‘ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫ਼ਿਲਮ ਹੈ ‘ਕੈਰੀ ਆਨ ਜੱਟਾ 3’

Monday, Jun 19, 2023 - 01:31 PM (IST)

‘ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫ਼ਿਲਮ ਹੈ ‘ਕੈਰੀ ਆਨ ਜੱਟਾ 3’

ਐਂਟਰਟੇਨਮੈਂਟ ਡੈਸਕ– ਦੁਨੀਆ ਭਰ ’ਚ 29 ਜੂਨ ਨੂੰ ‘ਕੈਰੀ ਆਨ ਜੱਟਾ 3’ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਟਰੇਲਰ ਨੇ ਹਰ ਪਾਸੇ ਚਰਚਾ ਬਣਾਈ ਹੋਈ ਹੈ, ਜਿਸ ਨੂੰ ਯੂਟਿਊਬ ’ਤੇ 24 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫ਼ਿਲਮ ਦੀ ਪ੍ਰਮੋਸ਼ਨ ਵੀ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ। ਇਸੇ ਸਿਲਸਿਲੇ ’ਚ ਅਦਾਕਾਰ ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਤੇ ਬੀਨੂੰ ਢਿੱਲੋਂ ਨੇ ਫ਼ਿਲਮ ਨੂੰ ਲੈ ਕੇ ਮਜ਼ੇਦਾਰ ਗੱਲਾਂ ਸਾਂਝੀਆਂ ਕੀਤੀਆਂ ਹਨ।

ਜਸਵਿੰਦਰ ਭੱਲਾ ਨੇ ਕਿਹਾ, ‘‘ਜਦੋਂ ‘ਕੈਰੀ ਆਨ ਜੱਟਾ 1’ ਰਿਲੀਜ਼ ਹੋਈ ਤਾਂ ਲੋਕਾਂ ਨੇ ਕਿਹਾ ਕਿ ਇਸ ਤੋਂ ਉੱਪਰ ਕੋਈ ਫ਼ਿਲਮ ਨਹੀਂ ਆਵੇਗੀ। ਫਿਰ ਜਦੋਂ ‘ਕੈਰੀ ਆਨ ਜੱਟਾ 2’ ਆਈ ਤਾਂ ਲੋਕਾਂ ਦਾ ਉਸ ਬਾਰੇ ਵੀ ਇਹੀ ਕਹਿਣਾ ਸੀ। ਹੁਣ ‘ਕੈਰੀ ਆਨ ਜੱਟਾ 3’ ਆ ਰਹੀ ਹੈ ਤੇ ਇਸ ਬਾਰੇ ਮੈਂ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਇਹ ਪਹਿਲੀਆਂ ਦੋ ਨਾਲੋਂ ਵੀ ਉੱਪਰ ਹੈ।’’  

ਕਰਮਜੀਤ ਅਨਮੋਲ ਨੇ ਕਿਹਾ, ‘‘ਫ਼ਿਲਮ ‘ਕੈਰੀ ਆਨ ਜੱਟਾ 1’ ਨੇ ਪੰਜਾਬੀ ਇੰਡਸਟਰੀ ਨੂੰ ਚੰਗੀ ਤਰ੍ਹਾਂ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਹੈ। ਉਸ ਫ਼ਿਲਮ ਦੀ ਸਕ੍ਰਿਪਟ ਤੇ ਡਾਇਰੈਕਟਰ ਬਹੁਤ ਵਧੀਆ ਸੀ। ਪਹਿਲੀਆਂ ਪੰਜਾਬੀ ਫ਼ਿਲਮਾਂ ’ਚ ਬੰਬੇ ਦੇ ਕਲਾਕਾਰ ਹੁੰਦੇ ਸਨ, ਜਿਨ੍ਹਾਂ ਦਾ ਪੰਜਾਬੀ ਨਾਲ ਕੋਈ ਵਾਸਤਾ ਨਹੀਂ ਹੁੰਦਾ ਸੀ। ਇਸ ’ਚ ਸਾਰੇ ਨਿਰੋਲ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਨੂੰ ਸ਼ਬਦਾਂ ਦਾ ਅਸਲ ਮਤਲਬ ਪਤਾ ਹੈ ਤੇ ਉਸ ਨੂੰ ਕਿਵੇਂ ਪ੍ਰਫਾਰਮ ਕਰਨਾ ਹੈ, ਉਹ ਵੀ ਪਤਾ ਹੈ।’’

ਇਹ ਖ਼ਬਰ ਵੀ ਪੜ੍ਹੋ : ਗਾਇਕਾ ਮਿਸ ਪੂਜਾ ਨੇ ਅਚਾਨਕ ਸੋਸ਼ਲ ਮੀਡੀਆ ਨੂੰ ਕਿਹਾ 'ਬਾਏ-ਬਾਏ', ਸਾਂਝੀ ਕੀਤੀ ਇਹ ਆਖ਼ਰੀ ਪੋਸਟ

ਬੀਨੂੰ ਢਿੱਲੋਂ ਨੇ ਕਿਹਾ, ‘‘ਫ਼ਿਲਮ ‘ਕੈਰੀ ਆਨ ਜੱਟਾ 3’ ਅੱਜ ਤਕ ਦੇ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫ਼ਿਲਮ ਹੈ। ਪੈਸਿਆਂ ਵਾਲੇ ਪਾਸਿਓਂ ਵੀ ਤੇ ਕਾਸਟ ਵਾਲੇ ਪਾਸਿਓਂ ਵੀ। ਫ਼ਿਲਮ ’ਤੇ ਬਹੁਤ ਜ਼ਿਆਦਾ ਪੈਸਾ ਲੱਗਾ ਹੈ। ਮੈਨੂੰ ਲੱਗਦਾ ਨਹੀਂ ਕਿ ਇੰਨੀ ਵੱਡੀ ਸਟਾਰ ਕਾਸਟ ਨੂੰ ਹਰ ਕੋਈ ਆਪਣੀ ਫ਼ਿਲਮ ’ਚ ਲੈ ਸਕਦਾ ਹੈ। ‘ਕੈਰੀ ਆਨ ਜੱਟਾ 3’ ਹੀ ਅਜਿਹੀ ਫ਼ਿਲਮ ਹੈ, ਜੋ ਆਪਣੇ ਮੋਢਿਆਂ ’ਤੇ ਇੰਨਾ ਬੋਝ ਚੁੱਕ ਸਕਦੀ ਹੈ। ਇਸ ਵਾਰ ਲਹਿੰਦੇ ਪੰਜਾਬ ਦੇ ਕਲਾਕਾਰ ਵੀ ਸ਼ਾਮਲ ਹਨ, ਜੋ ਬਾਕਮਾਲ ਬੰਦੇ ਤੇ ਬਾਕਮਾਲ ਅਦਾਕਾਰ ਹਨ। ਪਹਿਲੀਆਂ 2 ਨਾਲੋਂ ਇਹ ਫ਼ਿਲਮ ਬਹੁਤ ਜ਼ਿਆਦਾ ਬਿਹਤਰ ਬਣੀ ਹੈ।’’

ਦੱਸ ਦੇਈਏ ਕਿ ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ। ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖਿਆ ਹੈ।

ਨੋਟ– ਤੁਸੀਂ ‘ਕੈਰੀ ਆਨ ਜੱਟਾ 3’ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News