‘ਆਸ਼ਰਮ’ ’ਤੇ ਵੱਡਾ ਹੰਗਾਮਾ, ਕੋਰਟ ਨੇ ਭੇਜਿਆ ਬੌਬੀ ਦਿਓਲ ਤੇ ਪ੍ਰਕਾਸ਼ ਝਾ ਨੂੰ ਨੋਟਿਸ

12/14/2020 4:40:53 PM

ਜੋਧਪੁਰ (ਬਿਊਰੋ)– ਬੌਬੀ ਦਿਓਲ ਦੀ ਮੁੱਖ ਭੂਮਿਕਾ ਤੇ ਪ੍ਰਕਾਸ਼ ਝਾ ਦੇ ਪ੍ਰੋਡਕਸ਼ਨ ’ਚ ਬਣੀ ਸੁਪਰਹਿੱਟ ਵੈੱਬ ਸੀਰੀਜ਼ ‘ਆਸ਼ਰਮ’ ’ਤੇ ਹੰਗਾਮਾ ਵੱਧ ਗਿਆ ਹੈ। ਇਸ ਸੀਰੀਜ਼ ਦੇ 2 ਸੀਜ਼ਨ ਰਿਲੀਜ਼ ਹੋ ਚੁੱਕੇ ਹਨ, ਜੋ ਕਾਫੀ ਹਿੱਟ ਰਹੇ ਹਨ ਤੇ ਲੋਕਾਂ ਨੂੰ ਪਸੰਦ ਵੀ ਆਏ ਹਨ। ਹਾਲਾਂਕਿ ਕੁਝ ਲੋਕਾਂ ਦਾ ਦੋਸ਼ ਹੈ ਕਿ ਇਸ ਵੈੱਬ ਸੀਰੀਜ਼ ਰਾਹੀਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਤੇ ਇਸ ਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ।

ਹੁਣ ਜੋਧਪੁਰ ਕੋਰਟ ਨੇ ਸੀਰੀਜ਼ ਦੇ ਮੁੱਖ ਅਦਾਕਾਰ ਬੌਬੀ ਦਿਓਲ ਤੇ ਪ੍ਰੋਡਿਊਸਰ ਪ੍ਰਕਾਸ਼ ਝਾ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਜ਼ਿਲਾ ਤੇ ਸੈਸ਼ਨ ਕੋਰਟ ’ਚ ਰਵਿੰਦਰ ਜੋਸ਼ੀ ਦੀ ਅਦਾਲਤ ਨੇ ਇਹ ਹੁਕਮ ਵਕੀਲ ਕੁਸ਼ ਖੰਡੇਲਵਾਲ ਦੀ ਪਟੀਸ਼ਨ ’ਤੇ ਦਿੱਤੇ ਹਨ। ਹਾਲਾਂਕਿ ਕੋਰਟ ਨੇ ਬੌਬੀ ਦਿਓਲ ਤੇ ਪ੍ਰਕਾਸ਼ ਝਾ ਖਿਲਾਫ ਐੱਫ. ਆਈ. ਆਰ. ਦਰਜ ਕੀਤੇ ਜਾਣ ਦੇ ਹੁਕਮ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ।

ਦੱਸਣਯੋਗ ਹੈ ਕਿ ਐੱਮ. ਐਕਸ. ਪਲੇਅਰ ’ਤੇ ਰਿਲੀਜ਼ ਹੋਈ ਇਸ ਸੀਰੀਜ਼ ’ਚ ਬੌਬੀ ਦਿਓਲ ਨੇ ਕਾਸ਼ੀਪੁਰ ਵਾਲੇ ਬਾਬਾ ਨਿਰਾਲਾ ਦੀ ਭੂਮਿਕਾ ਨਿਭਾਈ ਸੀ। ਸੀਰੀਜ਼ ’ਚ ਦਿਖਾਇਆ ਗਿਆ ਹੈ ਕਿ ਬਾਬਾ ਨਿਰਾਲਾ ਆਪਣੇ ਅਧਿਆਤਮਿਕ ਆਸ਼ਰਮ ਦੀ ਆੜ ਹੇਠ ਡਰੱਗਸ ਤੇ ਮਨੁੱਖੀ ਤਸਕਰੀ ਵਰਗੇ ਕੰਮਾਂ ਨੂੰ ਚਲਾਉਂਦਾ ਹੈ।

‘ਆਸ਼ਰਮ’ ’ਚ ਬੌਬੀ ਦਿਓਲ ਤੋਂ ਇਲਾਵਾ ਅਦਿਤੀ ਪੋਹਨਕਰ, ਚੰਦਨ ਰਾਏ ਸਾਨਿਆਲ, ਦਰਸ਼ਨ ਕੁਮਾਰ, ਤੁਸ਼ਾਰ ਪਾਂਡੇ, ਅਨੁਪ੍ਰੀਆ ਗੋਇਨਕਾ, ਤ੍ਰਿਧਾ ਚੌਧਰੀ, ਸਚਿਨ ਸ਼ਰਾਫ ਤੇ ਅਨਿਲ ਰਸਤੋਗੀ ਵਰਗੇ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਹੁਣ ਦਰਸ਼ਕ ਇਸ ਦੇ ਤੀਜੇ ਸੀਜ਼ਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਨੋਟ– ਤੁਹਾਨੂੰ ‘ਆਸ਼ਰਮ’ ਸੀਰੀਜ਼ ਕਿਵੇਂ ਦੀ ਲੱਗਦੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh