ਦਿਲਜਾਨ ਨੇ ਗੁਰੂ ਨੂੰ ਦਿੱਤਾ ਸੀ ਪਿਤਾ ਦਾ ਦਰਜਾ, ਕਿਸੇ ਵੀ ਸਰਟੀਫਿਕੇਟ ''ਤੇ ਨਹੀਂ ਹੈ ਪਿਤਾ ਦਾ ਨਾਂ

03/31/2021 5:11:48 PM

ਚੰਡੀਗੜ੍ਹ (ਬਿਊਰੋ) : ਨੌਜਵਾਨ ਪੰਜਾਬੀ ਗਾਇਕ ਦਿਲਜਾਨ ਬੁਲੰਦ ਆਵਾਜ਼ ਵਾਲਾ ਗਾਇਕ ਸੀ, ਜੋ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਮੰਗਲਵਾਰ ਤੜਕੇ ਦਿਲਜਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਗਾਇਕ ਦੀ ਮੌਤ ਮੌਕੇ 'ਤੇ ਹੀ ਹੋ ਗਈ। ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਗਾਇਕ ਦੀ ਕਾਰ ਚਕਨਾਚੂਰ ਹੋ ਗਈ। ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਗਿਆ। ਦੱਸ ਦਈਏ ਕਿ ਦਿਲਜਾਨ ਦੇਰ ਰਾਤ ਆਪਣੀ ਕਾਰ 'ਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਜਦੋਂ ਉਹ ਜੰਡਿਆਲਾ ਗੁਰੂ ਕੋਲ ਪਹੁੰਚੇ, ਜਿੱਥੇ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਦਿਲਜਾਨ ਦੀ ਕਾਰ ਕਾਫ਼ੀ ਤੇਜ਼ ਰਫਤਾਰ ਸੀ, ਜਿਸ ਕਾਰਨ ਬੇਕਾਬੂ ਹੋਕੇ ਡਿਵਾਇਡਰ ਨਾਲ ਟਕਰਾ ਗਈ ਤੇ ਪਲਟ ਗਈ। 

PunjabKesari
ਦਿਲਜਾਨ ਨੇ ਇੰਗਲੈਂਡ, ਅਮਰੀਕਾ, ਕਤਰ, ਦੁਬਈ ਅਤੇ ਅਫਰੀਕਾ ਸਮੇਤ ਕਈ ਦੇਸ਼ਾਂ 'ਚ ਸ਼ੋਅ ਲਗਾਏ ਸਨ। ਉਨ੍ਹਾਂ ਨੇ ਸੰਗੀਤ ਲਈ ਜੋ ਕੁਰਬਾਨੀ ਦਿੱਤੀ, ਇਸ ਤੋਂ ਵਧੀਆ ਉਦਾਹਰਨ ਨਹੀਂ ਹੋ ਸਕਦੀ। ਦਿਲਜਾਨ ਦਾ ਜਨਮ 30 ਜੁਲਾਈ 1989 ਨੂੰ ਜ਼ਿਲ੍ਹਾ ਜਲੰਧਰ ਦੇ ਇਤਿਹਾਸਕ ਕਸਬੇ ਕਰਤਾਰਪੁਰ ਵਿਖੇ ਬਲਦੇਵ ਕੁਮਾਰ ਦੇ ਘਰ ਹੋਇਆ ਸੀ। ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿਤਾ ਨੂੰ ਮਾਡਾਰ ਕਰਤਾਰਪੁਰੀ ਦੇ ਨਾਮ ਨਾਲ ਜਾਣਦੇ ਹਨ। ਇਸ ਤਰ੍ਹਾਂ ਦਿਲਜਾਨ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਿਤਾ ਤੋਂ ਹੀ ਮਿਲੀ ਸੀ ਅਤੇ ਉਸ ਨੇ ਬਚਪਨ ਤੋਂ ਹੀ ਗਾਇਕੀ ਨਾਲ ਨਾਅਤਾ ਜੋੜ ਲਿਆ ਸੀ। 

PunjabKesari

ਸੰਗੀਤ ਲਈ ਦਿਲਜਾਨ ਨੇ ਦਿੱਤੀ ਇਹ ਕੁਰਬਾਨੀ
ਮਾਡਾਰ ਰਾਸ਼ਟਰੀ ਬੀਮੇ 'ਚ ਕਲਾਸ ਵੰਨ ਅਧਿਕਾਰੀ ਸੀ ਅਤੇ ਸੰਗੀਤ ਦੇ ਮਹਾਂਗੁਰੂ, ਪੂਰਨ ਸ਼ਾਹਕੋਟੀ ਦੇ ਚੇਲੇ ਸੀ। ਬਚਪਨ 'ਚ ਜਦੋਂ ਦਿਲਜਾਨ ਨੂੰ ਪਤਾ ਲੱਗਿਆ ਕਿ ਮਡਾਰ ਕਰਤਾਰਪੁਰੀ ਸੰਗੀਤ ਸਿਖਾਉਂਦਾ ਹੈ ਤਾਂ ਦਿਲਜਾਨ ਉਸ ਦੀ ਸ਼ਰਨ 'ਚ ਚਲਾ ਗਿਆ।
ਸੰਗੀਤ ਸਿੱਖਣ ਲਈ, ਉਨ੍ਹਾਂ ਨੇ ਆਪਣਾ ਘਰ ਛੱਡ ਦਿੱਤਾ ਅਤੇ ਮਦਨ ਮਾਡਾਰ ਦੇ ਨੇੜੇ ਹੀ ਰਿਹਾ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਵਜੋਂ ਸਵੀਕਾਰ ਲਿਆ। ਸਿੱਖਿਆ ਪ੍ਰਾਪਤ ਕਰਦਿਆਂ ਵੀ ਦਿਲਜਾਨ ਨੇ ਆਪਣੇ ਸਕੂਲ-ਕਾਲਜ ਦੇ ਸਾਰੇ ਸਰਟੀਫਿਕੇਟ 'ਤੇ ਪਿਤਾ ਬਲਦੇਵ ਕੁਮਾਰ ਦੀ ਥਾਂ 'ਤੇ ਮਦਨ ਮਾਡਾਰ ਦਾ ਨਾਂ ਲਿਖਿਆ। ਕਰਤਾਰਪੁਰ ਦੇ ਵਸਨੀਕ ਸਮਝਦੇ ਹਨ ਕਿ ਦਿਲਜਾਨ ਮਦਨ ਮਾਡਾਰ ਦਾ ਪੁੱਤਰ ਹੈ। ਮਦਨ ਮਾਡਾਰ ਦੀ ਪਤਨੀ ਮੀਨਾ ਰਾਣੀ ਨੇ ਦਿਲਜਾਨ ਨੂੰ ਪੁੱਤਰ ਦੀ ਤਰ੍ਹਾਂ ਪਾਲਿਆ।

PunjabKesari

ਮਦਨ ਮਾਡਾਰ ਨੇ ਦਿਲਜਾਨ ਨੂੰ ਸਿਖਰਾਂ 'ਤੇ ਪਹੁੰਚਾਇਆ
ਜਦੋਂ ਦਿਲਜਾਨ ਦਾ ਵਿਆਹ ਇਕ ਕੈਨੇਡੀਅਨ ਨਾਗਰਿਕ ਨਾਲ ਹੋਇਆ ਸੀ, ਤਾਂ ਹਰਮਨ, ਮਦਨ ਮਾਡਾਰ ਅਤੇ ਮੀਨਾ ਰਾਣੀ ਨੂੰ ਮਾਤਾ-ਪਿਤਾ ਲਿਖ ਕੇ ਕਾਰਡ ਭੇਜਿਆ। ਮਦਨ ਮਾਡਾਰ ਨੇ ਦਿਲਜਾਨ ਨੂੰ ਸੰਗੀਤ ਦੀ ਇਕ ਇਕ ਪੌੜੀ ਚੜ੍ਹਾ ਕੇ ਉਨ੍ਹਾਂ ਨੂੰ ਸਿਖਰ 'ਤੇ ਪਹੁੰਚਾਇਆ ਅਤੇ ਹੁਣ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਦਿਲਜਾਨ ਦੀ ਤਪੱਸਿਆ ਸਫ਼ਲ ਹੋ ਗਈ ਹੈ। ਦਿਲਜਾਨ ਹਰਮਨ ਨਾਲ ਵਿਆਹ ਤੋਂ ਬਾਅਦ ਕੈਨੇਡਾ ਦਾ ਪੱਕਾ ਵਸਨੀਕ ਵੀ ਬਣ ਗਿਆ ਸੀ। ਉਨ੍ਹਾਂ ਦੀ ਬੇਟੀ ਸੁਰੈਆ ਦਾ ਜਨਮ ਦੋ ਸਾਲ ਪਹਿਲਾਂ ਹੋਇਆ ਸੀ। ਉਹ ਆਪਣੀ ਮਾਂ ਹਰਮਨ ਨਾਲ ਕੈਨੇਡਾ 'ਚ ਰਹਿੰਦੀ ਹੈ। ਨੇੜਲੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਦਿਲਜਾਨ ਅਪ੍ਰੈਲ 'ਚ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਹ ਪੰਜਾਬ ਦੇ ਕਰਤਾਰਪੁਰ ਵਿਖੇ ਮੇਲੇ ਕਾਰਨ ਰੁਕਿਆ ਸੀ, ਮੇਲਾ 14 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ 16 ਨੂੰ ਸਮਾਪਤ ਹੋਇਆ ਸੀ।

PunjabKesari

ਨੌਜਵਾਨਾਂ ਨੂੰ ਹਮੇਸ਼ਾਂ ਕਰਦੈ ਸਨ ਪ੍ਰੇਰਿਤ
ਦਿਲਜਾਨ ਨੇ ਹਮੇਸ਼ਾਂ ਨੌਜਵਾਨਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਨਾਲ ਇਨਸਾਫ ਕਰਨ ਲਈ ਪ੍ਰੇਰਿਆ। ਸਫ਼ਲਤਾ ਉਹ ਹੈ ਜੋ ਸਖਤ ਮਿਹਨਤ ਕਰੇ। ਅੱਜ ਨੌਜਵਾਨ ਨਸ਼ਿਆਂ 'ਚ ਡੁੱਬ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਰਿਐਲਿਟੀ ਸ਼ੋਅ ਰਾਹੀਂ ਆਪਣੀ ਪਛਾਣ ਬਣਾਉਣ ਵਾਲੇ ਦਿਲਜਾਨ ਹਮੇਸ਼ਾ ਕਹਿੰਦੇ ਸਨ ਕਿ ਰਿਐਲਿਟੀ ਸ਼ੋਅ ਨੌਜਵਾਨਾਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਵਧੀਆ ਪਲੇਟਫਾਰਮ ਹੈ।

PunjabKesari
ਉਸਤਾਦ ਪੂਰਨ ਸ਼ਾਹਕੋਟੀ ਤੋਂ ਲਏ ਗਾਇਕੀ ਦੇ ਗੁਰ
ਗਾਇਕ ਦਿਲਜਾਨ ਨੇ ਦਸਵੀਂ ਡੀ. ਏ. ਵੀ. ਹਾਈ ਸਕੂਲ ਕਰਤਾਰਪੁਰ ਤੋਂ ਪਾਸ ਕੀਤੀ ਅਤੇ ਬੀ. ਏ. ਦੀ ਡਿਗਰੀ ਡੀ. ਏ. ਵੀ. ਕਾਲਜ ਜਲੰਧਰ ਤੋਂ ਕੀਤੀ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ। 

PunjabKesari

ਇੰਝ ਬਣੇ ਸੁਰਾਂ ਦੇ ਸਰਤਾਜ 
ਸਾਲ 2006-2007 'ਚ ਐੱਮ. ਐੱਚ. ਵੰਨ. ਟੀ. ਵੀ. ਚੈਨਲ ਉਪਰ ਕਰਵਾਏ ਪੰਜਾਬੀ ਗਾਇਕੀ ਦੇ ਰਿਐਲਟੀ ਸ਼ੋਅ 'ਆਵਾਜ਼ ਪੰਜਾਬ ਦੀ' 'ਚ ਆਪਣੀ ਗਾਇਕੀ ਦੀ ਮੁਜ਼ਾਹਰਾ ਕੀਤਾ ਅਤੇ ਇਸ ਗਾਇਨ ਮੁਕਾਬਲੇ 'ਚ ਰਨਰਅੱਪ ਰਿਹਾ। ਸਾਲ 2012 'ਚ ਕਲਰ ਟੀ. ਵੀ. ਚੈਨਲ ਉਪਰ ਭਾਰਤੀ ਤੇ ਪਾਕਿਸਤਾਨੀ ਗਾਇਕੀ ਦੇ ਰਿਐਲਟੀ ਸ਼ੋਅ 'ਸੁਰ ਕਸ਼ੇਤਰ' 'ਚ ਵੀ ਦਿਲਜਾਨ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਇਸ ਸੰਗੀਤ ਮੁਕਾਬਲੇ 'ਚ ਉਸ ਨੇ ਆਪਣੀ ਆਵਾਜ਼ ਅਤੇ ਕਲਾ ਨਾਲ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਦੀ ਇਕ ਪੇਸ਼ਕਾਰੀ ਨਾਲ ਪ੍ਰਸਿੱਧ ਭਾਰਤੀ ਗਾਇਕਾ ਆਸ਼ਾ ਭੋਂਸਲੇ ਜੋ ਕਿ ਸ਼ੋਅ 'ਚ ਜੱਜ ਸੀ, ਇੰਨੀ ਭਾਵੁਕ ਹੋਏ ਕਿ ਅੱਖਾਂ 'ਚ ਅਥਰੂ ਆ ਗਏ। 'ਸੁਰ ਕਸ਼ੇਤਰ' ਗਾਇਕੀ ਮੁਕਾਬਲੇ 'ਚ ਵੀ ਦਿਲਜਾਨ ਰਨਰਅੱਪ ਰਿਹਾ। 

PunjabKesari

ਲਾਈਵ ਇੰਟਰਵਿਊ ਦੌਰਾਨ ਆਖੀਆਂ ਸਨ ਇਹ ਗੱਲਾਂ
ਨਿੱਜੀ ਚੈਨਲ ਨਾਲ ਹੋਈ ਲਾਈਵ ਗੱਲਬਾਤ ਦੌਰਾਨ ਦਿਲਜਾਨ ਨੇ ਦੱਸਿਆ ਕਿ ਉਸ ਨੇ ਸ਼ੋਅ ਦੌਰਾਨ ਪਹਿਲਾ ਗੀਤ 'ਆਵੋ ਨੀ ਸਈਓ ਰਲ਼ ਦੇਵੋ ਨੀ ਵਧਾਈਆਂ', ਨੀ ਮੈਂ ਵਰ ਪਾਇਆ ਰਾਂਝਾ ਮਾਹੀ' ਗਾਇਆ ਸੀ। ਪਿਛਲੇ ਸਾਲ ਹੀ ਉਸ ਨੇ ਸਰਦਾਰ ਅਲੀ ਨਾਲ ਮਿਲ ਕੇ 'ਰੱਬ ਨੂੰ ਮਨਾਉਣ ਵਾਲਿਆ' ਗੀਤ ਗਾਇਆ ਸੀ, ਜੋ ਕਿ ਕਾਫ਼ੀ ਮਕਬੂਲ ਹੋਇਆ ਸੀ। ਇਸ ਸਾਲ ਵੀ ਉਸ ਨੇ ਕੁਲਦੀਪ ਮਾਣਕ ਦਾ ਗੀਤ ਆਪਣੀ ਆਵਾਜ਼ 'ਚ ਗਾਇਆ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਸੀ। 
PunjabKesari


sunita

Content Editor

Related News