‘ਰਾਮਾਇਣ’ ਫੇਮ ਅਰੁਣ ਗੋਵਿਲ ਦਾ ਫੁੱਟਿਆ ਫ਼ਿਲਮ ‘ਆਦਿਪੁਰਸ਼’ ’ਤੇ ਗੁੱਸਾ, ਕਿਹਾ– ‘ਸੰਸਕ੍ਰਿਤੀ ਨਾਲ ਛੇੜਛਾੜ...’

Saturday, Oct 08, 2022 - 10:29 AM (IST)

‘ਰਾਮਾਇਣ’ ਫੇਮ ਅਰੁਣ ਗੋਵਿਲ ਦਾ ਫੁੱਟਿਆ ਫ਼ਿਲਮ ‘ਆਦਿਪੁਰਸ਼’ ’ਤੇ ਗੁੱਸਾ, ਕਿਹਾ– ‘ਸੰਸਕ੍ਰਿਤੀ ਨਾਲ ਛੇੜਛਾੜ...’

ਮੁੰਬਈ (ਬਿਊਰੋ)– ਪ੍ਰਭਾਸ ਸਟਾਰਰ ਫ਼ਿਲਮ ‘ਆਦਿਪੁਰਸ਼’ ਨੂੰ ਲੈ ਕੇ ਹਰ ਪਾਸੇ ਹੰਗਾਮਾ ਮਚਿਆ ਹੋਇਆ ਹੈ। ਟੀਜ਼ਰ ਸਾਹਮਣੇ ਆਉਂਦਿਆਂ ਹੀ ਲੋਕਾਂ ਨੇ ਇਸ ’ਤੇ ਇਤਰਾਜ਼ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ‘ਆਦਿਪੁਰਸ਼’ ਦੇ ਟੀਜ਼ਰ ’ਚ ਇਕ ਨਹੀਂ, ਸਗੋਂ ਕਈ ਕਮੀਆਂ ਨਜ਼ਰ ਆ ਰਹੀਆਂ ਹਨ। ਹੁਣ ਇਸ ’ਤੇ ‘ਰਾਮਾਇਣ’ ਫੇਮ ਅਰੁਣ ਗੋਵਿਲ ਨੇ ਪ੍ਰਤੀਕਿਰਿਆ ਦਿੱਤੀ ਹੈ।

‘ਆਦਿਪੁਰਸ਼’ ਦਾ ਟੀਜ਼ਰ ਦੇਖਣ ਤੋਂ ਬਾਅਦ ਲੋਕ ਮੇਕਰਜ਼ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾ ਰਹੇ ਹਨ। ਅਰੁਣ ਗੋਵਿਲ ਨੇ ਆਪਣੇ ਯੂਟਿਊਬ ਚੈਨਲ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਬਹੁਤ ਸਮੇਂ ਤੋਂ ਮੇਰੇ ਦਿਮਾਗ ’ਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ, ਜਿਨ੍ਹਾਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਸਮਾਂ ਆ ਗਿਆ ਹੈ।’’

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਪੰਜਾਬੀ ਪਰਿਵਾਰ ਦੇ ਕਤਲ 'ਤੇ ਗਾਇਕ ਪ੍ਰੀਤ ਹਰਪਾਲ ਨੇ ਸਾਂਝੀ ਕੀਤੀ ਪੋਸਟ, ਸਰਕਾਰ ਨੂੰ ਲੈ ਕੇ ਲਿਖੀ ਇਹ ਗੱਲ

ਉਨ੍ਹਾਂ ਕਿਹਾ, ‘‘ਰਾਮਾਇਣ ਤੇ ਮਹਾਭਾਰਤ ਵਰਗੇ ਜਿੰਨੇ ਵੀ ਗ੍ਰੰਥ ਤੇ ਸ਼ਾਸਤਰ ਹਨ, ਇਹ ਸਾਡੀ ਸੰਸਕ੍ਰਿਤਿਕ ਤੇ ਧਾਰਮਿਕ ਵਿਰਾਸਤ ਹੈ। ਇਹ ਸਾਡੀ ਸੰਸਕ੍ਰਿਤੀ ਹੈ, ਜੜ੍ਹ ਹੈ। ਸਾਰੀ ਮਨੁੱਖਤਾ ਲਈ ਇਕ ਨੀਂਹ ਵਾਂਗ ਹੈ। ਨਾ ਹੀ ਨੀਂਹ ਨੂੰ ਹਿਲਾਇਆ ਜਾ ਸਕਦਾ ਹੈ ਤੇ ਨਾ ਹੀ ਜੜ੍ਹ ਨੂੰ ਬਦਲਿਆ ਜਾ ਸਕਦਾ ਹੈ। ਨੀਂਹ ਜਾਂ ਜੜ੍ਹ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਜਾਂ ਛੇੜਛਾੜ ਠੀਕ ਨਹੀਂ ਹੈ। ਸਾਨੂੰ ਸ਼ਾਸਤਰਾਂ ਤੋਂ ਸੰਸਕਾਰ ਮਿਲਦੇ ਹਨ, ਜਿਊਣ ਦਾ ਆਧਾਰ ਮਿਲਦਾ ਹੈ। ਇਹ ਵਿਰਾਸਤ ਹੀ ਸਾਨੂੰ ਜਿਊਣ ਦੀ ਕਲਾ ਸਿਖਾਉਂਦੀ ਹੈ। ਸਾਡੀ ਸੰਸਕ੍ਰਿਤੀ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਸੰਸਕ੍ਰਿਤੀ ਹੈ।’’

ਅਰੁਣ ਗੋਵਿਲ ਅੱਗੇ ਗੱਲ ਕਰਦਿਆਂ ਕਹਿੰਦੇ ਹਨ, ‘‘ਜਦੋਂ ਢਾਈ ਸਾਲ ਪਹਿਲਾਂ ਕੋਰੋਨਾ ਆਇਆ ਤਾਂ ਉਸ ਨੇ ਸਾਡੀਆਂ ਧਾਰਮਿਕ ਮਾਨਤਾਵਾਂ ਨੂੰ ਮਜ਼ਬੂਤ ਕੀਤਾ। ਕੋਰੋਨਾ ਦੌਰਾਨ ਜਦੋਂ ‘ਰਾਮਾਇਣ’ ਦਾ ਪ੍ਰਸਾਰਣ ਹੋਇਆ ਤਾਂ ਉਸ ਨੇ ਵਿਸ਼ਵ ਰਿਕਾਰਡ ਬਣਾਇਆ। ਇਹ ਸਾਡੀਆਂ ਮਾਨਤਾਵਾਂ ਤੇ ਪ੍ਰੰਪਰਾ ਦਾ ਬਹੁਤ ਵੱਡਾ ਸੰਕੇਤ ਹੈ। 35 ਸਾਲ ਪਹਿਲਾਂ ਬਣੀ ‘ਰਾਮਾਇਣ’ ਨੂੰ ਸਾਡੀ ਨੌਜਵਾਨ ਪੀੜ੍ਹੀ ਨੇ ਪੂਰੀ ਸ਼ਰਧਾ ਤੇ ਆਸਥਾ ਨਾਲ ਦੇਖਿਆ।’’

ਅਰੁਣ ਗੋਵਿਲ ਨੇ ਫ਼ਿਲਮ ਮੇਕਰਜ਼ ਤੇ ਰਾਈਟਰਸ ’ਤੇ ਗੱਲਬਾਤ ਕਰਦਿਆਂ ਕਿਹਾ, ‘‘ਤੁਹਾਨੂੰ ਸਾਡੀ ਨੀਂਹ, ਜੜ੍ਹ ਤੇ ਧਾਰਮਿਕ ਸੰਸਕ੍ਰਿਤੀ ਨਾਲ ਛੇੜਛਾੜ ਕਰਨ ਦਾ ਹੱਕ ਨਹੀਂ ਹੈ।’’ ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਕ੍ਰਿਏਟੀਵਿਟੀ’ ਦੇ ਨਾਂ ’ਤੇ ਧਰਮ ਦਾ ਮਜ਼ਾਕ ਨਾ ਬਣਾਓ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News