ਸਾਲ 2021 ਦੇ ਵੱਡੇ ਵਿਵਾਦ : ਕੰਗਨਾ ਦਾ ਪਿਆ ਦਿਲਜੀਤ ਨਾਲ ਪੇਚਾ, ਆਰੀਅਨ ਖ਼ਾਨ ਤੇ ਰਾਜ ਕੁੰਦਰਾ ਨੇ ਖਾਧੀ ਜੇਲ੍ਹ ਦੀ ਹਵਾ
Thursday, Dec 30, 2021 - 11:00 AM (IST)
ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਵਿਚਾਲੇ ਇਕ ਹੋਰ ਸਾਲ ਖ਼ਤਮ ਹੋਣ ਜਾ ਰਿਹਾ ਹੈ। 2021 ’ਚ ਕਈ ਅਜਿਹੇ ਵਿਵਾਦ ਹੋਏ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਬਾਲੀਵੁੱਡ ਵੀ ਇਸ ਤੋਂ ਵਾਂਝਾ ਨਹੀਂ ਰਿਹਾ। ਇਹ ਸਾਲ ਫ਼ਿਲਮ ਇੰਡਸਟਰੀ ਨੂੰ ਕਈ ਦਰਦ ਦੇ ਗਿਆ। ਕਈ ਸਿਤਾਰੇ ਅਜਿਹੇ ਹੋਣਗੇ, ਜੋ 2021 ਨੂੰ ਗਲਤੀ ਨਾਲ ਵੀ ਯਾਦ ਨਹੀਂ ਕਰਨਾ ਚਾਹੁਣਗੇ। ਆਓ ਜਾਣਦੇ ਹਾਂ ਉਨ੍ਹਾਂ ਸਿਤਾਰਿਆਂ ਬਾਰੇ–
1. ਕੰਗਨਾ ਰਣੌਤ ਦਾ ਦਿਲਜੀਤ ਦੋਸਾਂਝ ਨਾਲ ਵਿਵਾਦ
ਕੰਗਨਾ ਰਣੌਤ ਇਸ ਸਾਲ ਵੀ ਆਪਣੀ ਬਿਆਨਬਾਜ਼ੀ ਕਾਰਨ ਵਿਵਾਦਾਂ ’ਚ ਰਹੀ। ਸਾਲ 2021 ਦਾ ਸਭ ਤੋਂ ਵੱਡਾ ਮੁੱਦਾ ਰਿਹਾ ਕਿਸਾਨ ਅੰਦੋਲਨ। ਕਿਸਾਨਾਂ ਨੂੰ ਲੈ ਕੇ ਕੰਗਨਾ ਰਣੌਤ ਤੇ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਵਿਚਾਲੇ ਖ਼ੂਬ ਵਿਵਾਦ ਦੇਖਣ ਨੂੰ ਮਿਲਿਆ। ਦੋਵਾਂ ਵਿਚਾਲੇ ਕਿਸਾਨਾਂ ਨੂੰ ਲੈ ਕੇ ਰੱਜ ਕੇ ਟਵਿਟਰ ਵਾਰ ਹੋਈ। ਦੋਵਾਂ ਵਿਚਾਲੇ ਵਿਵਾਦ ਰਿਹਾਨਾ ਦੇ ਟਵੀਟ ਨਾਲ ਹੋਇਆ, ਜਿਸ ’ਚ ਭਾਰਤ ਦੇ ਕਿਸਾਨਾਂ ਦਾ ਮੁੱਦਾ ਚੁੱਕਿਆ ਗਿਆ ਸੀ। ਦਿਲਜੀਤ ਨੇ ਰਿਹਾਨਾ ਦਾ ਸਮਰਥਨ ਗਾਣਾ ਰਿਲੀਜ਼ ਕਰਕੇ ਕੀਤਾ ਸੀ, ਉਦੋਂ ਕੰਗਨਾ ਹਮਲਾਵਰ ਹੋ ਗਈ ਸੀ।
2. ਆਰੀਅਨ ਖ਼ਾਨ ਦਾ ਡਰੱਗ ਕੇਸ
ਬਾਲੀਵੁੱਡ ਦੇ ਕਿੰਗ ਸ਼ਾਹਰੁਖ਼ ਖ਼ਾਨ ਦੇ ਵੱਡੇ ਪੁੱਤਰ ਆਰੀਅਨ ਖ਼ਾਨ ਸਾਲ 2021 ਨੂੰ ਆਪਣੀ ਜ਼ਿੰਦਗੀ ’ਚੋਂ ਡਿਲੀਟ ਕਰਨਾ ਪਸੰਦ ਕਰਨਗੇ। 2 ਅਕਤੂਬਰ ਨੂੰ ਐੱਨ. ਸੀ. ਬੀ. ਨੇ ਆਰੀਅਨ ਖ਼ਾਨ ਨੂੰ ਗੋਆ ਜਾ ਰਹੇ ਕਰੂਜ਼ ’ਚੋਂ ਫੜਿਆ ਸੀ। ਗ੍ਰਿਫ਼ਤਾਰ ਹੋਣ ਤੋਂ ਬਾਅਦ ਆਰੀਅਨ ਖ਼ਾਨ ਜੇਲ੍ਹ ’ਚ ਵੀ ਰਹੇ। ਆਰੀਅਨ ਨੂੰ ਲੰਮੇ ਇੰਤਜ਼ਾਰ ਤੋਂ ਬਾਅਦ ਮੁਸ਼ਕਿਲ ਨਾਲ ਜ਼ਮਾਨਤ ਮਿਲੀ। ਫਿਲਹਾਲ ਉਹ ਜ਼ਮਾਨਤ ’ਤੇ ਹਨ। ਆਰੀਅਨ ’ਤੇ ਡਰੱਗਸ ਦੀ ਸਪਲਾਈ ਤੇ ਸਾਜ਼ਿਸ਼ ’ਚ ਸ਼ਾਮਲ ਹੋਣ ਦੇ ਦੋਸ਼ ਲੱਗੇ। ਸ਼ਾਹਰੁਖ਼ ਨੇ ਆਪਣੇ ਪੁੱਤਰ ਨੂੰ ਜੇਲ੍ਹ ਤੋਂ ਕੱਢਣ ਲਈ ਸਿਰ ਤੋਂ ਲੈ ਕੇ ਪੈਰਾਂ ਤਕ ਜ਼ੋਰ ਲਗਾ ਦਿੱਤਾ ਸੀ।
3. ਰਾਜ ਕੁੰਦਰਾ ਦਾ ਅਸ਼ਲੀਲ ਫ਼ਿਲਮਾਂ ’ਚ ਨਾਂ ਆਉਣਾ
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਜੇਲ੍ਹ ਦੀ ਹਵਾ ਖਾਵੇਗਾ। ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਹੋਏ। ਉਨ੍ਹਾਂ ਨੂੰ ਕਈ ਦਿਨਾਂ ਤਕ ਜੇਲ੍ਹ ’ਚ ਰਹਿਣਾ ਪਿਆ। ਰਾਜ ਕੁੰਦਰਾ ’ਤੇ ਮਾਡਲਜ਼ ਤੇ ਅਦਾਕਾਰਾਂ ਦੀਆਂ ਅਸ਼ਲੀਲ ਫ਼ਿਲਮਾਂ ਬਣਾ ਕੇ ਉਨ੍ਹਾਂ ਨੂੰ ਵੇਚਣ ਦਾ ਦੋਸ਼ ਲੱਗਾ। ਸ਼ਿਲਪਾ ਸ਼ੈੱਟੀ ਵੀ ਨਿਸ਼ਾਨੇ ’ਤੇ ਆਈ ਪਰ ਅਦਾਕਾਰਾ ਨੂੰ ਪੁਲਸ ਦੀ ਜਾਂਚ ’ਚ ਕਲੀਨਚਿੱਟ ਮਿਲੀ।
4. ਕਰੀਨਾ ਕਪੂਰ ਦਾ ਛੋਟੇ ਪੁੱਤਰ ਦੇ ਨਾਂ ਨੂੰ ਲੈ ਕੇ ਵਿਵਾਦਾਂ ’ਚ ਆਉਣਾ
ਕਰੀਨਾ ਕਪੂਰ ਨੇ ਫਰਵਰੀ ਮਹੀਨੇ ਆਪਣੇ ਛੋਟੇ ਪੁੱਤਰ ਜੇਹ ਨੂੰ ਜਨਮ ਦਿੱਤਾ। ਕਰੀਨਾ ਨੇ ਸ਼ੁਰੂਆਤੀ ਦਿਨਾਂ ’ਚ ਜੇਹ ਦੇ ਨਾਂ ਨੂੰ ਲੁਕੋ ਕੇ ਰੱਖਿਆ। ਬਾਅਦ ’ਚ ਪਤਾ ਲੱਗਾ ਕਿ ਨਾਂ ਜੇਹ ਹੈ, ਫਿਰ ਪਤਾ ਲੱਗਾ ਕਿ ਜੇਹ ਦਾ ਪੂਰਾ ਨਾਂ ਜਹਾਂਗੀਰ ਹੈ। ਬਸ ਫਿਰ ਕੀ ਸੀ, ਲੋਕਾਂ ਨੇ ਕਰੀਨਾ ਨੂੰ ਨਿਸ਼ਾਨੇ ’ਤੇ ਲਿਆ। ਮੁਗਲ ਸ਼ਾਸਕ ਜਹਾਂਗੀਰ ਦੇ ਨਾਂ ’ਤੇ ਆਪਣੇ ਪੁੱਤਰ ਦਾ ਨਾਂ ਰੱਖਣ ’ਤੇ ਉਸ ਦੀ ਕਾਫੀ ਨਿੰਦਿਆ ਹੋਈ। ਇਸ ਤੋਂ ਇਲਾਵਾ ਕਰੀਨਾ ਫ਼ਿਲਮ ‘ਸੀਤਾ’ ਨੂੰ ਲੈ ਕੇ ਵੀ ਵਿਵਾਦਾਂ ’ਚ ਰਹੀ। ਕਿਸੇ ਨੇ ਜਿਥੇ ਕਰੀਨਾ ਕਪੂਰ ਵਲੋਂ ਫ਼ਿਲਮ ਲਈ ਫੀਸ ਵਧਾਉਣ ਦੀ ਗੱਲ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕੀਤਾ ਤਾਂ ਕਿਸੇ ਨੇ ਕਰੀਨਾ ਕਪੂਰ ਵਲੋਂ ‘ਸੀਤਾ’ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਰੋਸ ਜਤਾਇਆ। ਇਸ ਦੌਰਾਨ ਹਿੰਦੂ-ਮੁਸਲਿਮ ਐਂਗਲ ਕੱਢ ਕੇ ਵੀ ਕਰੀਨਾ ਨੂੰ ਟਰੋਲ ਕੀਤਾ ਜਾਣ ਲੱਗਾ।
5. ਅਨਨਿਆ ਪਾਂਡੇ ਦੀ ਡਰੱਗ ਚੈਟ
ਆਰੀਅਨ ਖ਼ਾਨ ਕੇਸ ’ਚ ਉਸ ਦੀ ਦੋਸਤ ਅਨਨਿਆ ਪਾਂਡੇ ਨੂੰ ਵੀ ਐੱਨ. ਸੀ. ਬੀ. ਦੇ ਦਫ਼ਤਰ ’ਚ ਹਾਜ਼ਰੀ ਲਗਵਾਉਣੀ ਪਈ ਸੀ। ਐੱਨ. ਸੀ. ਬੀ. ਨੂੰ ਆਰੀਅਨ ਨਾਲ ਅਨਨਿਆ ਦੀ ਡਰੱਗ ਚੈਟ ਮਿਲੀ ਸੀ। ਇਸ ਸਿਲਸਿਲੇ ’ਚ ਐੱਨ. ਸੀ. ਬੀ. ਨੇ ਅਦਾਕਾਰਾ ਕੋਲੋਂ ਪੁੱਛਗਿੱਛ ਕੀਤੀ ਸੀ।
6. ਕਰਨ ਜੌਹਰ ਦੀ ਫ਼ਿਲਮ ’ਚੋਂ ਕਾਰਤਿਕ ਆਰੀਅਨ ਨੂੰ ਹਟਾਉਣਾ
ਕਾਰਤਿਕ ਆਰੀਅਨ ਆਪਣੇ ਕਰੀਅਰ ਦੇ ਪੀਕ ’ਤੇ ਹਨ। ਉਨ੍ਹਾਂ ਦੀਆਂ ਲਗਾਤਾਰ ਹਿੱਟ ਫ਼ਿਲਮਾਂ ਆ ਰਹੀਆਂ ਹਨ। ਮੇਕਰਜ਼ ਵਿਚਾਲੇ ਕਾਰਤਿਕ ਦੀ ਡਿਮਾਂਡ ਵੱਧ ਗਈ ਹੈ। ਅਜਿਹੇ ’ਚ ਜੇਕਰ ਇਹ ਖ਼ਬਰ ਆਵੇ ਕਿ ਕਾਰਤਿਕ ਨੂੰ ਕਿਸੇ ਫ਼ਿਲਮ ’ਚੋਂ ਕੱਢ ਦਿੱਤਾ ਗਿਆ ਹੈ ਤਾਂ ਯਕੀਨੀ ਤੌਰ ’ਤੇ ਹਰ ਕੋਈ ਹੈਰਾਨ ਹੋਵੇਗਾ। ਕਾਰਤਿਕ ਨੂੰ ਕਰਨ ਜੌਹਰ ਦੀ ‘ਦੋਸਤਾਨਾ 2’ ’ਚੋਂ ਕੱਢ ਦਿੱਤਾ ਗਿਆ। ਉਹ ਵੀ ਉਦੋਂ ਜਦੋਂ ਫ਼ਿਲਮ ਦੀ 50 ਫੀਸਦੀ ਸ਼ੂਟਿੰਗ ਹੋ ਗਈ ਸੀ। ਪ੍ਰੋਡਕਸ਼ਨ ਹਾਊਸ ਨੇ ਨਵੀਂ ਕਾਸਟਿੰਗ ਦਾ ਐਲਾਨ ਕੀਤਾ ਸੀ।
7. ਤਾਪਸੀ ਪਨੂੰ ’ਤੇ ਇਨਕਮ ਟੈਕਸ ਦੀ ਰੇਡ
ਮਾਰਚ 2021 ’ਚ ਤਾਪਸੀ ਪਨੂੰ ਦੇ ਘਰ ’ਤੇ ਇਨਕਮ ਟੈਕਸ ਦੀ ਰੇਡ ਪਈ। ਜਿਵੇਂ ਹੀ ਤਾਪਸੀ ਆਈ. ਟੀ. ਦੇ ਨਿਸ਼ਾਨੇ ’ਤੇ ਆਈ, ਕੰਗਨਾ ਰਣੌਤ ਨੇ ਲੜੀਵਾਰ ਟਵੀਟ ਕਰਕੇ ਉਸ ’ਤੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਤਾਪਸੀ ਨੇ ਵੀ ਖ਼ੁਦ ’ਤੇ ਚੁਟਕੀ ਲੈਂਦਿਆਂ ਲਿਖਿਆ ਸੀ ਕਿ ਉਹ ਹੁਣ ਸਸਤੀ ਨਹੀਂ ਰਹੀ ਹੈ।
8. ਮਨੋਜ ਬਾਜਪਾਈ ਦੀ ‘ਦਿ ਫੈਮਿਲੀ ਮੈਨ 2’ ’ਤੇ ਵਿਵਾਦ
ਮਨੋਜ ਬਾਜਪਾਈ ਦੀ ਵੈੱਬ ਸੀਰੀਜ਼ ‘ਦਿ ਫੈਮਿਲੀ ਮੈਨ 2’ ’ਤੇ ਇਸ ਸਾਲ ਕਾਫੀ ਹੰਗਾਮਾ ਹੋਇਆ। ਸੀਰੀਜ਼ ’ਤੇ ਤਾਮਿਲਾਂ ਦੀ ਦਿੱਖ ਖਰਾਬ ਕਰਨ ਦੇ ਦੋਸ਼ ਲੱਗੇ। ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਤਾਮਿਲਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੀਰੀਜ਼ ’ਚ ਅੱਤਵਾਦੀ ਦਿਖਾਇਆ ਗਿਆ ਹੈ।
9. ਸੈਫ ਅਲੀ ਖ਼ਾਨ ਦੀ ‘ਤਾਂਡਵ’ ’ਤੇ ਹੰਗਾਮਾ
ਸੈਫ ਅਲੀ ਖ਼ਾਨ ਦੀ ਰਾਜਨੀਤਕ ਡਰਾਮਾ ਵੈੱਬ ਸੀਰੀਜ਼ ‘ਤਾਂਡਵ’ ’ਤੇ ਰੱਜ ਕੇ ਹੰਗਾਮਾ ਹੋਇਆ ਸੀ। ਸੀਰੀਜ਼ ਦੇ ਇਕ ਸੀਨ ’ਤੇ ਲੋਕਾਂ ਨੂੰ ਇਤਰਾਜ਼ ਸੀ, ਜਿਥੇ ਅਦਾਕਾਰ ਮੁਹੰਮਦ ਜੀਸ਼ਾਨ ਆਯੂਬ ਨੂੰ ਭਗਵਾਨ ਦੇ ਪਹਿਰਾਵੇ ’ਚ ਆਜ਼ਾਦੀ ਦੇ ਨਾਅਰੇ ਲਗਾਉਂਦੇ ਦੇਖਿਆ ਗਿਆ। ਇਸ ਦ੍ਰਿਸ਼ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਧਾਰਮਿਕਾ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ। ਮੇਕਰਜ਼ ਤੇ ਸਟਾਰਕਾਸਟ ਖ਼ਿਲਾਫ਼ ਕਈ ਸ਼ਿਕਾਇਤਾਂ ਦਰਜ ਹੋਈਆਂ। ਬਾਅਦ ’ਚ ਮੇਕਰਜ਼ ਨੇ ਮੁਆਫ਼ੀ ਮੰਗੀ ਤੇ ਵਿਵਾਦਿਤ ਦ੍ਰਿਸ਼ ਹਟਾਉਣ ’ਤੇ ਰਾਜ਼ੀ ਹੋ ਗਏ।
ਨੋਟ– ਇਨ੍ਹਾਂ ਵਿਵਾਦਾਂ ’ਤੇ ਤੁਸੀਂ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰ ਸਕਦੇ ਹੋ।