ਦਲੇਰ ਮਹਿੰਦੀ ਦੀ ਜ਼ਿੰਦਗੀ ''ਚ ਬਾਲੀਵੁੱਡ ਦੇ ਇਸ ਅਦਾਕਾਰ ਨੇ ਲਿਆਂਦਾ ਸੀ ਵੱਡਾ ਬਦਲਾਅ, ਜਾਣੋ ਕਿੱਸਾ
Thursday, Aug 18, 2022 - 11:26 AM (IST)
ਜਲੰਧਰ (ਬਿਊਰੋ) - 'ਬੋਲੋ ਤਾ ਰਾ ਰਾ ਰਾ ਰਾ' ਗੀਤ ਨਾਲ ਦੁਨੀਆ ਭਰ 'ਚ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਪੌਪ ਗਾਇਕ ਦਲੇਰ ਮਹਿੰਦੀ ਅੱਜ ਆਪਣਾ 55ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। 1967 'ਚ ਬਿਹਾਰ ਦੇ ਪਟਨਾ 'ਚ ਜਨਮੇ ਦਲੇਰ ਮਹਿੰਦੀ ਨੇ ਆਪਣੇ ਜ਼ਬਰਦਸਤ ਪਾਰਟੀ ਵਰਜ਼ਨ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾਈ ਹੈ।
ਗਾਇਕ ਦਲੇਰ ਮਹਿੰਦੀ ਨੇ ਸਾਲ 1995 'ਚ ਆਪਣੀ ਹਿੱਟ ਐਲਬਮ ਨਾਲ ਵੱਡੀ ਪ੍ਰਸਿੱਧੀ ਹਾਸਲ ਕੀਤੀ। ਅੱਜ ਵੀ ਇਨ੍ਹਾਂ ਦੇ ਗੀਤ ਸੈਲੀਬ੍ਰੇਸ਼ਨ 'ਚ ਰੌਣਕਾਂ ਲਗਾ ਦਿੰਦੇ ਹਨ। ਦਲੇਰ ਮਹਿੰਦੀ ਨੇ ਇੱਕ ਗਾਇਕ ਵਜੋਂ ਲੋਕਾਂ ਦਾ ਮਨੋਰੰਜਨ ਕੀਤਾ ਹੈ, ਉਹ ਇੱਕ ਲੇਖਕ ਅਤੇ ਰਿਕਾਰਡ ਪ੍ਰੋਡਿਊਸਰ ਵੀ ਹਨ।
11 ਸਾਲ ਦੀ ਉਮਰ 'ਚ ਛੱਡਿਆ ਸੀ ਘਰ
ਬਾਲੀਵੁਡ 'ਚ ਆਪਣੇ ਲੰਬੇ ਕਰੀਅਰ 'ਚ ਦਲੇਰ ਮਹਿੰਦੀ ਨੇ ਇੱਕ ਤੋਂ ਵੱਧ ਕੇ ਇੱਕ ਹਿੱਟ ਸੰਗੀਤ ਦਿੱਤੇ ਹਨ। ਦਲੇਰ ਮਹਿੰਦੀ ਨੇ ਸੰਗੀਤ ਦੀ ਸਿੱਖਿਆ ਲਈ ਆਪਣਾ ਘਰ ਛੱਡ ਦਿੱਤਾ ਸੀ, ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 11 ਸਾਲ ਦੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਗੋਰਖਪੁਰ ਦੇ ਉਸਤਾਦ ਰਾਹਤ ਅਲੀ ਖ਼ਾਨ ਤੋਂ ਸੰਗੀਤ ਸਿੱਖਿਆ। 13 ਸਾਲ ਦੀ ਉਮਰ 'ਚ ਦਲੇਰ ਮਹਿੰਦੀ ਨੇ ਪਹਿਲੀ ਵਾਰ ਸਟੇਜ 'ਤੇ ਪਰਫ਼ਾਰਮ ਕੀਤਾ। ਉਸ ਸਮੇਂ ਉੱਥੇ ਲਗਭਗ 20 ਹਜ਼ਾਰ ਲੋਕ ਇਕੱਠੇ ਹੋਏ ਸਨ। ਇੱਥੋਂ ਹੀ ਗਾਇਕੀ ਦੀ ਦੁਨੀਆਂ 'ਚ ਉਨ੍ਹਾਂ ਦਾ ਸਫ਼ਰ ਸ਼ੁਰੂ ਹੋਇਆ।
ਬਿੱਗ ਬੀ ਦੇ ਇੱਕ ਫ਼ੋਨ ਕਾਲ ਨੇ ਬਦਲੀ ਪੂਰੀ ਜ਼ਿੰਦਗੀ
ਦਲੇਰ ਮਹਿੰਦੀ ਆਪਣੇ ਸ਼ਾਨਦਾਰ ਗੀਤਾਂ ਅਤੇ ਸੰਗੀਤ ਨਾਲ ਪੰਜਾਬੀ ਇੰਡਸਟਰੀ 'ਚ ਖੂਬ ਧਮਾਲ ਮਚਾ ਰਹੇ ਸਨ ਪਰ ਉਨ੍ਹਾਂ ਦੇ ਦੋਸਤ ਚਾਹੁੰਦੇ ਸਨ ਕਿ ਉਹ ਬਾਲੀਵੁੱਡ 'ਚ ਵੀ ਗਾਉਣ। ਕਿਹਾ ਜਾਂਦਾ ਹੈ ਕਿ ਇੱਕ ਵਾਰ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਬਾਲੀਵੁੱਡ ਫ਼ਿਲਮਾਂ ਲਈ ਕਦੋਂ ਗਾ ਰਹੇ ਹਨ ਤਾਂ ਦਲੇਰ ਮਹਿੰਦੀ ਨੇ ਜਵਾਬ ਦਿੱਤਾ ਕਿ ਜਦੋਂ ਉਨ੍ਹਾਂ ਨੂੰ ਪਾਜੀ ਬੁਲਾਉਣਗੇ, ਉਦੋਂ ਉਹ ਬਾਲੀਵੁੱਡ 'ਚ ਗਾਉਣਗੇ। ਹਾਲਾਂਕਿ ਇਹ ਸੁਣ ਕੇ ਉਨ੍ਹਾਂ ਦੇ ਦੋਸਤ ਨੇ ਸੋਚਿਆ ਕਿ ਉਹ ਧਰਮਿੰਦਰ ਦੀ ਗੱਲ ਕਰ ਰਹੇ ਹਨ ਪਰ ਦਲੇਰ ਮਹਿੰਦੀ ਨੇ ਕਿਹਾ ਕਿ ਉਹ ਅਮਿਤਾਭ ਬੱਚਨ ਦੇ ਫ਼ੋਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਦੇ ਦੋਸਤ ਨੇ ਪੁੱਛਿਆ ਕਿ ਉਹ ਤੁਹਾਨੂੰ ਕਿਉਂ ਬੁਲਾਉਣਗੇ? ਪਰ ਦਲੇਰ ਮਹਿੰਦੀ ਦਾ ਵਿਸ਼ਵਾਸ ਪੱਕਾ ਸੀ ਅਤੇ ਉਨ੍ਹਾਂ ਕਿਹਾ ਕਿ ਅਮਿਤਾਭ ਬੱਚਨ ਇੱਕ ਦਿਨ ਉਨ੍ਹਾਂ ਨੂੰ ਜ਼ਰੂਰ ਬੁਲਾਉਣਗੇ। ਕਿਹਾ ਜਾਂਦਾ ਹੈ ਕਿ ਦੋਸਤ ਨਾਲ ਇਸ ਗੱਲਬਾਤ ਦੇ 2 ਮਹੀਨੇ ਬਾਅਦ ਹੀ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਫ਼ੋਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਅਮਿਤਾਭ ਬੱਚਨ ਲਈ ਗਾਉਣ ਦਾ ਮੌਕਾ ਮਿਲਿਆ।
ਰਾਤੋਂ-ਰਾਤ ਇਸ ਗੀਤ ਨਾਲ ਹੋਏ ਸਨ ਮਸ਼ਹੂਰ
ਦਲੇਰ ਮਹਿੰਦੀ ਦਾ ਸਾਲ 1995 ਦਾ ਗੀਤ 'ਤਾ ਰਾ ਰਾ ਰਾ' ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸਾਬਿਤ ਹੋਇਆ। ਇਸ ਗੀਤ ਨਾਲ ਉਹ ਰਾਤੋਂ-ਰਾਤ ਮਸ਼ਹੂਰ ਹੋ ਗਏ। ਖ਼ਾਸ ਗੱਲ ਇਹ ਹੈ ਕਿ ਇਸ ਗੀਤ ਨੇ ਨਵਾਂ ਰਿਕਾਰਡ ਬਣਾਇਆ ਕਿ ਦੇਖਦੇ ਹੀ ਦੇਖਦੇ ਇਸ ਦੀਆਂ 2 ਕਰੋੜ ਕਾਪੀਆਂ ਵਿਕ ਗਈਆਂ। ਇਸ ਤੋਂ ਬਾਅਦ ਦਲੇਰ ਮਹਿੰਦੀ ਨੇ ਅੱਗੇ ਵੱਧਦੇ ਚਲੇ ਗਏ ਅਤੇ ਆਪਣੇ ਕਰੀਅਰ 'ਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ।
ਨਾਂ ਪਿੱਛੇ ਵੀ ਹੈ ਦਿਲਚਸਪ ਕਿੱਸਾ
ਗਾਇਕ ਦਲੇਰ ਮਹਿੰਦੀ ਦਾ ਨਾਂ 'ਦਲੇਰ' ਰੱਖਣ ਪਿੱਛੇ ਵੀ ਇਕ ਬਹੁਤ ਹੀ ਦਿਲਚਸਪ ਕਹਾਣੀ ਦੱਸੀ ਜਾਂਦੀ ਹੈ, ਜਿਸ ਅਨੁਸਾਰ ਦਲੇਰ ਮਹਿੰਦੀ ਦੇ ਮਾਪੇ ਡਾਕੂ ਦਲੇਰ ਸਿੰਘ ਦੇ ਨਾਂ ਤੋਂ ਇੰਨੇ ਪ੍ਰਭਾਵਿਤ ਹੋਏ ਸਨ ਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਦਲੇਰ ਰੱਖ ਦਿੱਤਾ। ਹਾਲਾਂਕਿ ਜਦੋਂ ਦਲੇਰ ਵੱਡੇ ਹੋਏ ਅਤੇ ਗਾਇਕੀ 'ਚ ਪ੍ਰਸਿੱਧੀ ਪ੍ਰਾਪਤ ਕਰਨ ਲੱਗੇ ਤਾਂ ਉਨ੍ਹਾਂ ਨੇ ਨਾਂ ਅੱਗੇ ਮਹਿੰਦੀ ਵੀ ਜੋੜ ਲਿਆ ਅਤੇ ਉਹ ਲੋਕਾਂ 'ਚ ਦਲੇਰ ਮਹਿੰਦੀ ਦੇ ਨਾਮ ਨਾਲ ਮਸ਼ਹੂਰ ਹੋ ਗਏ।
ਕਬੂਤਰਬਾਜ਼ੀ ਦੇ ਮਾਮਲੇ 'ਚ ਕੇਂਦਰੀ ਜੇਲ੍ਹ ਕੱਟ ਰਹੇ ਹਨ ਸਜ਼ਾ
ਦਲੇਰ ਮਹਿੰਦੀ ਕਬੂਤਰਬਾਜ਼ੀ ਦੇ ਮਾਮਲੇ 'ਚ ਕੇਂਦਰੀ ਜੇਲ੍ਹ ਪਟਿਆਲਾ 'ਚ 2 ਸਾਲ ਦੀ ਸਜ਼ਾ ਕੱਟ ਰਹੇ ਹਨ। 19 ਸਾਲ ਪੁਰਾਣੇ ਕੇਸ ਵਿੱਚ ਦਲੇਰ ਮਹਿੰਦੀ ਨੂੰ ਮਾਣਯੋਗ ਵਧੀਕ ਸੈਸ਼ਨ ਜੱਜ ਐੱਚ.ਐੱਚ. ਗਰੇਵਾਲ ਅਦਾਲਤ ਦੀ ਹੇਠਲੀ ਅਦਾਲਤ ਵੱਲੋਂ ਉਨ੍ਹਾਂ ਦੀ 2 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਣ ਤੋਂ ਬਾਅਦ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਸੀ। ਦਲੇਰ ਮਹਿੰਦੀ ਨੇ ਸਜ਼ਾ ਵਿਰੁੱਧ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅਪੀਲ ਤੇ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ, ਜਿਸ ਦੀ ਅਗਲੀ ਸੁਣਵਾਈ 15 ਸਤੰਬਰ ਨੂੰ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।