"ਸ਼ਰਮ ਕਰੋ ! ਤੁਹਾਡੇ ਘਰ ਵੀ ਮਾਂ-ਬਾਪ ਹਨ..!" ਪਿਤਾ ਧਰਮਿੰਦਰ ਦੀ ਖ਼ਰਾਬ ਸਿਹਤ ਦੌਰਾਨ ਸੰਨੀ ਦਿਓਲ ਦਾ ਫੁੱਟਿਆ ਗੁੱਸਾ
Thursday, Nov 13, 2025 - 05:43 PM (IST)
ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਖ਼ਰਾਬ ਸਿਹਤ ਦੇ ਚਲਦੇ ਜਿੱਥੇ ਪੂਰਾ ਪਰਿਵਾਰ ਚਿੰਤਾ ਵਿੱਚ ਸੀ, ਉੱਥੇ ਹੀ ਉਨ੍ਹਾਂ ਦੇ ਵੱਡੇ ਬੇਟੇ ਅਤੇ ਸੁਪਰਸਟਾਰ ਸਨੀ ਦਿਓਲ ਦਾ ਇੱਕ ਗੁੱਸੇ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸਨੀ ਦਿਓਲ ਪਾਪਰਾਜ਼ੀ 'ਤੇ ਆਪਣਾ ਗੁੱਸਾ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ।
ਸਨੀ ਦਿਓਲ ਦਾ ਭੜਕਿਆ ਗੁੱਸਾ
ਇਹ ਘਟਨਾ ਹਾਲ ਹੀ ਦੀ ਹੈ, ਜਦੋਂ ਅਦਾਕਾਰ ਸਨੀ ਦਿਓਲ ਆਪਣੇ ਘਰੋਂ ਬਾਹਰ ਨਿਕਲ ਰਹੇ ਸਨ। ਉਨ੍ਹਾਂ ਨੇ ਦੇਖਿਆ ਕਿ ਉੱਥੇ ਖੜ੍ਹੇ ਪਾਪਰਾਜ਼ੀ (ਪੈਪਸ) ਲਗਾਤਾਰ ਉਨ੍ਹਾਂ ਦਾ ਵੀਡੀਓ ਬਣਾ ਰਹੇ ਸਨ। ਪਿਤਾ ਦੀ ਬਿਮਾਰੀ ਦੇ ਦੌਰਾਨ ਇਸ ਤਰ੍ਹਾਂ ਵੀਡੀਓ ਬਣਾਏ ਜਾਣ 'ਤੇ ਸਨੀ ਦਿਓਲ ਭੜਕ ਉੱਠੇ।
ਸਨੀ ਦਿਓਲ ਨੇ ਉੱਚੀ ਆਵਾਜ਼ ਵਿੱਚ ਪਾਪਰਾਜ਼ੀ ਨੂੰ ਚੀਕਦਿਆਂ ਕਿਹਾ, “ਤੁਸੀਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਹਾਡੇ ਘਰ ਵਿੱਚ ਵੀ ਮਾਂ-ਬਾਪ ਹਨ, ਬੱਚੇ ਹਨ ਅਤੇ ਤੁਸੀਂ ਵੀਡੀਓ ਬਣਾਏ ਜਾ ਰਹੇ ਹੋ। ਸ਼ਰਮ ਨਹੀਂ ਆਉਂਦੀ?” ਇਸ ਦੌਰਾਨ ਗੁੱਸੇ ਦੇ ਨਾਲ-ਨਾਲ ਉਨ੍ਹਾਂ ਦੇ ਚਿਹਰੇ 'ਤੇ ਪਿਤਾ ਦੀ ਚਿੰਤਾ ਵੀ ਸਾਫ਼ ਨਜ਼ਰ ਆ ਰਹੀ ਸੀ। ਵੀਡੀਓ ਵਿੱਚ ਸਨੀ ਦਿਓਲ ਹੱਥ ਜੋੜਦੇ ਹੋਏ ਵੀ ਦਿਖਾਈ ਦਿੱਤੇ।
ਹਸਪਤਾਲ 'ਚ ਦਾਖ਼ਲ ਸਨ ਧਰਮਿੰਦਰ
ਜ਼ਿਕਰਯੋਗ ਹੈ ਕਿ ਧਰਮਿੰਦਰ ਨੂੰ ਸਾਹ ਲੈਣ ਵਿੱਚ ਤਕਲੀਫ਼ ਆਉਣ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ, ਉਨ੍ਹਾਂ ਨੂੰ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ ਸੀ। ਜਦੋਂ ਧਰਮਿੰਦਰ ਹਸਪਤਾਲ ਵਿੱਚ ਦਾਖ਼ਲ ਸਨ, ਤਾਂ ਸਨੀ ਦਿਓਲ ਅਤੇ ਬੌਬੀ ਦਿਓਲ ਨੂੰ ਨਮ ਅੱਖਾਂ ਨਾਲ ਦੇਖਿਆ ਗਿਆ ਸੀ। ਜਦੋਂ ਦੋਵੇਂ ਭਰਾ ਪਿਤਾ ਨੂੰ ਮਿਲਣ ਹਸਪਤਾਲ ਗਏ ਸਨ ਤਾਂ ਉਨ੍ਹਾਂ ਦੇ ਚਿਹਰੇ 'ਤੇ ਬਹੁਤ ਮਾਯੂਸੀ ਛਾਈ ਹੋਈ ਸੀ। ਸਨੀ ਦਿਓਲ ਤਾਂ ਆਪਣਾ ਚਿਹਰਾ ਹੱਥਾਂ ਨਾਲ ਢੱਕ ਕੇ ਗੱਡੀ ਵਿੱਚ ਬੇਸੁੱਧ ਬੈਠੇ ਸਨ, ਜਦੋਂ ਕਿ ਬੌਬੀ ਦਿਓਲ ਦੀਆਂ ਅੱਖਾਂ ਵਿੱਚੋਂ ਹੰਝੂ ਛਲਕਦੇ ਦਿਖਾਈ ਦਿੱਤੇ ਸਨ। ਇਸ ਤੋਂ ਇਲਾਵਾ ਹੇਮਾ ਮਾਲਿਨੀ ਅਤੇ ਈਸ਼ਾ ਦਿਓਲ ਵੀ ਉਦਾਸ ਦਿਖਾਈ ਦਿੱਤੀਆਂ ਸਨ। ਧਰਮਿੰਦਰ ਦੇ ਹਸਪਤਾਲ ਵਿੱਚ ਹੋਣ ਦੌਰਾਨ ਅਮਿਤਾਭ ਬੱਚਨ ਵੀ ਉਨ੍ਹਾਂ ਦਾ ਹਾਲ ਜਾਨਣ ਪਹੁੰਚੇ ਸਨ।
ਅਫਵਾਹਾਂ 'ਤੇ ਪਰਿਵਾਰ ਨੇ ਜ਼ਾਹਰ ਕੀਤਾ ਸੀ ਗੁੱਸਾ
ਇਲਾਜ ਦੌਰਾਨ ਸੋਸ਼ਲ ਮੀਡੀਆ 'ਤੇ ਧਰਮਿੰਦਰ ਦੇ ਦਿਹਾਂਤ ਦੀਆਂ ਝੂਠੀਆਂ ਖ਼ਬਰਾਂ ਵੀ ਫੈਲ ਗਈਆਂ ਸਨ। ਜਿਸ ਤੋਂ ਬਾਅਦ ਹੇਮਾ ਮਾਲਿਨੀ ਨੇ ਇਨ੍ਹਾਂ ਅਫਵਾਹਾਂ 'ਤੇ ਗੁੱਸਾ ਜ਼ਾਹਰ ਕੀਤਾ ਸੀ ਅਤੇ ਦੱਸਿਆ ਸੀ ਕਿ ਧਰਮਿੰਦਰ ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਈਸ਼ਾ ਦਿਓਲ ਨੇ ਵੀ ਪਿਤਾ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਸੀ। ਹਾਲਾਂਕਿ ਹੁਣ ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਘਰ ਆ ਗਏ ਹਨ।
