ਟਿਕਟਾਕ ਸਮੇਤ 59 ਚੀਨੀ ਐਪ ਬੰਦ ਹੋਣ ''ਤੇ ਪੰਜਾਬੀ ਸਿਤਾਰਿਆਂ ''ਚ ਹੋਈ ਹਲਚਲ, ਰੱਖਿਆ ਆਪਣਾ ਪੱਖ
Tuesday, Jun 30, 2020 - 09:07 AM (IST)

ਜਲੰਧਰ (ਵੈੱਬ ਡੈਸਕ) — ਭਾਰਤ-ਚੀਨ ਸਰਹੱਦ 'ਤੇ ਹੋਈ ਝੜਪ ਤੋਂ ਬਾਅਦ ਕੇਂਦਰ ਸਰਕਾਰ ਨੇ ਵੱਡਾ ਕਦਮ ਉਠਾਉਂਦੇ ਹੋਏ 59 ਚੀਨੀ ਐਪ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਪਾਬੰਦੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਇਸ ਕਦਮ ਨਾਲ ਚੀਨ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ। ਉੱਥੇ ਹੀ ਪੰਜਾਬੀ ਫ਼ਿਲਮ ਉਦਯੋਗ ਅਤੇ ਸੰਗੀਤ ਜਗਤ ਦੇ ਕਲਾਕਾਰਾਂ ਨੇ ਵੀ ਟਿਕਟਾਕ ਦੇ ਬੰਦ ਹੋਣ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਭ ਤੋਂ ਨਿਰਾਸ਼ ਨਾ ਹੋਣ ਕਿਉਂਕਿ ਟੈਲੇਂਟ ਦਿਖਾਉਣ ਦੇ ਹੋਰ ਵੀ ਕਈ ਪਲੇਟਫਾਰਮ ਹਨ।
ਦੱਸ ਦਈਏ ਕਿ ਦੇਸ਼ ਭਰ 'ਚ ਚੱਲ ਰਹੇ ਚੀਨੀ ਉਤਪਾਦਾਂ ਦੇ ਬਾਈਕਾਟ ਦੇ ਐਲਾਨ ਦੇ ਵਿਚਕਾਰ ਇੰਟਰਨੈੱਟ ਉਪਭੋਗਤਾਵਾਂ 'ਚ ਚੀਨੀ ਐਪ ਦਾ ਬਾਈਕਾਟ ਕਰਨ ਦੀ ਬਹਿਸ ਹੋ ਰਹੀ ਸੀ। ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੇ ਫੌਜੀਆਂ ਦਰਮਿਆਨ ਹੋਈ ਝੜਪ ਤੋਂ ਬਾਅਦ ਬਾਈਕਾਟ ਦੀ ਆਵਾਜ਼ ਜ਼ੋਰਾਂ-ਸ਼ੋਰਾਂ ਨਾਲ ਹੋਣ ਲੱਗੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਭਾਰਤ 'ਚ ਟਿਕਟਾਕ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹਾਲ ਹੀ 'ਚ ਟਿਕਟਾਕ ਦੇ ਸਬੰਧ 'ਚ ਸੁਰੱਖਿਆ 'ਤੇ ਵੀ ਸਵਾਲ ਉਠਾਏ ਗਏ ਸਨ।
ਇੱਕਲੇ ਟਿਕਟਾਕ ਦੇ ਬੈਨ ਹੋਣ ਨਾਲ ਚੀਨ ਨੂੰ 100 ਕਰੋੜ ਦਾ ਨੁਕਸਾਨ ਹੋਇਆ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੀਨ ਨੂੰ ਇਹਨਾਂ ਐਪ ਦੇ ਬੰਦ ਹੋਣ ਨਾਲ ਕਿੰਨਾ ਵੱਡਾ ਨੁਕਸਾਨ ਹੋਵੇਗਾ।