰੀਬ 86.5 ਗ੍ਰਾਮ ਗਾਂਜਾ ਬਰਾਮਦ ਕੀਤਾ ਸੀ, ਜਿਸ ਤੋਂ ਬਾਅਦ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਦੋਂ ਭਾਰਤੀ ਸਿੰਘ ਨੇ ਅਦਾਲਤ 'ਚ ਬੇਲ ਦੀ ਗੁਹਾਰ ਲਾਈ ਤਾਂ ਉਸ ਨੂੰ ਆਸਾਨੀ ਨਾਲ ਜ਼ਮਾਨਤ ਮਿਲ ਗਈ ਕਿਉਂਕਿ ਐੱਨ. ਸੀ. ਬੀ. ਦਾ ਕੋਈ ਅਧਿਕਾਰੀ ਜਾਂ ਵਕੀਲ ਕੋਰਟ 'ਚ ਮੌਜੂਦ ਹੀ ਨਹੀਂ ਸੀ।

ਦੀਪਿਕਾ ਪਾਦੂਕੋਣ ਦੀ ਮੈਨੇਜਰ ਨਾਲ ਹੋਇਆ ਕੁਝ ਅਜਿਹਾ
ਅਜਿਹਾ ਹੀ ਫ਼ਿਲਮ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਨਾਲ ਹੋਇਆ, ਜਿਸ ਕੋਲੋ 1.7 ਗ੍ਰਾਮ ਹੈਸ਼ ਬਰਾਮਦ ਹੋਇਆ ਸੀ। ਜਦੋਂ ਕਰਿਸ਼ਮਾ ਨੇ ਅਗਾਓਂ ਜ਼ਮਾਨਤ ਲਈ ਅਰਜੀ ਦਿੱਤੀ ਤਾਂ ਉਦੋਂ ਵੀ ਐੱਨ. ਸੀ. ਬੀ. ਦਾ ਕੋਈ ਅਧਿਕਾਰੀ ਕੋਰਟ 'ਚ ਨਹੀਂ ਸੀ ਤਾਂ ਜ਼ਮਾਨਤ ਮਿਲ ਗਈ। ਹੁਣ ਐੱਨ. ਸੀ. ਬੀ. ਵਲੋਂ ਐੱਨ. ਡੀ. ਪੀ. ਸੀ. ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ ਭਾਰਤੀ ਸਿੰਘ, ਹਰਸ਼ ਨੂੰ ਮਿਲੀ ਜ਼ਮਾਨਤ ਨੂੰ ਚੈਲੇਂਜ ਕੀਤਾ ਗਿਆ ਹੈ।

ਸੁਸ਼ਾਂਤ ਦੀ ਮੌਤ ਤੋਂ ਬਾਅਦ ਸਾਹਮਣੇ ਆਈਆਂ ਕਈ ਗੱਲਾਂ
ਦੱਸਣਯੋਗ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕਈ ਏਜੰਸੀਆਂ ਨੇ ਮੁੰਬਈ 'ਚ ਡੇਰਾ ਲਾਇਆ ਹੋਇਆ ਹੈ। ਕੇਸ ਦੀ ਜਾਂਚ ਦੌਰਾਨ ਡਰੱਗ ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਆ ਰਹੀਆਂ ਸਨ, ਜਿਸ ਦੀਆਂ ਕੜੀਆਂ ਹਾਲੇ ਵੀ ਜੁੜਦੀਆਂ ਜਾ ਰਹੀਆਂ ਹਨ। ਹਾਲੇ ਤੱਕ ਐੱਨ. ਸੀ. ਬੀ. ਕਈ ਫ਼ਿਲਮ, ਟੀ. ਵੀ. ਸਿਤਾਰਿਆਂ ਤੇ ਪ੍ਰੋਡਕਸ਼ਨ ਕੰਪਨੀਆਂ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ।


sunita

Content Editor

Related News