ਸੋਨੂੰ ਨਿਗਮ ਨਾਲ ਹੱਥੋਪਾਈ ਦੇ ਮਾਮਲੇ ’ਚ ਸ਼ਿਵ ਸੈਨਾ ਵਿਧਾਇਕ ਦੇ ਪੁੱਤਰ ’ਤੇ ਮਾਮਲਾ ਦਰਜ
Tuesday, Feb 21, 2023 - 11:10 AM (IST)
ਮੁੰਬਈ (ਬਿਊਰੋ)– 20 ਫਰਵਰੀ ਦੀ ਸ਼ਾਮ ਨੂੰ ਗਾਇਕ ਸੋਨੂੰ ਨਿਗਮ ਤੇ ਉਸ ਦੀ ਟੀਮ ਦੀ ਸ਼ਿਵ ਸੈਨਾ ਦੇ ਇਕ ਮੈਂਬਰ ਨਾਲ ਝੜਪ ਹੋ ਗਈ ਸੀ, ਜਿਸ ’ਚ ਗਾਇਕ ਦਾ ਦੋਸਤ ਤੇ ਬਾਡੀਗਾਰਡ ਰੱਬਾਨੀ ਜ਼ਖ਼ਮੀ ਹੋ ਗਏ। ਰੱਬਾਨੀ ਫਿਲਹਾਲ ਹਸਪਤਾਲ ’ਚ ਦਾਖ਼ਲ ਹਨ। ਇਸ ਘਟਨਾ ਦੇ ਤੁਰੰਤ ਬਾਅਦ ਪੁਲਸ ਮਾਮਲੇ ਦੀ ਜਾਂਚ ’ਚ ਜੁੱਟ ਗਈ। ਫਿਲਹਾਲ ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਪੁਲਸ ਨੇ ਇਸ ਮਾਮਲੇ ’ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ।
ਦੱਸਣਯੋਗ ਹੈ ਕਿ ਸੋਨੂੰ ਨਿਗਮ ਸੋਮਵਾਰ ਨੂੰ ਚੇਂਬੂਰ ਇਲਾਕੇ ’ਚ ਆਪਣੀ ਟੀਮ ਨਾਲ ਲਾਈਵ ਕੰਸਰਟ ’ਚ ਪਰਫਾਰਮ ਕਰ ਰਹੇ ਸਨ। ਦੋਸ਼ ਹੈ ਕਿ ਫਿਰ ਸਥਾਨਕ ਵਿਧਾਇਕ ਨੇ ਸੋਨੂੰ ਨਿਗਮ ਦੀ ਟੀਮ ਮੈਨੇਜਰ ਸਾਇਰਾ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਵਿਧਾਇਕ ਦਾ ਪੁੱਤਰ ਸੈਲਫੀ ਲੈਣ ਲਈ ਸਟੇਜ ’ਤੇ ਚੜ੍ਹ ਗਿਆ ਤੇ ਗਾਇਕ ਦੇ ਮੈਨੇਜਰ ਨੂੰ ਉਥੋਂ ਜਾਣ ਲਈ ਕਿਹਾ। ਉਥੇ ਹੀ ਜਦੋਂ ਸੋਨੂੰ ਨਿਗਮ ਸਟੇਜ ਤੋਂ ਹੇਠਾਂ ਉਤਰਨ ਲੱਗਾ ਤਾਂ ਉਸ ਨੇ ਪਹਿਲਾਂ ਆਪਣੇ ਬਾਡੀਗਾਰਡ ਰੱਬਾਨੀ ਨੂੰ ਤੇ ਫਿਰ ਗਾਇਕ ਨੂੰ ਧੱਕਾ ਦਿੱਤਾ। ਇਸ ਮਾਮਲੇ ’ਚ ਰੱਬਾਨੀ ਨੂੰ ਕਈ ਸੱਟਾਂ ਲੱਗੀਆਂ।
ਏ. ਐੱਨ. ਆਈ. ਨਾਲ ਗੱਲਬਾਤ ਕਰਦਿਆਂ ਸੋਨੂੰ ਨਿਗਮ ਨੇ ਕਿਹਾ, ‘‘ਕੰਸਰਟ ਤੋਂ ਬਾਅਦ ਮੈਂ ਸਟੇਜ ਤੋਂ ਹੇਠਾਂ ਉਤਰ ਰਿਹਾ ਸੀ ਕਿ ਇਕ ਆਦਮੀ ਨੇ ਮੈਨੂੰ ਫੜ ਲਿਆ। ਫਿਰ ਉਸ ਨੇ ਹਰੀ ਤੇ ਰੱਬਾਨੀ ਨੂੰ ਧੱਕਾ ਦਿੱਤਾ, ਜੋ ਮੈਨੂੰ ਬਚਾਉਣ ਆਏ ਸਨ। ਫਿਰ ਮੈਂ ਪੌੜੀਆਂ ’ਤੇ ਡਿੱਗ ਪਿਆ। ਜੇ ਕਿਤੇ ਲੋਹੇ ਦੀਆਂ ਰਾਡਾਂ ਪਈਆਂ ਹੁੰਦੀਆਂ ਤਾਂ ਰੱਬਾਨੀ ਦੀ ਅੱਜ ਮੌਤ ਹੋ ਸਕਦੀ ਸੀ। ਉਨ੍ਹਾਂ ਨੂੰ ਇਸ ਤਰ੍ਹਾਂ ਧੱਕਾ ਦਿੱਤਾ ਗਿਆ, ਤੁਸੀਂ ਵੀਡੀਓ ’ਚ ਦੇਖ ਸਕਦੇ ਹੋ, ਮੈਂ ਵੀ ਡਿੱਗਣ ਹੀ ਵਾਲਾ ਸੀ।’’
ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ
ਸੋਨੂੰ ਨਿਗਮ ਨੇ ਇਸ ਮਾਮਲੇ ’ਚ ਉਸ ਨਾਲ ਧੱਕਾ ਕਰਨ ਵਾਲੇ ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਇਸ ’ਤੇ ਉਸ ਨੇ ਕਿਹਾ, ‘‘ਮੈਂ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਜੋ ਲੋਕ ਸਮਝ ਸਕਣ ਤੇ ਸੋਚ ਸਕਣ ਕਿ ਜ਼ਬਰਦਸਤੀ ਸੈਲਫੀ ਜਾਂ ਤਸਵੀਰ ਕਲਿੱਕ ਕਰਨ ਦੇ ਕੀ ਨਤੀਜੇ ਹੋ ਸਕਦੇ ਹਨ। ਜਦੋਂ ਉਹ ਜ਼ਬਰਦਸਤੀ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਹੰਗਾਮਾ ਹੋ ਜਾਂਦਾ ਹੈ, ਹੱਥੋਪਾਈ ਹੁੰਦੀ ਹੈ। ਲੋਕਾਂ ਦੀ ਹਉਮੈ ਬਾਹਰ ਆ ਜਾਂਦੀ ਹੈ।
ਸੋਨੂੰ ਨਿਗਮ ’ਤੇ ਹੋਏ ਹਮਲੇ ਦੀ ਵੀਡੀਓ ਇਕ ਯੂਜ਼ਰ ਨੇ ਟਵਿਟਰ ’ਤੇ ਸ਼ੇਅਰ ਕੀਤੀ ਹੈ। ਵੀਡੀਓ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਦੋਂ ਸੋਨੂੰ ਨਿਗਮ ਸਟੇਜ ਤੋਂ ਹੇਠਾਂ ਆ ਰਿਹਾ ਹੈ ਤਾਂ ਕੁਝ ਲੋਕ ਉਨ੍ਹਾਂ ਨੂੰ ਧੱਕਾ ਦੇ ਰਹੇ ਹਨ। ਉਨ੍ਹਾਂ ’ਚੋਂ ਇਕ ਸਟੇਜ ਤੋਂ ਹੇਠਾਂ ਡਿੱਗ ਗਿਆ। ਇਹ ਵੀਡੀਓ ਤੁਰੰਤ ਵਾਇਰਲ ਹੋ ਗਈ। ਦੂਜੇ ਪਾਸੇ ਸੋਨੂੰ ਨਿਗਮ ਦੇ ਬਾਡੀਗਾਰਡ ਤੇ ਦੋਸਤਾਂ ਹਰੀ ਤੇ ਰੱਬਾਨੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਸ ਦੇ ਨਾਲ ਹੀ ਪੁਲਸ ਨੇ ਦੱਸਿਆ ਕਿ ਗਾਇਕ ਸੋਨੂੰ ਨਿਗਮ ਦੀ ਸ਼ਿਕਾਇਤ ਦੇ ਆਧਾਰ ’ਤੇ ਆਈ. ਪੀ. ਸੀ. ਦੀ ਧਾਰਾ 323, 341 ਤੇ 337 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋਨੂੰ ਨਿਗਮ ਸ਼ਿਕਾਇਤ ਦਰਜ ਕਰਵਾਉਣ ਲਈ ਸੋਮਵਾਰ ਦੇਰ ਰਾਤ ਚੇਂਬੂਰ ਥਾਣੇ ਪਹੁੰਚਿਆ। ਉਸ ਤੋਂ ਥੋੜ੍ਹੀ ਦੇਰ ਬਾਅਦ ਵਿਧਾਇਕ ਪ੍ਰਕਾਸ਼ ਫੱਤਰਪੇਕਰ ਵੀ ਥਾਣੇ ਪਹੁੰਚ ਗਏ। ਸੋਨੂੰ ਨਿਗਮ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਧਾਇਕ ਪ੍ਰਕਾਸ਼ ਫੱਤਰਪੇਕਰ ਦੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।