ਸਾਊਥ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਕਮਰੇ ''ਚ ਲਟਕਦੀ ਮਿਲੀ ਲਾਸ਼
Tuesday, Sep 20, 2022 - 12:43 PM (IST)
ਮੁੰਬਈ (ਬਿਊਰੋ) : ਤਮਿਲ ਫ਼ਿਲਮ ਇੰਡਸਟਰੀ ਤੋਂ ਇਸ ਸਮੇਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਤਮਿਲ ਅਦਾਕਾਰਾ ਪੌਲੀਨ ਜੈਸਿਕਾ ਨੇ ਚੇਨਈ 'ਚ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਵਿਰੁਗਮਬੱਕਮ ਵਿਖੇ ਉਸ ਦੇ ਕਮਰੇ 'ਚ ਲਟਕਦੀ ਮਿਲੀ। ਪੌਲੀਨ ਜੈਸਿਕਾ ਦੀ ਪਛਾਣ ਦੀਪਾ ਵਜੋਂ ਹੋਈ ਹੈ। ਉਸ ਨੇ ਇਹ ਲੀਡ ਰੋਲ 'ਵੈਦਿਆ' ਫ਼ਿਲਮ 'ਚ ਕੀਤਾ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੌਲੀਨ ਜੈਸਿਕਾ ਨੇ ਨਿੱਜੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਕਾਰਨ ਖ਼ੁਦਕੁਸ਼ੀ ਕੀਤੀ ਹੈ। 29 ਸਾਲ ਦੀ ਉਮਰ 'ਚ ਪੌਲਿਨ ਜੈਸਿਕਾ ਦੀ ਮੌਤ ਨਾਲ ਪ੍ਰਸ਼ੰਸਕਾਂ ਦੇ ਨਾਲ-ਨਾਲ ਇੰਡਸਟਰੀ 'ਚ ਵੀ ਸੋਗ ਦੀ ਲਹਿਰ ਹੈ।
ਦੱਸ ਦਈਏ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੂੰ ਮੌਕੇ ਤੋਂ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਪੌਲੀਨ ਜੈਸਿਕਾ ਨੇ ਲਿਖਿਆ ਹੈ ਕਿ ਮੇਰੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਉਸ ਨੇ ਲਿਖਿਆ ਹੈ ਕਿ ਉਹ ਜ਼ਿੰਦਗੀ ਭਰ ਸਿਰਫ਼ ਇੱਕ ਵਿਅਕਤੀ ਨੂੰ ਪਿਆਰ ਕਰਦੀ ਹੈ। ਹਾਲਾਂਕਿ ਪੱਤਰ 'ਚ ਵਿਅਕਤੀ ਦਾ ਜ਼ਿਕਰ ਨਹੀਂ ਹੈ। ਦੀਪਾ ਉਰਫ ਪੌਲੀਨ ਜੈਸਿਕਾ ਨੇ ਕੁਝ ਫ਼ਿਲਮਾਂ 'ਚ ਕੰਮ ਕੀਤਾ ਹੈ, ਜਿਸ 'ਚ ਮਾਈਸਕਿਨ ਦੀ 'ਥੁਪਰੀਵਲਨ' ਵੀ ਸ਼ਾਮਲ ਹੈ। ਕਿਹਾ ਜਾ ਰਿਹਾ ਹੈ ਕਿ ਅਦਾਕਾਰਾ ਨੂੰ ਕਿਸੇ ਨਾਲ ਪਿਆਰ ਹੋ ਗਿਆ ਸੀ ਅਤੇ ਅਜਿਹੀਆਂ ਸਮੱਸਿਆਵਾਂ ਸਨ, ਜੋ ਉਹ ਸੰਭਾਲ ਨਹੀਂ ਸਕੀ ਸੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਊਥ ਫ਼ਿਲਮ ਇੰਡਸਟਰੀ 'ਚ ਗੀਤਕਾਰ ਕਾਬਿਲਨ ਦੀ ਬੇਟੀ ਥੁਰੀਗਾਈ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ। ਥੁਰਿਗਈ ਨੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕੀਤੀ ਕਿਉਂਕਿ ਉਸ ਦੇ ਮਾਪੇ ਉਸ ਨੂੰ ਉਸ ਦੀ ਮਰਜ਼ੀ ਖ਼ਿਲਾਫ਼ ਵਿਆਹ ਕਰਨ ਲਈ ਮਜਬੂਰ ਕਰ ਰਹੇ ਸਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਂਝੀ ਕਰੋ।