ਧੀ ਈਸ਼ਾ ਦਿਓਲ ਦੇ ਤਲਾਕ ਤੋਂ ਦੁਖੀ ਨੇ ਧਰਮਿੰਦਰ! ਕਿਹਾ– ‘ਵਿਆਹ ਨੂੰ ਬਚਾਇਆ ਜਾ...’

Saturday, Feb 17, 2024 - 02:25 PM (IST)

ਧੀ ਈਸ਼ਾ ਦਿਓਲ ਦੇ ਤਲਾਕ ਤੋਂ ਦੁਖੀ ਨੇ ਧਰਮਿੰਦਰ! ਕਿਹਾ– ‘ਵਿਆਹ ਨੂੰ ਬਚਾਇਆ ਜਾ...’

ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਿੱਗਜ ਸਿਤਾਰਿਆਂ ਧਰਮਿੰਦਰ ਤੇ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਨੇ ਹਾਲ ਹੀ ’ਚ ਪਤੀ ਭਰਤ ਤਖਤਾਨੀ ਨਾਲ ਤਲਾਕ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਈਸ਼ਾ ਤੇ ਭਰਤ ਦਾ 12 ਸਾਲ ਦਾ ਵਿਆਹ ਖ਼ਤਮ ਹੋ ਗਿਆ ਹੈ। ਇਸ ਜੋੜੇ ਦੀਆਂ ਦੋ ਧੀਆਂ ਵੀ ਹਨ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਧੀ ਈਸ਼ਾ ਦੇ ਤਲਾਕ ਤੋਂ ਉਸ ਦੇ ਪਿਤਾ ਧਰਮਿੰਦਰ ਬਹੁਤ ਦੁਖੀ ਹਨ ਤੇ ਉਹ ਚਾਹੁੰਦੇ ਹਨ ਕਿ ਈਸ਼ਾ ਆਪਣੇ ਫ਼ੈਸਲੇ ’ਤੇ ਦੁਬਾਰਾ ਸੋਚੇ।

ਧੀ ਈਸ਼ਾ ਦੇ ਤਲਾਕ ਤੋਂ ਦੁਖੀ ਹਨ ਧਰਮਿੰਦਰ
ਬਾਲੀਵੁੱਡ ਲਾਈਫ ਦੀ ਇਕ ਰਿਪੋਰਟ ਮੁਤਾਬਕ ਦਿਓਲ ਪਰਿਵਾਰ ਦੇ ਕਰੀਬੀ ਸੂਤਰ ਨੇ ਦਾਅਵਾ ਕੀਤਾ, ‘‘ਕੋਈ ਵੀ ਮਾਤਾ-ਪਿਤਾ ਆਪਣੇ ਬੱਚਿਆਂ ਦੇ ਪਰਿਵਾਰ ਨੂੰ ਟੁੱਟਦਾ ਦੇਖ ਕੇ ਖ਼ੁਸ਼ ਨਹੀਂ ਹੋ ਸਕਦਾ। ਧਰਮਿੰਦਰ ਜੀ ਵੀ ਇਕ ਪਿਤਾ ਹਨ ਤੇ ਉਨ੍ਹਾਂ ਦਾ ਦਰਦ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਇਹ ਗੱਲ ਸਮਝਣ ਵਾਲੀ ਹੈ। ਇਹ ਨਹੀਂ ਕਿ ਉਹ ਆਪਣੀ ਧੀ ਦੇ ਵੱਖ ਹੋਣ ਦੇ ਫ਼ੈਸਲੇ ਦੇ ਵਿਰੁੱਧ ਹਨ ਪਰ ਉਹ ਚਾਹੁੰਦੇ ਹਨ ਕਿ ਉਹ ਇਸ ਬਾਰੇ ਦੁਬਾਰਾ ਸੋਚੇ।’’

ਈਸ਼ਾ-ਭਰਤ ਨੂੰ ਵੱਖ ਹੋਣ ਬਾਰੇ ਫਿਰ ਤੋਂ ਸੋਚਣਾ ਚਾਹੀਦਾ ਹੈ
ਰਿਪੋਰਟ ਮੁਤਾਬਕ ਸੂਤਰ ਨੇ ਦੱਸਿਆ ਕਿ ਈਸ਼ਾ ਤੇ ਭਰਤ ਦੋਵੇਂ ਹੀ ਧਰਮਿੰਦਰ ਦੇ ਕਾਫ਼ੀ ਕਰੀਬ ਹਨ। ਭਾਵੇਂ ਹੀ ਦਿੱਗਜ ਅਦਾਕਾਰ ਆਪਣੀ ਧੀ ਦੇ ਫ਼ੈਸਲੇ ਦੇ ਖ਼ਿਲਾਫ਼ ਨਹੀਂ ਹਨ ਪਰ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਮਾਪਿਆਂ ਦੇ ਵਿਛੋੜੇ ਦਾ ਬੱਚਿਆਂ ’ਤੇ ਅਸਰ ਪੈਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

ਸੂਤਰ ਨੇ ਕਿਹਾ, ‘‘ਉਹ ਸੱਚਮੁੱਚ ਦੁਖੀ ਹਨ ਤੇ ਇਸ ਲਈ ਉਹ ਚਾਹੁੰਦੇ ਹਨ ਕਿ ਦੋਵੇਂ ਆਪਣੇ ਤਲਾਕ ਬਾਰੇ ਦੁਬਾਰਾ ਸੋਚਣ। ਈਸ਼ਾ ਤੇ ਭਰਤ ਦੀਆਂ ਦੋ ਧੀਆਂ ਰਾਧਿਆ ਤੇ ਮਿਰਾਇਆ ਹਨ। ਉਹ ਆਪਣੇ ਨਾਨਾ-ਨਾਨੀ ਦੇ ਬਹੁਤ ਕਰੀਬ ਹਨ। ਵੱਖ ਹੋਣ ਦਾ ਬੱਚਿਆਂ ’ਤੇ ਮਾੜਾ ਅਸਰ ਪੈਂਦਾ ਹੈ ਤੇ ਇਸ ਲਈ ਧਰਮ ਜੀ ਨੂੰ ਲੱਗਦਾ ਹੈ ਕਿ ਜੇਕਰ ਵਿਆਹ ਨੂੰ ਬਚਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ।’’

ਈਸ਼ਾ ਤੇ ਭਰਤ ਦੀਆਂ ਦੋ ਧੀਆਂ
ਤੁਹਾਨੂੰ ਦੱਸ ਦੇਈਏ ਕਿ ਈਸ਼ਾ ਦਿਓਲ ਤੇ ਭਰਤ ਤਖਤਾਨੀ ਦਾ ਵਿਆਹ 2012 ’ਚ ਹੋਇਆ ਸੀ ਪਰ ਇਸ ਮਹੀਨੇ ਦੀ ਸ਼ੁਰੂਆਤ ’ਚ ਉਨ੍ਹਾਂ ਨੇ ਤਲਾਕ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। 12 ਸਾਲ ਇਕੱਠੇ ਰਹਿਣ ਤੋਂ ਬਾਅਦ ਦੋਵਾਂ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ, ਜਿਸ ’ਚ ਖ਼ੁਲਾਸਾ ਕੀਤਾ ਗਿਆ ਕਿ ਉਨ੍ਹਾਂ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਲਿਖਿਆ, ‘‘ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਸਾਡੀਆਂ ਧੀਆਂ ਸਾਡੀ ਤਰਜੀਹ ਰਹਿਣਗੀਆਂ। ਅਸੀਂ ਇਸ ਗੱਲ ਦੀ ਕਦਰ ਕਰਾਂਗੇ ਕਿ ਸਾਡੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ।’’

ਹੇਮਾ ਮਾਲਿਨੀ ਆਪਣੀ ਧੀ ਈਸ਼ਾ ਦੇ ਫ਼ੈਸਲੇ ਦੇ ਸਮਰਥਨ ’ਚ
ਇਸ ਤੋਂ ਪਹਿਲਾਂ ਜ਼ੂਮ ਦੀ ਇਕ ਹੋਰ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਈਸ਼ਾ ਤੇ ਭਰਤ ਦੇ ਤਲਾਕ ਨੇ ਪਰਿਵਾਰ ’ਚ ਕਿਸੇ ਨੂੰ ਹੈਰਾਨ ਨਹੀਂ ਕੀਤਾ ਕਿਉਂਕਿ ਇਹ ਕੁਝ ਸਮੇਂ ਤੋਂ ਚੱਲ ਰਿਹਾ ਸੀ। ਇਸ ’ਚ ਅੱਗੇ ਕਿਹਾ ਗਿਆ ਸੀ ਕਿ ਈਸ਼ਾ ਦੀ ਮਾਂ ਤੇ ਦਿੱਗਜ ਅਦਾਕਾਰਾ ਹੇਮਾ ਮਾਲਿਨੀ ਆਪਣੀ ਧੀ ਦੇ ਸਮਰਥਨ ’ਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News