'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

Sunday, Nov 24, 2024 - 05:27 PM (IST)

'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਦਿਲਜੀਤ ਦੋਸਾਂਝ 'Dil-Luminati' ਟੂਰ 2024 ਨੂੰ ਲੈ ਕੇ ਹਰ ਪਾਸੇ ਛਾਏ ਹੋਏ ਹਨ। 20 ਨਵੰਬਰ ਨੂੰ ਦਿਲਜੀਤ ਨੇ ਲਖਨਊ ਤੋਂ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕੀਤੀਆਂ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਨਵਾਬਾਂ ਦੇ ਸ਼ਹਿਰ 'ਚ ਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਈਵੈਂਟ ਤੋਂ ਆਪਣੀ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਇੱਕ ਐਂਕਰ ਦੀ ਆਲੋਚਨਾ ਕੀਤੀ ਹੈ ਅਤੇ ਸੈਂਸਰਸ਼ਿਪ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਸੈਂਸਰਸ਼ਿਪ ਬਾਰੇ ਆਖਿਆ ਇਹ ਸਭ
ਦਿਲਜੀਤ ਨੇ 22 ਨਵੰਬਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤੀ ਅਤੇ ਆਪਣੇ ਅਗਲੇ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਸੈਂਸਰਸ਼ਿਪ ਬਾਰੇ ਗੱਲ ਕੀਤੀ। ਵੀਡੀਓ ਦੀ ਸ਼ੁਰੂਆਤ 'ਚ ਦਿਲਜੀਤ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, ''ਪਿਛਲੇ ਕੁਝ ਦਿਨਾਂ ਤੋਂ ਮੀਡੀਆ 'ਚ ਇਹ ਗੱਲ ਚੱਲ ਰਹੀ ਹੈ ਕਿ ਦਿਲਜੀਤ VS... ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਦਿਲਜੀਤ VS ਕੁਝ ਵੀ ਨਹੀਂ ਹੈ। ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੇਰਾ ਕਿਸੇ ਨਾਲ ਮੁਕਾਬਲਾ ਨਹੀਂ ਹੈ। ਜਦੋਂ ਤੋਂ ਮੈਂ ਇੰਡੀਆ ਟੂਰ ਸ਼ੁਰੂ ਕੀਤਾ ਹੈ, ਚਾਹੇ ਉਹ ਦਿੱਲੀ, ਜੈਪੁਰ ਜਾਂ ਹੈਦਰਾਬਾਦ ਹੋਵੇ, ਹਰ ਜਗ੍ਹਾਂ ਬਹੁਤ ਵਧੀਆ ਲੋਕ ਸੀ। ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।''

UP LUCKNOW 🇮🇳

YOG 🪷 pic.twitter.com/XawCTVdKOO

— DILJIT DOSANJH (@diljitdosanjh) November 22, 2024

ਟੀਵੀ ਐਂਕਰ ਬਾਰੇ ਆਖੀ ਇਹ ਗੱਲ
ਟੀ. ਵੀ. ਐਂਕਰ ਬਾਰੇ ਗੱਲ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਕਿਹਾ, ''ਇੱਕ ਐਂਕਰ ਹੈ। ਉਹ ਮੈਨੂੰ ਬਿਨ੍ਹਾਂ ਸ਼ਰਾਬਾਂ ਦੇ ਹਿੱਟ ਗੀਤ ਦੇਣ ਦੀ ਚੁਣੌਤੀ ਦੇ ਰਿਹਾ ਸੀ। ਮੈਂ ਸਰ ਨੂੰ ਦੱਸਣਾ ਚਾਹਾਂਗਾ ਕਿ 'ਬੋਰਨ ਟੂ ਸ਼ਾਈਨ', 'ਹੱਸ ਹੱਸ', 'ਪ੍ਰੇਮੀ', 'ਕਿੰਨੀ ਕਿੰਨੀ' ਬਾਲੀਵੁੱਡ 'ਚ ਅਜੇ ਨਵੇਂ ਨਾਂ ਹਨ। ਮੇਰੇ ਬਹੁਤ ਸਾਰੇ ਗੀਤ ਹਨ, ਜੋ 'ਪਟਿਆਲਾ ਪੈੱਗ' ਤੋਂ ਵੱਧ ਸਟ੍ਰੀਮ ਕਰਦੇ ਹਨ। ਇਸ ਲਈ ਤੁਹਾਡੀ ਚੁਣੌਤੀ ਬੇਕਾਰ ਹੈ ਕਿਉਂਕਿ ਮੇਰੇ ਕੋਲ ਪਹਿਲਾਂ ਹੀ ਅਜਿਹੇ ਕਈ ਗੀਤ ਹਨ, ਜੋ ਹਿੱਟ ਹਨ।''

ਪ੍ਰਸ਼ੰਸਕਾਂ ਨਾਲ ਗੱਲ ਕਰਦੇ ਹੋਏ ਦਿਲਜੀਤ ਨੇ ਸੈਂਸਰਸ਼ਿਪ 'ਤੇ ਕਿਹਾ, ''ਮੈਂ ਆਪਣੇ ਗੀਤਾਂ ਦਾ ਬਚਾਅ ਨਹੀਂ ਕਰ ਰਿਹਾ ਹਾਂ ਅਤੇ ਨਾ ਹੀ ਮੈਂ ਆਪਣਾ ਬਚਾਅ ਕਰ ਰਿਹਾ ਹਾਂ। ਮੈਂ ਸਿਰਫ ਇਹੀ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਗੀਤਾਂ 'ਤੇ ਸੈਂਸਰਸ਼ਿਪ ਲਗਾਉਣੀ ਚਾਹੁੰਦੇ ਹੋ ਤਾਂ ਭਾਰਤੀ ਸਿਨੇਮਾ 'ਚ ਵੀ ਇਹ ਸੈਂਸਰਸ਼ਿਪ ਹੋਣੀ ਚਾਹੀਦੀ ਹੈ। ਭਾਰਤੀ ਸਿਨੇਮਾ 'ਚ ਦੁੱਖ ਜਿੰਨਾ ਵੱਡਾ, ਨਾਇਕ ਓਨਾ ਹੀ ਵੱਡਾ। ਕਿਹੜੇ ਵੱਡੇ ਕਲਾਕਾਰ ਨੇ ਸ਼ਰਾਬ ਨਾਲ ਜੁੜੇ ਕੋਈ ਸੀਨ ਜਾਂ ਗੀਤ ਨਹੀਂ ਕੀਤਾ ਹੈ? ਕੋਈ ਹੈ, ਮੈਨੂੰ ਤਾਂ ਯਾਦ ਨਹੀਂ ਹੈ? ਮੈਨੂੰ ਅਜਿਹਾ ਕੋਈ ਅਦਾਕਾਰ ਯਾਦ ਨਹੀਂ ਹੈ। ਇਸ ਲਈ ਜੇਕਰ ਤੁਸੀਂ ਸੈਂਸਰਸ਼ਿਪ ਲਗਾਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਹਰ ਕਿਸੇ 'ਤੇ ਲਗਾਓ। ਮੈਂ ਬੱਸ ਇਹੀ ਚਾਹੁੰਦਾ ਹਾਂ। ਮੈਂ ਉਸੇ ਦਿਨ ਤੋਂ ਰੁਕ ਜਾਵਾਂਗਾ। ਕਲਾਕਾਰ ਤੁਹਾਨੂੰ ਸਾਫਟ ਟਾਰਗੇਟ ਲੱਗਦੇ ਹਨ। ਇਸ ਲਈ ਤੁਸੀਂ ਗਾਇਕਾਂ ਨੂੰ ਛੇੜਦੇ ਹੋ।''

ਦਿਲਜੀਤ ਨੇ ਨਿਊਜ਼ ਐਂਕਰ ਨੂੰ ਦਿੱਤਾ ਚੈਲੇਂਜ
ਦਿਲਜੀਤ ਨੇ ਨਿਊਜ਼ ਐਂਕਰ ਨੂੰ ਚੈਲੇਂਜ ਦਿੰਦੇ ਹੋਏ ਕਿਹਾ, ''ਸਰ, ਤੁਹਾਡੀ ਜਾਣਕਾਰੀ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀਆਂ ਫ਼ਿਲਮਾਂ ਨੂੰ ਨੈਸ਼ਨਲ ਐਵਾਰਡ ਵੀ ਮਿਲ ਚੁੱਕੇ ਹਨ। ਇਸ ਲਈ ਸਾਡਾ ਕੰਮ ਸਸਤਾ ਕੰਮ ਨਹੀਂ ਹੈ। ਜੇਕਰ ਸਾਹਮਣੇ ਲਿਖਿਆ ਹੋਵੇ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ਅਤੇ ਅਸੀਂ ਉਸ ਦੇ ਸਾਹਮਣੇ ਗੀਤ ਗਾਉਣਾ ਸ਼ੁਰੂ ਕਰ ਦੇਈਏ ਤਾਂ ਕੀ ਇਹ ਸਹੀ ਹੈ? ਅਜਿਹਾ ਨਹੀਂ ਹੋਣਾ ਚਾਹੀਦਾ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਅਜਿਹਾ ਲੱਗੇਗਾ ਕਿ ਤੁਸੀਂ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾ ਰਹੇ ਹੋ। ਸਹੀ ਖ਼ਬਰਾਂ ਨੂੰ ਫੈਲਾਉਣਾ ਤੁਹਾਡੀ ਨੈਤਿਕ ਜ਼ਿੰਮੇਵਾਰੀ ਹੈ। ਇਸ ਲਈ ਮੈਂ ਤੁਹਾਨੂੰ ਸਹੀ ਖ਼ਬਰ ਦਿਖਾਉਣ ਲਈ ਚੁਣੌਤੀ ਦਿੰਦਾ ਹਾਂ।''

ਸ਼ਰਾਬ ਵਾਲੇ ਗੀਤਾਂ 'ਤੇ ਬਾਦਸ਼ਾਹ ਦਾ ਬਿਆਨ
ਇਸ ਮੁੱਦੇ ਨੂੰ ਲੈ ਕੇ ਰੈਪਰ ਬਾਦਸ਼ਾਹ ਵੀ ਦਿਲਜੀਤ ਦੇ ਹੱਕ 'ਚ ਆਏ। ਦਿਲਜੀਤ ਨੂੰ ਆਪਣਾ ਵੱਡਾ ਭਰਾ ਮੰਨਣ ਵਾਲੇ ਬਾਦਸ਼ਾਹ ਨੇ ਸ਼ਰਾਬ ਵਾਲੇ ਗੀਤਾਂ 'ਤੇ ਚੱਲ ਰਹੇ ਵਿਵਾਦ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਦਿਲਜੀਤ ਦਾ ਸਮਰਥਨ ਕੀਤਾ ਹੈ। ਬਾਦਸ਼ਾਹ ਨੇ ਕਿਹਾ ਕਿ, ''ਕਲਾਕਾਰ ਦਾ ਕੰਮ ਸਮਾਜ ਦਾ ਸ਼ੀਸ਼ਾ ਦਿਖਾਉਣਾ ਹੁੰਦਾ ਹੈ। ਦਿਲਜੀਤ ਬਿਲਕੁਲ ਸਹੀ ਹੈ। ਤੁਸੀਂ ਉਨ੍ਹਾਂ ਨੂੰ ਸ਼ਰਾਬ ਬਾਰੇ ਗੀਤ ਨਾ ਗਾਉਣ ਜਾਂ ਨਾ ਬਣਾਉਣ ਲਈ ਕਹਿ ਰਹੇ ਹੋ ਪਰ ਫਿਰ ਤੁਸੀਂ ਹਰ ਪਾਸੇ ਸ਼ਰਾਬ ਵੇਚ ਰਹੇ ਹੋ। ਗੀਤ ਕਿਉਂ ਨਹੀਂ ਬਣਾਏ ਜਾਣੇ ਚਾਹੀਦੇ? ਇੱਕ ਕਲਾਕਾਰ ਸਮਾਜ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਇਹੀ ਉਨ੍ਹਾਂ ਨੂੰ ਅਨੁਕੂਲ ਬਣਾਉਂਦਾ ਹੈ। ਇਸ ਕਾਰਨ ਲੋਕ ਉਸ ਨੂੰ ਪਸੰਦ ਕਰਦੇ ਹਨ। ਉਹ ਉਨ੍ਹਾਂ ਗੱਲਾਂ ਬਾਰੇ ਬੋਲਦੇ ਹਨ, ਜੋ ਸਾਰਾ ਸੰਸਾਰ ਕਹਿਣਾ ਚਾਹੁੰਦਾ ਹੈ।''

ਇਹ ਵੀ ਪੜ੍ਹੋੋ- 'ਮੈਂ ਨਸ਼ੇ ਦੀ ਆਦੀ ਰਹੀ ਹਾਂ, ਮੈਂ ਨਸ਼ਾ ਲਿਆ ਹੈ'

ਕੀ ਹੈ ਪੂਰਾ ਮਾਮਲਾ?
ਦੱਸਣਯੋਗ ਹੈ ਕਿ ਅਹਿਮਦਾਬਾਦ ਤੋਂ ਪਹਿਲਾਂ ਦਿਲਜੀਤ ਨੇ ਹੈਦਰਾਬਾਦ 'ਚ ਆਪਣਾ ਲਾਈਵ ਕੰਸਰਟ ਕੀਤਾ ਸੀ। ਇਸ ਸਮਾਗਮ ਤੋਂ ਪਹਿਲਾਂ ਉਨ੍ਹਾਂ ਨੂੰ ਤੇਲੰਗਾਨਾ ਸਰਕਾਰ ਦਾ ਨੋਟਿਸ ਭੇਜਿਆ ਸੀ, ਜਿਸ 'ਚ ਉਨ੍ਹਾਂ ਨੂੰ ਸ਼ਰਾਬ 'ਤੇ ਆਧਾਰਿਤ ਗੀਤ ਨਾ ਗਾਉਣ ਦੀ ਸਲਾਹ ਦਿੱਤੀ ਗਈ ਸੀ। ਨੋਟਿਸ 'ਚ ਕਿਹਾ ਗਿਆ ਸੀ ਕਿ ਦਿਲਜੀਤ ਗੀਤਾਂ ਰਾਹੀਂ ਸ਼ਰਾਬ ਦਾ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਕਰਦੇ ਹਨ। ਇਸ ਦੌਰਾਨ ਪਿਛਲੇ ਮਹੀਨੇ ਦੇ ਸ਼ੁਰੂ 'ਚ ਦਿਲਜੀਤ ਦੋਸਾਂਝ ਵੱਲੋਂ ਨਵੀਂ ਦਿੱਲੀ 'ਚ ਇੱਕ ਲਾਈਵ ਸ਼ੋਅ 'ਚ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਦੇ ਵੀਡੀਓ ਸਬੂਤਾਂ ਦਾ ਹਵਾਲਾ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News