ਡਰੱਗਜ਼ ਕੇਸ ’ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਮਿਲੀ ਕਲੀਨ ਚਿੱਟ
Thursday, Mar 03, 2022 - 10:15 AM (IST)
ਮੁੰਬਈ (ਬਿਊਰੋ)– ਡਰੱਗਜ਼ ਕੇਸ ’ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਉਸ ਦੇ ਖ਼ਿਲਾਫ਼ ਐੱਨ. ਸੀ. ਬੀ. ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਤੋਂ ਸਾਬਿਤ ਹੁੰਦਾ ਹੋਵੇ ਕਿ ਉਹ ਕਿਸੇ ਵੱਡੀ ਡਰੱਗਜ਼ ਸਾਜ਼ਿਸ਼ ਜਾਂ ਕੌਮਾਂਤਰੀ ਡਰੱਗਜ਼ ਸਮੱਗਲਿੰਗ ਸਿੰਡੀਕੇਟ ਦਾ ਹਿੱਸਾ ਸੀ। ਫਿਲਹਾਲ ਇਸ ਮਾਮਲੇ ’ਚ ਉਸ ਨੂੰ ਇਕ ਤਰ੍ਹਾਂ ਕਲੀਨ ਚਿੱਟ ਮਿਲ ਗਈ ਹੈ। 3 ਅਕਤੂਬਰ, 2021 ਨੂੰ ਕਰੂਜ਼ ’ਤੇ ਚੱਲ ਰਹੀ ਡਰੱਗਜ਼ ਪਾਰਟੀ ਦੇ ਮਾਮਲੇ ’ਚ ਐੱਨ. ਸੀ. ਬੀ. ਨੇ ਛਾਪੇਮਾਰੀ ਕਰ ਕੇ ਆਰੀਅਨ ਨੂੰ ਗ੍ਰਿਫ਼ਤਾਰ ਕੀਤਾ ਸੀ। ਲਗਭਗ 28 ਦਿਨ ਜੇਲ੍ਹ ’ਚ ਰਹਿਣ ਪਿੱਛੋਂ ਆਰੀਅਨ ਨੂੰ ਬੰਬੇ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ।
ਆਰੀਅਨ ਕੋਲ ਨਹੀਂ ਸਨ ਡਰੱਗਜ਼
ਡਰੱਗਜ਼ ਕੇਸ ਨਾਲ ਸਬੰਧਤ ਲੋਕਾਂ ਨੇ ਨਾਂ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਜਿਸ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਇਕ ਟੀਮ ਨੇ ਆਰੀਅਨ ਨੂੰ ਗ੍ਰਿਫ਼ਤਾਰ ਕੀਤਾ ਸੀ, ਉਸ ਵੇਲੇ ਕਰੂਜ਼ ’ਤੇ ਚੱਲ ਰਹੀ ਡਰੱਗਜ਼ ਪਾਰਟੀ ਦੌਰਾਨ ਕੀਤੀ ਗਈ ਛਾਪੇਮਾਰੀ ’ਚ ਕਈ ਬੇਨਿਯਮੀਆਂ ਵਰਤੀਆਂ ਗਈਆਂ ਸਨ। ਐੱਸ. ਆਈ. ਟੀ. ਨੇ ਆਪਣੀ ਜਾਂਚ ਦੇ ਕੁਝ ਨਤੀਜੇ ਸਾਂਝੇ ਕੀਤੇ ਹਨ, ਜੋ ਐੱਨ. ਸੀ. ਬੀ. ਮੁੰਬਈ ਦੇ ਦੋਸ਼ਾਂ ਤੋਂ ਉਲਟ ਹਨ। ਜਾਂਚ ’ਚ ਵੇਖਿਆ ਗਿਆ ਹੈ ਕਿ ਆਰੀਅਨ ਕੋਲ ਕੋਈ ਵੀ ਡਰੱਗਜ਼ ਨਹੀਂ ਸਨ। ਇਸ ਲਈ ਉਸ ਦਾ ਫੋਨ ਲੈਣ ਤੇ ਚੈਟ ਦੀ ਜਾਂਚ ਕਰਨ ਦੀ ਕੋਈ ਲੋੜ ਨਹੀਂ ਸੀ। ਐੱਸ. ਆਈ. ਟੀ. ਨੇ ਕਿਹਾ ਕਿ ਚੈਟ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਆਰੀਅਨ ਕਿਸੇ ਕੌਮਾਂਤਰੀ ਸਿੰਡੀਕੇਟ ਦਾ ਹਿੱਸਾ ਸੀ। ਇਸ ਤੋਂ ਇਲਾਵਾ ਛਾਪੇ ਦੀ ਵੀਡੀਓ ਰਿਕਾਰਡਿੰਗ ਨਹੀਂ ਕੀਤੀ ਗਈ ਸੀ, ਜਿਵੇਂ ਕਿ ਐੱਨ. ਸੀ. ਬੀ. ਮੈਨੁਅਲ ਵਲੋਂ ਲਾਜ਼ਮੀ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਮਾਂ ਦੇ ਜਨਮਦਿਨ ਮੌਕੇ ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ
ਐੱਸ. ਆਈ. ਟੀ. ਦੀ ਜਾਂਚ ਅਜੇ ਪੂਰੀ ਨਹੀਂ ਹੋਈ
ਹਾਲਾਂਕਿ ਅਜੇ ਸਾਰੀਆਂ ਚੀਜ਼ਾਂ ਨੂੰ ਯਕੀਨੀ ਬਣਾਉਣ ਲਈ ਐੱਸ. ਆਈ. ਟੀ. ਦੀ ਜਾਂਚ ਪੂਰੀ ਨਹੀਂ ਹੋਈ ਤੇ ਐੱਨ. ਸੀ. ਬੀ. ਦੇ ਡਾਇਰੈਕਟਰ ਜਨਰਲ ਐੱਸ. ਐੱਨ. ਪ੍ਰਧਾਨ ਨੂੰ ਆਪਣੀ ਅੰਤਿਮ ਰਿਪੋਰਟ ਸੌਂਪਣ ’ਚ ਕੁਝ ਮਹੀਨੇ ਲੱਗ ਸਕਦੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਅੰਤਿਮ ਫ਼ੈਸਲੇ ਤੋਂ ਪਹਿਲਾਂ ਇਕ ਕਾਨੂੰਨੀ ਰਾਏ ਲਈ ਜਾਵੇਗੀ, ਜਿਸ ’ਚ ਇਸ ਪਹਿਲੂ ’ਤੇ ਧਿਆਨ ਦਿੱਤਾ ਜਾਵੇਗਾ ਕਿ ਕੀ ਆਰੀਅਨ ’ਤੇ ਡਰੱਗਜ਼ ਲੈਣ ਦਾ ਦੋਸ਼ ਲਾਇਆ ਜਾ ਸਕਦਾ ਹੈ, ਭਾਵੇਂ ਉਹ ਕੋਈ ਡਰੱਗਜ਼ ਨਾ ਲੈ ਰਿਹਾ ਹੋਵੇ।
ਸਮੀਰ ਵਾਨਖੇੜੇ ਦੀ ਕਾਰਜਸ਼ੈਲੀ ’ਤੇ ਸਵਾਲ
ਐੱਸ. ਆਈ. ਟੀ. ਦੀ ਜਾਂਚ ਟੀਮ ਦਾ ਕਹਿਣਾ ਹੈ ਕਿ ਡਰੱਗਜ਼ ਪਾਰਟੀ ਦੌਰਾਨ ਕੀਤੀ ਗਈ ਛਾਪੇਮਾਰੀ ’ਚ ਕਈ ਬੇਨਿਯਮੀਆਂ ਵਰਤੀਆਂ ਗਈਆਂ ਸਨ। ਐੱਨ. ਸੀ. ਬੀ. ਮੈਨੁਅਲ ਮੁਤਾਬਕ ਛਾਪੇਮਾਰੀ ਦੌਰਾਨ ਵੀਡੀਓ ਰਿਕਾਰਡਿੰਗ ਲਾਜ਼ਮੀ ਹੈ ਪਰ ਡਰੱਗਜ਼ ਕੇਸ ’ਚ ਛਾਪੇਮਾਰੀ ਦੌਰਾਨ ਅਜਿਹਾ ਨਹੀਂ ਕੀਤਾ ਗਿਆ। ਐੱਸ. ਆਈ. ਟੀ. ਜਾਂਚ ਦੀਆਂ ਦਲੀਲਾਂ ਨਾਲ ਛਾਪੇਮਾਰੀ ਤੇ ਏਜੰਸੀ ਦੀ ਮੁੰਬਈ ਖੇਤਰੀ ਇਕਾਈ ਦੇ ਸਾਬਕਾ ਡਾਇਰੈਕਟਰ ਸਮੀਰ ਵਾਨਖੇੜੇ ਦੀ ਕਾਰਜਸ਼ੈਲੀ ’ਤੇ ਸਵਾਲ ਉੱਠ ਰਹੇ ਹਨ। ਵਾਨਖੇੜੇ ਨੂੰ ਉਨ੍ਹਾਂ ਦੇ ਮੂਲ ਕੇਡਰ ’ਚ ਵਾਪਸ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਤੇ ਏਜੰਸੀ ਦੀ ਚੌਕਸੀ ਟੀਮ ਦੋਵਾਂ ਵਲੋਂ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।