ਨਿੱਜੀ ਕਾਰਨਾਂ ਕਰਕੇ ਐੱਨ. ਸੀ. ਬੀ. ਅੱਗੇ ਪੇਸ਼ ਨਹੀਂ ਹੋਇਆ ਅਰਜੁਨ ਰਾਮਪਾਲ
Wednesday, Dec 16, 2020 - 06:56 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅੱਜ ਐੱਨ. ਸੀ. ਬੀ. ਅਧਿਕਾਰੀਆਂ ਸਾਹਮਣੇ ਪੇਸ਼ ਨਹੀਂ ਹੋਏ। ਉਸ ਨੇ ਐੱਨ. ਸੀ. ਬੀ. ਅਧਿਕਾਰੀਆਂ ਤੋਂ 22 ਦਸੰਬਰ ਤੱਕ ਦਾ ਸਮਾਂ ਮੰਗਿਆ ਹੈ। ਅਰਜੁਨ ਰਾਮਪਾਲ ਨੇ ਕਿਹਾ ਕਿ ਉਹ ਕੁਝ ਨਿੱਜੀ ਕੰਮਾਂ ’ਚ ਰੁੱਝੇ ਹੋਏ ਹਨ, ਇਸ ਲਈ ਉਹ ਅੱਜ ਐੱਨ. ਸੀ. ਬੀ. ਦਫ਼ਤਰ ’ਚ ਪੇਸ਼ ਨਹੀਂ ਹੋ ਸਕਦੇ। ਐੱਨ. ਸੀ. ਬੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਰਜੁਨ ਰਾਮਪਾਲ ਨੇ 22 ਦਸੰਬਰ ਤੱਕ ਸਮਾਂ ਮੰਗਿਆ ਹੈ। ਉਹ ਆਪਣੇ ਕੁਝ ਨਿੱਜੀ ਕੰਮਾਂ ’ਚ ਰੁੱਝਿਆ ਹੈ, ਇਸ ਲਈ ਉਸ ਨੇ ਇੰਨੇ ਸਮੇਂ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਐੱਨ. ਸੀ. ਬੀ. ਨੇ ਇਕ ਦਿਨ ਪਹਿਲਾਂ ਹੀ ਅਰਜੁਨ ਰਾਮਪਾਲ ਨੂੰ ਡਰੱਗਜ਼ ਮਾਮਲੇ ’ਚ ਪੁੱਛਗਿੱਛ ਲਈ ਦੂਜੀ ਵਾਰ ਸੰਮਨ ਭੇਜਿਆ ਸੀ। ਇਸ ਤੋਂ ਪਹਿਲਾਂ 13 ਨਵੰਬਰ ਨੂੰ ਐੱਨ. ਸੀ. ਬੀ. ਨੇ ਉਸ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਸੀ। ਐੱਨ. ਸੀ. ਬੀ. ਨੇ ਇਸ ਮਾਮਲੇ ’ਚ ਗ੍ਰਿਫਤਾਰ ਕੁਝ ਲੋਕਾਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਰਾਮਪਾਲ ਨੂੰ ਸੰਮਨ ਜਾਰੀ ਕੀਤਾ ਹੈ। ਐੱਨ. ਸੀ. ਬੀ. ਨੇ ਪਿਛਲੇ ਮਹੀਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਬਾਂਦਰਾ ਸਥਿਤ ਰਾਮਪਾਲ ਦੇ ਘਰ ਛਾਪਾ ਮਾਰਿਆ ਸੀ ਤੇ ਕੁਝ ਇਲੈਕਟ੍ਰਾਨਿਕ ਉਪਕਰਨ ਤੇ ਦਵਾਈਆਂ ਜ਼ਬਤ ਕੀਤੀਆਂ ਸਨ।
ਅਰਜੁਨ ਹੁਣ 22 ਦਸੰਬਰ ਨੂੰ ਸਵੇਰੇ 11 ਵਜੇ ਜਾਂਚ ਲਈ ਆਵੇਗਾ। ਅਰਜੁਨ ਨੂੰ ਕੁਝ ਦਿਨ ਪਹਿਲਾਂ ਆਪਣੀ ਪ੍ਰੇਮਿਕਾ ਗੈਬਰੀਏਲਾ ਨਾਲ ਏਅਰਪੋਰਟ ’ਤੇ ਸਪਾਟ ਕੀਤਾ ਗਿਆ ਸੀ। ਹਾਲਾਂਕਿ ਇਹ ਪਤਾ ਨਹੀਂ ਹੈ ਕਿ ਉਹ ਇਸ ਸਮੇਂ ਕਿਥੇ ਹਨ ਤੇ ਕਿਹੜੇ ਕਾਰਨਾਂ ਕਰਕੇ ਉਸ ਨੇ ਪੇਸ਼ ਹੋਣ ਲਈ ਸਮਾਂ ਮੰਗਿਆ ਹੈ। ਏਜੰਸੀ ਨੇ ਪਿਛਲੇ ਮਹੀਨੇ ਦੋ ਦਿਨਾਂ ਲਈ ਰਾਮਪਾਲ ਦੀ ਪ੍ਰੇਮਿਕਾ ਗੈਬਰੀਏਲਾ ਡੀਮੇਟ੍ਰਾਈਡਜ਼ ਤੋਂ ਪੁੱਛਗਿੱਛ ਕੀਤੀ ਸੀ। ਗੈਬਰੀਏਲਾ ਦੇ ਭਰਾ ਐਜੀਸੀਲੋਸ ਡੇਮੇਟ੍ਰੀਅਡਜ਼ ਨੂੰ ਅਕਤੂਬਰ ਮਹੀਨੇ ’ਚ ਲੋਨਾਵਲਾ ਦੇ ਇਕ ਰਿਜ਼ੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ’ਤੇ ਦੋਸ਼ ਹੈ ਕਿ ਉਹ ਨਸ਼ਾ ਤਸਕਰਾਂ ਨਾਲ ਸੰਪਰਕ ’ਚ ਹੈ। ਰਾਮਪਾਲ ਦੇ ਦੋਸਤ ਪਾਲ ਬਰਟਲ ਨੂੰ ਵੀ ਐੱਨ. ਸੀ. ਬੀ. ਨੇ ਨਸ਼ੇ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਜੂਨ ਮਹੀਨੇ ’ਚ ਹੋਈ ਮੌਤ ਤੋਂ ਬਾਅਦ ਐੱਨ. ਸੀ. ਬੀ. ਨੇ ਬਾਲੀਵੁੱਡ ’ਚ ਵਟਸਐਪ ਚੈਟ ਦੇ ਆਧਾਰ ’ਤੇ ਨਸ਼ਿਆਂ ਦੀ ਕਥਿਤ ਵਰਤੋਂ ਦੀ ਜਾਂਚ ਸ਼ੁਰੂ ਕੀਤੀ। ਕੇਂਦਰੀ ਏਜੰਸੀ ਨੇ ਇਸ ਤੋਂ ਪਹਿਲਾਂ ਰਾਜਪੂਤ ਦੀ ਪ੍ਰੇਮਿਕਾ ਅਦਾਕਾਰਾ ਰੀਆ ਚੱਕਰਵਰਤੀ, ਉਸ ਦੇ ਭਰਾ ਸ਼ੌਵਿਕ, ਮਰਹੂਮ ਅਦਾਕਾਰ ਦੇ ਕੁਝ ਕਰਮਚਾਰੀਆਂ ਤੇ ਕੁਝ ਹੋਰ ਲੋਕਾਂ ਨੂੰ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਸੀ। ਰੀਆ ਚੱਕਰਵਰਤੀ ਤੇ ਕੁਝ ਹੋਰ ਮੁਲਜ਼ਮ ਇਸ ਸਮੇਂ ਜ਼ਮਾਨਤ ’ਤੇ ਬਾਹਰ ਹਨ।
ਨੋਟ– ਅਰਜੁਨ ਰਾਮਪਾਲ ਦੇ ਡਰੱਗਸ ਕੇਸ ’ਤੇ ਆਪਣੇ ਵਿਚਾਰ ਕੁਮੈਂਟ ਕਰਕੇ ਜ਼ਰੂਰ ਸਾਂਝੇ ਕਰੋ।