ਫਾਈਵ ਸਟਾਰ ਹੋਟਲ 'ਚ ਮਸ਼ਹੂਰ ਅਦਾਕਾਰਾ ਨਸ਼ਾ ਲੈਂਦੀ ਫੜ੍ਹੀ ਗਈ ਰੰਗੇ ਹੱਥੀਂ

Wednesday, Jun 16, 2021 - 06:49 PM (IST)

ਫਾਈਵ ਸਟਾਰ ਹੋਟਲ 'ਚ ਮਸ਼ਹੂਰ ਅਦਾਕਾਰਾ ਨਸ਼ਾ ਲੈਂਦੀ ਫੜ੍ਹੀ ਗਈ ਰੰਗੇ ਹੱਥੀਂ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਅਦਾਕਾਰਾ ਨਾਇਰਾ ਸ਼ਾਹ ਨੂੰ ਮੁੰਬਈ 'ਚ ਆਪਣੇ ਜਨਮਦਿਨ 'ਤੇ ਡਰੱਗਸ ਨਾਲ ਪਾਰਟੀ ਕਰਨਾ ਮਹਿੰਗਾ ਪਿਆ। ਜਦੋਂ ਪਾਰਟੀ ਆਪਣੇ ਸਿਖਰ 'ਤੇ ਸੀ, ਉਦੋਂ ਹੀ ਪੁਲਸ ਨੂੰ ਕੁਝ ਖ਼ੁਫੀਆ ਜਾਣਕਾਰੀ ਦਿੱਤੀ ਗਈ। ਇਸ ਦੇ ਅਧਾਰ 'ਤੇ ਪੁਲਸ ਟੀਮ ਨੇ ਦੇਰ ਰਾਤ ਹੋਟਲ 'ਤੇ ਛਾਪਾ ਮਾਰਿਆ ਅਤੇ ਅਦਾਕਾਰਾ ਨੂੰ ਉਸ ਦੇ ਦੋਸਤ ਸਮੇਤ ਗ੍ਰਿਫ਼ਤਾਰ ਕਰ ਲਿਆ। ਦੱਸ ਦਈਏ ਕਿ ਅਦਾਕਾਰਾ ਦੀ ਪਛਾਣ ਨਾਇਰਾ ਨੇਹਲ ਸ਼ਾਹ ਵਜੋਂ ਹੋਈ ਹੈ। ਮਾਮਲਾ ਮੁੰਬਈ ਦੇ ਸਾਂਤਾਕਰੂਜ਼ ਥਾਣਾ ਖ਼ੇਤਰ ਦਾ ਹੈ, ਜਿੱਥੇ ਬਾਲੀਵੁੱਡ ਅਦਾਕਾਰਾ ਫਾਈਵ ਸਟਾਰ ਹੋਟਲ 'ਚ ਆਪਣਾ ਜਨਮ ਦਿਨ ਮਨਾ ਰਹੀ ਸੀ। ਪੁਲਸ ਨੇ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੋਟਲ 'ਤੇ ਛਾਪਾ ਮਾਰ ਕੇ ਮਾਮਲੇ ਦਾ ਖ਼ੁਲਾਸਾ ਕੀਤਾ।

ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 3 ਵਜੇ ਫਾਈਵ ਸਟਾਰ ਹੋਟਲ 'ਚ ਛਾਪਾ ਮਾਰਿਆ ਗਿਆ। ਉਥੇ ਬਾਲੀਵੁੱਡ 'ਚ ਛੋਟੇ ਰੋਲ ਕਰਨ ਵਾਲੀ ਅਦਾਕਾਰਾ ਤੇ ਉਸ ਦੇ ਸਾਥੀਆਂ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਸਾਂਤਾਕਰੂਜ਼ ਪੁਲਸ ਨੇ ਇਸ ਸਬੰਧ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਾਂਤਾਕਰੂਜ਼ ਪੁਲਸ ਦੇ ਸੀਨੀਅਰ ਅਧਿਕਾਰੀ ਗਿਆਨੇਸ਼ਵਰ ਗਨੌਰ ਨੂੰ ਇੱਕ ਗੁਪਤ ਜਾਣਕਾਰੀ ਮਿਲੀ ਸੀ ਕਿ ਬਾਲੀਵੁੱਡ ਅਦਾਕਾਰਾ ਇੱਕ ਫਾਈਵ ਸਟਾਰ ਹੋਟਲ 'ਚ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਹੀ ਹੈ, ਜਿਸ 'ਚ ਨਸ਼ੇ ਵਰਤੇ ਜਾ ਰਹੇ ਹਨ।

ਇਸੇ ਜਾਣਕਾਰੀ ਦੇ ਅਧਾਰ 'ਤੇ ਮੁੰਬਈ ਪੁਲਸ ਦੀ ਟੀਮ ਫਾਈਵ ਸਟਾਰ ਹੋਟਲ ਪਹੁੰਚੀ ਅਤੇ ਅਦਾਕਾਰਾ ਦੀ ਪਾਰਟੀ 'ਤੇ ਛਾਪਾ ਮਾਰਿਆ, ਜਿਥੇ ਉਹ ਆਪਣੇ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾ ਰਹੀ ਸੀ। ਪੁਲਸ ਅਨੁਸਾਰ ਅਦਾਕਾਰਾ ਨਾਇਰਾ ਨੇਹਲ ਸ਼ਾਹ ਵੀ ਹੋਟਲ ਦੇ ਕਮਰੇ 'ਚ ਚਰਸ ਦੀ ਵਰਤੋਂ ਕਰ ਰਹੀ ਸੀ। ਪੁਲਸ ਨੇ ਤੁਰੰਤ ਪਾਰਟੀ 'ਚ ਮੌਜੂਦ ਅਦਾਕਾਰਾ ਤੇ ਉਸ ਦੇ ਦੋਸਤ ਆਸ਼ਿਕ ਹੁਸੈਨ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਕੋਲੋਂ ਚਰਸ ਵੀ ਮਿਲੀ ਹੈ।

ਦੱਸਣਯੋਗ ਹੈ ਕਿ ਸਾਂਤਾਕਰੂਜ਼ ਪੁਲਸ ਨੇ ਸੋਮਵਾਰ ਨੂੰ ਪਹਿਲੇ ਦਿਨ ਹੀ ਦੋਵਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਦੋਵਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਇਰਾ ਨੇਹਲ ਸ਼ਾਹ ਦੋ ਤੇਲਗੂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।


author

sunita

Content Editor

Related News