ਹੁਣ ਦਿਲਜੀਤ ਦੋਸਾਂਝ ਬਣਨਗੇ ''ਰੰਨਾਂ ਚ ਧੰਨਾ'', ਜਾਣੋ ਕਿਵੇਂ
Saturday, Sep 19, 2020 - 04:53 PM (IST)

ਜਲੰਧਰ (ਬਿਊਰੋ) : ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫ਼ਿਲਮ ਦਾ ਐਲਾਨ ਹੋ ਗਿਆ। ਦਿਲਜੀਤ ਦੀ ਇਸ ਫ਼ਿਲਮ ਦਾ ਨਾਂ 'ਰੰਨਾਂ ਚ ਧੰਨਾ' ਹੈ। ਇਸ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਉਂ ਨੇ ਲਿਖਿਆ ਹੈ ਤੇ ਖ਼ੁਦ ਹੀ ਫ਼ਿਲਮ ਦਾ ਨਿਰਦੇਸ਼ਨ ਕਰਨਗੇ। ਇਸ ਤੋਂ ਪਹਿਲਾਂ ਅਮਰਜੀਤ ਨੇ 'ਕਾਲਾ ਸ਼ਾਹ ਕਾਲਾ' ਤੇ 'ਝੱਲੇ' ਵਰਗੀਆਂ ਫ਼ਿਲਮਾਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਝੋਲੀ ਵਿਚ ਪਾ ਚੁੱਕੇ ਹਨ। ਫ਼ਿਲਮ ਦਾ ਪੋਸਟਰ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਇਹ ਖੁਸ਼ਖ਼ਬਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ। ਪੋਸਟਰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਇਕ ਕਾਮੇਡੀ ਫ਼ਿਲਮ ਹੋਣ ਵਾਲੀ ਹੈ। ਹਾਲਾਂਕਿ ਅਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਦਿਲਜੀਤ ਨਾਲ ਕਿਹੜੀ ਅਦਾਕਾਰਾ ਇਸ ਫ਼ਿਲਮ ਵਿਚ ਪਰਦੇ 'ਤੇ ਨਜ਼ਰ ਆਵੇਗੀ।
ਮੰਨਿਆ ਜਾ ਰਿਹਾ ਕਿ ਫ਼ਿਲਮ 'ਰੰਨਾਂ ਚ ਧੰਨਾ' ਦਾ ਹਿੱਸਾ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਬਣ ਸਕਦੀ ਹੈ। ਦਰਅਸਲ ਅਮਰਜੀਤ ਦੀਆਂ ਪਹਿਲੀਆਂ 2 ਫ਼ਿਲਮਾਂ ਵਿਚ ਸਰਗੁਣ ਮਹਿਤਾ ਫੀਮੇਲ ਲੀਡ 'ਚ ਸੀ ਅਤੇ ਹੁਣ ਜਿਸ ਫ਼ਿਲਮ ਨੂੰ ਅਮਰਜੀਤ ਡਾਇਰੈਕਟ ਕਰ ਰਹੇ ਹਨ, ਉਸ ਵਿਚ ਵੀ ਸਰਗੁਣ ਮਹਿਤਾ ਹੈ ਤੇ ਸਰਗੁਣ ਹੀ ਉਸ ਨੂੰ ਪ੍ਰੋਡਿਓਸ ਵੀ ਕਰ ਰਹੀ ਹੈ। ਉਸ ਫ਼ਿਲਮ ਦਾ ਨਾਂ 'ਸੌਕਣ ਸੌਂਕਣੇ' ਹੈ ਯਾਨੀ ਫ਼ਿਲਮ 'ਰੰਨਾਂ 'ਚ ਧੰਨਾ' ਅਮਰਜੀਤ ਦੀ ਚੌਥੀ ਫ਼ਿਲਮ ਹੋਵੇਗੀ।
ਇਸ ਸਾਲ ਦਿਲਜੀਤ ਦੋਸਾਂਝ ਦੀ ਫ਼ਿਲਮ 'ਜੋੜੀ' ਨੇ ਵੀ ਰਿਲੀਜ਼ ਹੋਣਾ ਸੀ, ਜਿਸ ਵਿਚ ਨਿਮਰਤ ਖਹਿਰਾ ਦਿਲਜੀਤ ਨਾਲ ਨਜ਼ਰ ਆਉਣ ਵਾਲੀ ਸੀ ਪਰ ਕੋਰੋਨਾ ਵਾਇਰਸ ਕਰਕੇ ਉਹ ਫ਼ਿਲਮ ਸਿਨੇਮਾ ਘਰ ਵਿਚ ਨਹੀਂ ਪਹੁੰਚ ਸਕੀ।