ਕੀ ਤੁਨਿਸ਼ਾ ਨੇ ਜ਼ੀਸ਼ਾਨ ਨਾਲ ਬ੍ਰੇਕਅੱਪ ਕਾਰਨ ਕੀਤੀ ਸੀ ਆਤਮ ਹੱਤਿਆ?

Wednesday, Dec 28, 2022 - 11:42 AM (IST)

ਕੀ ਤੁਨਿਸ਼ਾ ਨੇ ਜ਼ੀਸ਼ਾਨ ਨਾਲ ਬ੍ਰੇਕਅੱਪ ਕਾਰਨ ਕੀਤੀ ਸੀ ਆਤਮ ਹੱਤਿਆ?

ਜਲੰਧਰ (ਬਿਊਰੋ)– ਤੁਨਿਸ਼ਾ ਸ਼ਰਮਾ ਆਤਮ ਹੱਤਿਆ ਮਾਮਲੇ ’ਚ ਟੀ. ਵੀ. ਅਦਾਕਾਰ ਜ਼ੀਸ਼ਾਨ ਖ਼ਾਨ ਨੂੰ ਪੁਲਸ ਹਿਰਾਸਤ ’ਚ ਭੇਜਣ ਤੋਂ ਬਾਅਦ ਸ਼ੁਰੂਆਤੀ ਪੁੱਛਗਿੱਛ ’ਚ ਇਹ ਖ਼ੁਲਾਸਾ ਹੋਇਆ ਹੈ ਕਿ ਦੋਵੇਂ ਹੀ ਕਲਾਕਾਰ ਇਕ-ਦੂਜੇ ਨਾਲ ਰਿਲੇਸ਼ਨਸ਼ਿਪ ’ਚ ਸਨ। ਤੁਨਿਸ਼ਾ ਤੇ ਜ਼ੀਸ਼ਾਨ ਦੋਵਾਂ ਦਾ ਧਰਮ ਵੱਖ-ਵੱਖ ਸੀ ਤੇ ਉਮਰ ’ਚ ਕਾਫੀ ਅੰਤਰ ਸੀ। ਇਸ ਲਈ ਜ਼ੀਸ਼ਾਨ ਨੇ ਬ੍ਰੇਕਅੱਪ ਕਰ ਲਿਆ ਸੀ। ਹਾਲਾਂਕਿ ਪੁਲਸ ਇਸ ਗੱਲ ’ਤੇ ਯਕੀਨ ਨਹੀਂ ਕਰ ਰਹੀ ਹੈ। ਪੁਲਸ ਨੇ ਤੁਨਿਸ਼ਾ ਤੇ ਜ਼ੀਸ਼ਾਨ ਦੋਵਾਂ ਦੇ ਮੋਬਾਇਲਾਂ ਨੂੰ ਫੋਰੈਂਸਿਕ ਲੈਬ ’ਚ ਭੇਜ ਦਿੱਤਾ ਹੈ ਤਾਂ ਕਿ ਦੋਵਾਂ ਵਿਚਾਲੇ ਹੋਈਆਂ ਕਾਲਸ ਤੇ ਚੈਟਸ ਨੂੰ ਮੁੜ ਪ੍ਰਾਪਤ ਕੀਤਾ ਜਾ ਸਕੇ ਤੇ ਇਹ ਪਤਾ ਲਗਾਇਆ ਜਾ ਸਕੇ ਕਿ ਬ੍ਰੇਕਅੱਪ ਤੋਂ 15 ਦਿਨਾਂ ਬਾਅਦ ਕੀ ਹੋਇਆ ਕਿ ਤੁਨਿਸ਼ਾ ਨੇ ਖ਼ੁਦਕੁਸ਼ੀ ਕਰ ਲਈ।

ਜ਼ੀਸ਼ਾਨ ਦੇ ਕਈ ਕੁੜੀਆਂ ਨਾਲ ਸਬੰਧ
ਤੁਨਿਸ਼ਾ ਸ਼ਰਮਾ ਦੇ ਪਰਿਵਾਰ ਵਾਲੇ ਜ਼ੀਸ਼ਾਨ ’ਤੇ ਇਕੋ ਸਮੇਂ ਕਈ ਲੜਕੀਆਂ ਨਾਲ ਸਬੰਧ ਬਣਾਉਣ ਤੇ ਧੋਖਾ ਦੇਣ ਦਾ ਦੋਸ਼ ਲਗਾ ਰਹੇ ਹਨ। ਅਜਿਹੇ ’ਚ ਜ਼ੀਸ਼ਾਨ ਉਨ੍ਹਾਂ ਤੋਂ ਬਚਣ ਲਈ ਉਮਰ ਤੇ ਧਰਮ ਦੀ ਦੁਹਾਈ ਦੇ ਰਿਹਾ ਹੈ। ਵਸਈ ਪੁਲਸ ਅਨੁਸਾਰ ਹੁਣ ਤੱਕ ਇਸ ਮਾਮਲੇ ਨਾਲ ਸਬੰਧਤ 14 ਲੋਕਾਂ ਦਾ ਬਿਆਨ ਦਰਜ ਕੀਤਾ ਗਿਆ ਹੈ। ਤੁਨਿਸ਼ਾ 24 ਦਸੰਬਰ ਦੀ ਸਵੇਰ ਨੂੰ ਆਪਣੇ ਘਰੋਂ ਸੀਰੀਅਲ ਸੈੱਟ ’ਤੇ ਜਾਣ ਲਈ ਖ਼ੁਸ਼ੀ-ਖ਼ੁਸ਼ੀ ਨਿਕਲੀ ਸੀ। ਪਹਿਲੀ ਸ਼ਿਫਟ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਜ਼ੀਸ਼ਾਨ ਤੇ ਤੁਨਿਸ਼ਾ ਨੇ ਮੇਕਅੱਪ ਰੂਮ ’ਚ ਦੁਪਹਿਰ 3 ਵਜੇ ਇਕੱਠੇ ਲੰਚ ਵੀ ਕੀਤਾ ਸੀ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਦੌਰਾਨ ਅਜਿਹਾ ਕੀ ਹੋਇਆ ਕਿ ਦੁਪਹਿਰ 3.15 ਵਜੇ ਤੁਨਿਸ਼ਾ ਨੇ ਖ਼ੁਦਕੁਸ਼ੀ ਕਰ ਲਈ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੀਆਂ 10 ਵੱਡੀਆਂ ਫ਼ਿਲਮਾਂ, ਜੋ ਬਾਕਸ ਆਫਿਸ ’ਤੇ ਡਿੱਗੀਆਂ ਮੂਧੇ ਮੂੰਹ

ਬ੍ਰੇਕਅੱਪ ਤੋਂ ਬਾਅਦ ਤਣਾਅ ’ਚ ਸੀ ਤੁਨਿਸ਼ਾ
ਪੁਲਸ ਮੁਤਾਬਕ ਤੁਨਿਸ਼ਾ ਦੀ ਮਾਂ ਨੇ ਆਪਣੇ ਬਿਆਨ ’ਚ ਦੱਸਿਆ ਕਿ 6 ਮਹੀਨੇ ਪਹਿਲਾਂ ਜ਼ੀਸ਼ਾਨ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਤੁਨਿਸ਼ਾ ਬਹੁਤ ਖ਼ੁਸ਼ ਸੀ। ਉਸ ਨੇ ਉਨ੍ਹਾਂ ਨੂੰ ਇਹ ਗੱਲ ਦੱਸੀ ਵੀ ਸੀ ਪਰ 15 ਦਿਨ ਪਹਿਲਾਂ ਜ਼ੀਸ਼ਾਨ ਵਲੋਂ ਬ੍ਰੇਕਅੱਪ ਕਰਨ ਤੋਂ ਬਾਅਦ ਉਹ ਤਣਾਅ ’ਚ ਆ ਗਈ ਸੀ। ਮਾਂ ਦੇ ਬਿਆਨ ਮੁਤਾਬਕ ਇਸ ਲਈ ਜ਼ੀਸ਼ਾਨ ਹੀ ਜ਼ਿੰਮੇਵਾਰ ਹੈ। ਮਾਂ ਦੇ ਬਿਆਨ ਮੁਤਾਬਕ ਤੁਨਿਸ਼ਾ ਨੂੰ ਜਦੋਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ ਤਾਂ ਡਾਕਟਰ ਨੇ ਵੀ ਪਰਿਵਾਰ ਨੂੰ ਉਸ ਦਾ ਵਿਸ਼ੇਸ਼ ਧਿਆਨ ਰੱਖਣ ਤੇ ਕਿਸੇ ਵੀ ਤਰ੍ਹਾਂ ਦੇ ਤਣਾਅ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਸੀ। ਪੁਲਸ ਨੂੰ ਸ਼ੱਕ ਹੈ ਕਿ ਮੇਕਅੱਪ ਰੂਮ ’ਚ ਲੰਚ ਕਰਨ ਦੌਰਾਨ ਹੀ ਅਜਿਹਾ ਕੁਝ ਹੋਇਆ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਵਰਗਾ ਕਦਮ ਚੁੱਕਿਆ ਹੈ। ਇਹ ਪਤਾ ਲਗਾਉਣ ਲਈ ਉਹ ਸੀਰੀਅਲ ਨਾਲ ਜੁੜੇ ਲੋਕਾਂ ਤੋਂ ਲਗਾਤਾਰ ਬਿਆਨ ਦਰਜ ਕਰਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News