''ਮੁੰਨਾਭਾਈ'' ਦੀ ਵਾਪਸੀ ਦੀ ਉਡੀਕ ਕਰ ਰਿਹੈ ਬਾਲੀਵੁੱਡ

Sunday, Jan 17, 2016 - 05:35 PM (IST)

 ''ਮੁੰਨਾਭਾਈ'' ਦੀ ਵਾਪਸੀ ਦੀ ਉਡੀਕ ਕਰ ਰਿਹੈ ਬਾਲੀਵੁੱਡ

ਮੁੰਬਈ : ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਰਿਹਾਈ ''ਚ ਅਜੇ ਇਕ ਮਹੀਨਾ ਰਹਿੰਦਾ ਹੈ ਪਰ ਬਾਲੀਵੁੱਡ ਹੁਣ ਤੋਂ ਹੀ ਉਨ੍ਹਾਂ ਲਈ ਕੁਝ ਫਿਲਮਾਂ ਦੀਆਂ ਕਹਾਣੀਆਂ ਲੈ ਕੇ ਤਿਆਰ ਬੈਠਾ ਹੈ। ਅਜਿਹੀ ਆਸ ਵੀ ਹੈ ਕਿ  ਸੰਜੇ ਦੱਤ ਮਸ਼ਹੂਰ ਫਿਲਮ ''ਮੁੰਨਾ ਭਾਈ''ਸੀਰੀਜ਼ ਦੀ ਤੀਜੀ ਫਿਲਮ ਵਿਚ ਵੀ ਕੰਮ ਕਰਨਗੇ। 
ਸੰਜੇ ਦੱਤ ਦਾ ਜੀਵਨ ਬਹੁਤ ਹੀ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ। ਉਹ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੀ ਆਦਤ ''ਚੋਂ ਲੰਘ ਚੁੱਕੇ ਹਨ ਅਤੇ 1993 ਦੇ ਬੰਬ ਧਮਾਕਿਆਂ ਦੌਰਾਨ ਗੈਰ-ਕਾਨੂੰਨੀ ਤਰੀਕੇ ਨਾਲ ਏ.ਕੇ.-56 ਰਾਈਫਲ ਰੱਖਣ ਦੇ ਮਾਮਲੇ ''ਚ ਉਨ੍ਹਾਂ ਨੂੰ ਕੈਦ ਦੀ ਸਜ਼ਾ ਹੋਈ। ਵਿਵਾਦਾਂ ''ਚ ਰਹਿਣ ਵਾਲੇ ਸੰਜੇ ਦੱਤ 25 ਫਰਵਰੀ ਨੂੰ ਪੁਣੇ ਦੀ ਯਰਵਦਾ ਜੇਲ ''ਚੋਂ ਰਿਹਾਅ ਹੋ ਜਾਣਗੇ। ਅਜਿਹੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ 56 ਸਾਲਾ ਸੰਜੇ ਰਿਹਾਅ ਹੋਣ ਪਿੱਛੋਂ ਰਾਜਕੁਮਾਰ ਹਿਰਾਨੀ ਦੀ ਫਿਲਮ ''ਮੁੰਨਾਭਾਈ'' ਸੀਰੀਜ਼ ਦੀ ਤੀਜੀ ਫਿਲਮ ''ਤੇ ਕੰਮ ਸ਼ੁਰੂ ਕਰ ਦੇਣਗੇ।
 ਵਿਧੂ ਵਿਨੋਦ ਚੋਪੜਾ ਅਤੇ ਸੰਜੇ ਗੁਪਤਾ ਵਰਗੇ ਫਿਲਮਕਾਰ ਵੀ ਕੁਝ ਫਿਲਮਾਂ ''ਚ ਸੰਜੇ ਦੱਤ ਨਾਲ ਕੰਮ ਕਰਨਗੇ। ਇਸ ਫਿਲਮ ਤੋਂ ਇਲਾਵਾ ਉਹ ਆਪਣੇ ਹੋਮ ਪ੍ਰੋਡਕਸ਼ਨ ਦੀ ਫਿਲਮ ''ਹਸਮੁਖ ਪਿਘਲ ਗਯਾ'' ਨੂੰ ਰਿਲੀਜ਼ ਕਰਨਗੇ ਅਤੇ ਆਪਣੇ ਜੀਵਨ ''ਤੇ ਅਧਾਰਿਤ ਫਿਲਮ ਦਾ ਸਹਿ-ਨਿਰਮਾਣ ਕਰਨਗੇ। ਹਾਲਾਂਕਿ ਅਜੇ ਤੱਕ ਅਜਿਹੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਕਿ ਇਨ੍ਹਾਂ ਸਭ ''ਤੇ ਕੰਮ ਕਦੋਂ ਕੁ ਸ਼ੁਰੂ ਹੋਵੇਗਾ।
ਜਦੋਂ ਸੰਜੇ ਦੱਤ ਦੀ ਭੈਣ ਪ੍ਰਿਆ ਤੋਂ ਇਹ ਪੁੱਛਿਆ ਗਿਆ ਕਿ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਕੀ ਯੋਜਨਾਵਾਂ ਹਨ ਤਾਂ ਉਸ ਨੇ ਕਿਹਾ, ''''ਇਸ ਬਾਰੇ ਮੈਨੂੰ ਤਾਂ ਕੁਝ ਨਹੀਂ ਪਤਾ। ਹਾਂ ਮਾਨਿਅਤਾ ਨੂੰ ਜ਼ਰੂਰ ਪਤਾ ਹੋਵੇਗਾ।'''' ਜਦਕਿ ਮਾਨਿਅਤਾ ਨੇ ਇਸ ਸੰਬੰਧੀ ਕਿਸੇ ਫੋਨ ਕਾਲ ਦਾ ਜਵਾਬ ਨਹੀਂ ਦਿੱਤਾ।


Related News