'ਪੱਬਜੀ' ਬੈਨ ਤੋਂ ਬਾਅਦ ਅਕਸ਼ੈ ਕੁਮਾਰ ਨੇ 'ਫੌਜੀ ਗੇਮ' ਲਾਂਚ ਕਰਨ ਦਾ ਕੀਤਾ ਐਲਾਨ, ਜਾਣੋ ਕੀ ਹੈ ਇਸ ਦੀ ਖ਼ਾਸੀਅਤ

9/5/2020 9:50:51 AM

ਮੁੰਬਈ (ਬਿਊਰੋ) — ਭਾਰਤ ਸਰਕਾਰ ਵਲੋਂ ਆਨਲਾਈਨ ਮਲਟੀਪਲੇਅਰ ਬੈਟਲਫੀਲਡ ਗੇਮ PlayerUnknown's Battlegrounds (PUB-G) ਨੂੰ ਬੈਨ ਕੀਤੇ ਜਾਣ ਤੋਂ ਬਾਅਦ ਅਕਸ਼ੈ ਕੁਮਾਰ ਨੇ ਇੱਕ ਸਵਦੇਸ਼ੀ ਮਲਟੀਪਲੇਅਰ ਗੇਮ 'ਫੌਜੀ' ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਅਕਸ਼ੈ ਕੁਮਾਰ ਨੇ ਸ਼ੁੱਕਰਵਾਰ ਸ਼ਾਮ ਟਵੀਟ ਕਰਕੇ ਇਸ ਗੇਮ ਦਾ ਪੋਸਟਰ ਰਿਲੀਜ਼ ਕੀਤਾ ਅਤੇ ਨਾਲ ਹੀ ਇਸ ਗੇਮ ਬਾਰੇ ਕੁਝ ਖ਼ਾਸ ਗੱਲਾਂ ਵੀ ਸਾਂਝੀਆਂ ਕੀਤੀਆਂ। ਅਕਸ਼ੈ ਕੁਮਾਰ ਨੇ ਆਪਣੇ ਟਵੀਟ 'ਚ ਲਿਖਿਆ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਮਿਸ਼ਨ ਨੂੰ ਸੁਪੋਰਟ ਕਰਦੇ ਹੋਏ, ਇਸ ਐਕਸ਼ਨ ਗੇਮ ਨੂੰ ਪੇਸ਼ ਕਰਦੇ ਹੋਏ ਮੈਨੂੰ ਮਾਣ ਹੋ ਰਿਹਾ ਹੈ। Fearless And United-Guards FAU-G।''
ਅਕਸ਼ੈ ਕੁਮਾਰ ਨੇ ਆਪਣੇ ਟਵੀਟ 'ਚ ਦੱਸਿਆ ਕਿ ਮਨੋਰੰਜਨ ਦੇ ਨਾਲ-ਨਾਲ ਲੋਕ ਸਾਡੇ ਜਵਾਨਾਂ ਵਲੋਂ ਕੀਤੇ ਗਏ ਬਲੀਦਾਨਾਂ ਬਾਰੇ ਵੀ ਸਿੱਖਣਗੇ। ਇਸ ਤੋਂ ਇਲਾਵਾ ਅਕਸ਼ੈ ਕੁਮਾਰ ਨੇ ਇੱਕ ਹੋਰ ਖ਼ਾਸ ਚੀਜ਼ ਇਸ ਗੇਮ 'ਚ ਕੀਤੀ ਹੈ। ਇਸ ਖੇਡ ਦੁਆਰਾ ਹੋਣ ਵਾਲੀ ਕੁਲ ਕਮਾਈ ਦਾ 20 ਪ੍ਰਤੀਸ਼ਤ ਹਿੱਸਾ ਭਾਰਤ ਦੇ ਵੀਰ ਪੋਰਟਲ ਨੂੰ ਜਾਵੇਗਾ।

ਦੱਸ ਦਈਏ ਕਿ ਕੁਝ ਸਾਲ ਪਹਿਲਾ ਅਕਸ਼ੈ ਕੁਮਾਰ ਨੇ ਹੀ ਭਾਰਤ ਦੇ ਵੀਰ ਐਪਲੀਕੇਸ਼ਨ ਨੂੰ ਲਾਂਚ ਕੀਤਾ ਸੀ, ਜਿਸ 'ਚ ਕੋਈ ਵੀ ਵਿਅਕਤੀ ਕਿੰਨੀ ਵੀ ਧਨ ਰਾਸ਼ੀ ਭਾਰਤ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਡੋਨੇਟ (ਦਾਨ) ਕਰ ਸਕਦਾ ਹੈ। ਅਕਸ਼ੈ ਕੁਮਾਰ ਵਲੋਂ ਲਾਂਚ ਕੀਤੀ ਗਈ ਇਸ ਗੇਮ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਇਸ ਦੀ ਕਾਫ਼ੀ ਪ੍ਰਸ਼ੰਸਾ ਕਰ ਰਹੇ ਹਨ। ਹਾਲਾਂਕਿ ਯੂਜ਼ਰਸ ਇੰਟਰਫੇਸ ਹਿਸਾਬ ਨਾਲ ਇਹ ਗੇਮ ਕਿਸ ਹੱਦ ਤੱਕ 'ਪੱਬਜੀ' ਨੂੰ ਟੱਕਰ ਦੇ ਸਕੇਗਾ ਇਹ ਤਾਂ ਗੇਮ ਲਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਦੱਸ ਦਈਏ ਕਿ 'ਪੱਬਜੀ' ਭਾਰਤ 'ਚ ਸਭ ਤੋਂ ਲੋਕਪ੍ਰਿਯ ਮੋਬਾਇਲ ਮਲਟੀਪਲੇਅਰ ਗੇਮਸ 'ਚੋਂ ਸੀ, ਜਿਸ ਨੂੰ ਹਾਲ ਹੀ 'ਚ ਬੈਨ ਕਰ ਦਿੱਤਾ ਗਿਆ ਹੈ।


sunita

Content Editor sunita