ਸ਼ਹਿਨਾਜ਼, ਦਿਲਜੀਤ ਤੇ ਸੋਨਮ ਦੀ ਫ਼ਿਲਮ 'ਹੌਂਸਲਾ ਰੱਖ' ਨੇ 'ਬੈੱਲ ਬੌਟਮ' ਤੇ 'ਵੈਨਮ 2' ਨੂੰ ਪਛਾੜ ਬਣਾਇਆ ਇਹ ਰਿਕਾਰਡ

10/19/2021 7:26:45 PM

ਚੰਡੀਗੜ੍ਹ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਰਨਰਅਪ ਰਹੀ ਸ਼ਹਿਨਾਜ਼ ਕੌਰ ਗਿੱਲ ਅੱਜ ਕੱਲ੍ਹ ਪੰਜਾਬੀ ਸੁਪਰ ਸਟਾਰ ਦਿਲਜੀਤ ਦੁਸਾਂਝ ਨਾਲ ਫ਼ਿਲਮ 'ਹੌਂਸਲਾ ਰੱਖ' 'ਚ ਨਜ਼ਰ ਆ ਰਹੀ ਹੈ, ਜਿਸ ਨੇ ਬਾਕਸ ਆਫਿਸ 'ਤੇ ਬਹੁਤ ਹੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਸ ਪੰਜਾਬੀ ਫ਼ਿਲਮ ਨੇ ਓਪਨਿੰਗ ਵੀਕੈਂਡ 'ਚ 17 ਕਰੋੜ ਤੋਂ ਜ਼ਿਆਦਾ ਵਰਲਡਵਾਈਡ ਗ੍ਰਾਸ ਕੁਲੈਕਸ਼ਨ ਕੀਤੀ ਹੈ, ਜੋ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਭ ਤੋਂ ਵੱਡੀ ਓਪਨਿੰਗ ਵੀਕੈਂਡ ਕੁਲੈਕਸ਼ਨ ਮੰਨੀ ਜਾ ਰਹੀ ਹੈ।

PunjabKesari

ਦੱਸ ਦਈਏ ਕਿ 15 ਅਕਤੂਬਰ ਨੂੰ ਰਿਲੀਜ਼ ਹੋਈ ਫ਼ਿਲਮ 'ਹੌਂਸਲਾ ਰੱਖ' ਨੇ 5.15 ਕਰੋੜ ਦੀ ਸ਼ਾਨਦਾਰ ਓਪਨਿੰਗ ਕੀਤੀ। ਇਸ ਨੇ ਦੂਜੇ ਦਿਨ 5.75 ਕਰੋੜ ਇਕੱਠੇ ਕੀਤੇ, ਜਦੋਂ ਕਿ ਫ਼ਿਲਮ ਨੇ ਤੀਜੇ ਦਿਨ 6.50 ਕਰੋੜ ਇਕੱਠੇ ਕੀਤੇ। ਇਸ ਨੂੰ ਸ਼ਾਮਲ ਕਰਦੇ ਹੋਏ, 'ਹੌਂਸਲਾ ਰੱਖ' ਨੇ ਦੁਨੀਆ ਭਰ 'ਚ 17.50 ਕਰੋੜ ਦਾ ਕਾਰੋਬਾਰ ਕੀਤਾ ਹੈ। ਦਿਲਜੀਤ ਦੁਸਾਂਝ ਨੇ ਇਹ ਜਾਣਕਾਰੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਅਮਰਜੀਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਚ ਮੁੱਖ ਅਦਾਕਾਰਾ ਸੋਨਮ ਬਾਜਵਾ ਵੀ ਹੈ।

ਮਾਹਰਾਂ ਅਨੁਸਾਰ, ਫ਼ਿਲਮ ਨੇ ਦਿੱਲੀ ਸਰਕਟ 'ਚ ਵਧੀਆ ਕਾਰੋਬਾਰ ਕੀਤਾ ਹੈ, ਜਿੱਥੇ ਫ਼ਿਲਮ ਨੇ ਅਕਸ਼ੇ ਕੁਮਾਰ ਦੀ 'ਬੈੱਲ ਬੌਟਮ' ਅਤੇ ਹਾਲੀਵੁੱਡ ਫ਼ਿਲਮ 'ਵੈਨਮ 2' ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। 'ਹੌਂਸਲਾ ਰੱਖ' ਚੰਡੀਗੜ੍ਹ 'ਚ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫ਼ਿਲਮ ਬਣ ਗਈ। ਪਹਿਲਾਂ ਇਹ ਰਿਕਾਰਡ 'ਕੈਰੀ ਆਨ ਜੱਟਾ 2' ਦੇ ਨਾਂ ਸੀ।

ਦੱਸ ਦੇਈਏ 'ਬਿੱਗ ਬੌਸ 13' 'ਚ ਸ਼ਹਿਨਾਜ਼ ਦੇ ਦੋਸਤ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲੀ ਇਹ ਅਦਾਕਾਰਾ ਦੀ ਪਹਿਲੀ ਫ਼ਿਲਮ ਹੈ। ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਬੁਰੀ ਤਰ੍ਹਾਂ ਟੁੱਟ ਗਈ ਸੀ ਅਤੇ ਸੋਸ਼ਲ ਮੀਡੀਆ ਤੋਂ ਵੀ ਦੂਰ ਰਹੀ। 'ਬਿੱਗ ਬੌਸ 13' ਤੋਂ ਬਾਅਦ ਸ਼ਹਿਨਾਜ਼ ਅਤੇ ਸਿਧਾਰਥ ਵੀ ਮਿਊਜ਼ਿਕ ਵੀਡੀਓਜ਼ 'ਚ ਨਜ਼ਰ ਆਏ। ਉਥੇ ਹੀ ਦਿਲਜੀਤ ਦੀਆਂ ਬਾਲੀਵੁੱਡ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਖਰੀ ਰਿਲੀਜ਼ ਹੋਈ ਫ਼ਿਲਮ 'ਸੂਰਜ ਪੇ ਮੰਗਲ ਭਾਰੀ' ਸੀ, ਜਿਸ 'ਚ ਉਹ ਮਨੋਜ ਬਾਜਪੇਈ ਅਤੇ ਫਾਤਿਮਾ ਸਨਾ ਸ਼ੇਖ ਨਾਲ ਨਜ਼ਰ ਆਏ ਸਨ। ਇਹ ਫ਼ਿਲਮ ਪਿਛਲੇ ਸਾਲ 15 ਨਵੰਬਰ ਨੂੰ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਇਸ ਫ਼ਿਲਮ ਨੂੰ ਜ਼ੀ 5 'ਤੇ ਵੀ ਸਟ੍ਰੀਮ ਕੀਤਾ ਗਿਆ। ਦਿਲਜੀਤ ਨੇ ਹਿੰਦੀ ਫ਼ਿਲਮਾਂ 'ਚ ਆਪਣੀ ਸ਼ੁਰੂਆਤ 'ਉੜਤਾ ਪੰਜਾਬ' ਨਾਲ ਕੀਤੀ, ਜਿਸ 'ਚ ਉਹ ਕਰੀਨਾ ਕਪੂਰ ਖ਼ਾਨ ਨਾਲ ਨਜ਼ਰ ਆਏ ਸਨ।

ਨੋਟ - ਦਿਲਜੀਤ ਤੇ ਸ਼ਹਿਨਾਜ਼ ਦੀ ਫ਼ਿਲਮ 'ਹੌਂਸਲਾ ਰੱਖ' ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News