ਨਰਾਤਿਆਂ 'ਤੇ ਭਾਰਤੀ ਸਿੰਘ ਨੇ ਪੁੱਤਰ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੇ ਕਿਹਾ- ਯਸ਼ੋਦਾ ਮਈਆ
Wednesday, Sep 28, 2022 - 11:48 AM (IST)
![ਨਰਾਤਿਆਂ 'ਤੇ ਭਾਰਤੀ ਸਿੰਘ ਨੇ ਪੁੱਤਰ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੇ ਕਿਹਾ- ਯਸ਼ੋਦਾ ਮਈਆ](https://static.jagbani.com/multimedia/2022_9image_11_48_244664879bharti.jpg)
ਮੁੰਬਈ (ਬਿਊਰੋ) : 'ਲਾਫ਼ਟਰ ਕੁਈਨ' ਭਾਰਤੀ ਸਿੰਘ ਨੇ ਹਾਲ ਹੀ 'ਚ ਆਪਣੇ ਪੁੱਤਰ ਲਕਸ਼ਯ ਦੀ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਮਾਂ-ਪੁੱਤ ਦੋਵੇਂ ਬੇਹੱਦ ਖ਼ੂਬਸੂਰਤ ਲੱਗ ਰਹੇ ਹਨ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਭਾਰਤੀ ਨੇ ਆਪਣੇ ਪੁੱਤਰ ਨੂੰ ਗੋਦ 'ਚ ਚੁੱਕਿਆ ਹੋਇਆ ਹੈ ਅਤੇ ਲਕਸ਼ਯ ਸੌਂ ਰਿਹਾ ਹੈ। ਨਰਾਤਿਆਂ ਦੇ ਤਿਉਹਾਰ ਦੌਰਾਨ ਭਾਰਤੀ ਇਸ ਤਸਵੀਰ 'ਚ ਯਸ਼ੋਦਾ ਮਈਆ ਦੀ ਤਰ੍ਹਾਂ ਦਿਖਾਈ ਦੇ ਰਹੀ ਹੈ, ਜਦੋਂ ਕਿ ਲਕਸ਼ਯ ਬਾਲ ਗੋਪਾਲ ਵਾਂਗ ਮਾਂ ਦੀ ਗੋਦ 'ਚ ਸ਼ਾਂਤੀ ਨਾਲ ਸੌਂ ਰਿਹਾ ਹੈ। ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਹੀ ਭਾਰਤੀ ਸਿੰਘ ਰੋਜ਼ਾਨਾ ਪ੍ਰਸ਼ੰਸਕਾਂ ਨਾਲ ਆਪਣੇ ਬੱਚੇ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਦੱਸ ਦਈਏ ਕਿ ਇਸ ਸਮੇਂ ਪੂਰੇ ਦੇਸ਼ 'ਚ ਨਰਾਤਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸਾਰੇ ਆਪਣੇ ਘਰਾਂ 'ਚ ਦੇਵੀ ਸ਼ਕਤੀ ਦੀ ਪੂਜਾ ਕਰਦੇ ਹਨ। ਇਸ ਦੌਰਾਨ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜੋ ਇਕ ਪੇਂਟਿੰਗ ਹੈ। ਭਾਰਤੀ ਸਿੰਘ ਦੁਆਰਾ ਸ਼ੇਅਰ ਕੀਤੀ ਗਈ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਇਸ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਸਿੰਘ ਨੇ ਲਿਖਿਆ, ''ਇਸ ਖ਼ਾਸ ਤੋਹਫ਼ੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ, ਪੇਂਟਿੰਗ ਦੇ ਰੂਪ 'ਚ ਇਸ ਤਸਵੀਰ ਲਈ ਵੀ ਤੁਹਾਡਾ ਧੰਨਵਾਦ।'' ਪ੍ਰਸ਼ੰਸਕ ਇਸ ਤਸਵੀਰ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।
ਇਸ ਤੋਂ ਪਹਿਲਾਂ ਵੀ ਭਾਰਤੀ ਸਿੰਘ ਨੇ ਜਨਮ ਅਸ਼ਟਮੀ ਦੇ ਤਿਉਹਾਰ 'ਤੇ ਕ੍ਰਿਸ਼ਨ ਅਵਤਾਰ 'ਚ ਗੋਲਾ ਨੂੰ ਸਜਾਇਆ ਸੀ। ਗੋਲਾ ਦੀਆਂ ਉਹ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਜਿਵੇਂ ਹੀ ਭਾਰਤੀ ਸਿੰਘ ਆਪਣੇ ਪੁੱਤਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ, ਉਹ ਤੁਰੰਤ ਵਾਇਰਲ ਹੋ ਜਾਂਦੀ ਹੈ।
ਦੱਸਣਯੋਗ ਹੈ ਕਿ ਭਾਰਤੀ ਸਿੰਘ ਨੇ ਗੋਆ 'ਚ 3 ਦਸੰਬਰ 2017 ਨੂੰ ਲੰਬੇ ਸਮੇਂ ਦੇ ਬੁਆਏਫ੍ਰੈਂਡ ਸਕ੍ਰਿਪਟ ਰਾਈਟਰ ਹਰਸ਼ ਲਿੰਬਾਚੀਆ ਨਾਲ ਵਿਆਹ ਕੀਤਾ ਸੀ। ਸਾਲ 2022 'ਚ 3 ਅਪ੍ਰੈਲ ਨੂੰ ਦੋਹਾਂ ਨੇ ਆਪਣੇ ਪੁੱਤਰ ਲਕਸ਼ੈ ਦਾ ਸਵਾਗਤ ਕੀਤਾ। ਭਾਰਤੀ ਸਿੰਘ ਨੇ ਹੁਣ ਤੱਕ ਆਪਣੇ ਪੁੱਤਰ ਦੇ ਕਈ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹਨ। ਮਾਂ ਬਣਨ ਤੋਂ ਬਾਅਦ ਵੀ ਭਾਰਤੀ ਸਿੰਘ ਨੇ ਕੰਮ ਕਰਨਾ ਜਾਰੀ ਰੱਖਿਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।